ਵਿਰੋਧੀਆਂ ਨੂੰ ਅਕਾਲੀ ਦਲ ’ਤੇ ਹੱਲਾ ਬੋਲਣ ਦਾ ਮੌਕਾ ਮਿਲਿਆ
22 ਸਤੰਬਰ, 2026 – ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਦਰਜ ਮਾਮਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਰੰਗ ’ਚ ਭੰਗ ਪਾ ਦਿੱਤੀ ਹੈ। ਜਦੋਂ ਇਨ੍ਹਾਂ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਸਿਆਸੀ ਰੈਲੀਆਂ ’ਚ ਜੁਟਿਆ ਹੋਇਆ ਸੀ ਤਾਂ ਠੀਕ ਉਸ ਵੇਲੇ ਚਾਵਲਾ ਖ਼ਿਲਾਫ਼ ਦਰਜ ਮਾਮਲੇ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਾਵਲਾ ਦੇ ਮਾਮਲੇ ਨੇ ਸ਼੍ੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾ ਦਿੱਤੀ ਹੈ। ਸਿਆਸੀ ਵਿਰੋਧੀਆਂ ਨੂੰ ਸ਼੍ਰੋਮਣੀ ਅਕਾਲੀ ਦਲ ’ਤੇ ਹੱਲਾ ਬੋਲਣ ਦਾ ਇਸ ਮਾਮਲੇ ਨੇ ਇੱਕ ਹੋਰ ਵੱਡਾ ਮੌਕਾ ਦੇ ਦਿੱਤਾ ਹੈ।
ਅਕਾਲ ਤਖ਼ਤ ਤੋਂ ਬਿਨਾਂ ਕਿਸੇ ਦੇਰੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਛੇਕ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੁਅੱਤਲੀ ਦੀ ਕਾਰਵਾਈ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਲਈ ਦਿਖਾਈ ਕਾਹਲ ਤੋਂ ਜਾਪਦਾ ਹੈ ਕਿ ਚਾਵਲਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਢਾਹ ਲਾ ਸਕਦਾ ਹੈ।
ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਪਿਛਲੀ ਸਾਜ਼ਿਸ਼ ਦੀ ਜਾਂਚ ਮੰਗੀ ਹੈ। ਸਿੱਖ ਹਲਕਿਆਂ ’ਚ ਸ਼੍ਰੋਮਣੀ ਕਮੇਟੀ ਦੇ ਨਿਵਾਸ ਕੰਪਲੈਕਸ ਵਿੱਚ ਅਜਿਹੀ ਘਟਨਾ ਵਾਪਰਨ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਤੇ ਨਿਗਰਾਨੀ ’ਤੇ ਵੀ ਉਂਗਲ ਉੱਠ ਰਹੀ ਹੈ।
ਮਣੀ ਅਕਾਲੀ ਦਲ ਜਦੋਂ ਸਿਆਸੀ ਤੌਰ ’ਤੇ ਉੱਭਰਨ ਲਈ ਹੰਭਲਾ ਮਾਰਦਾ ਹੈ, ਕੋਈ ਨਾ ਕੋਈ ਮਾਮਲਾ ਰਾਹ ਰੋਕ ਲੈਂਦਾ ਹੈ। ਥੋੜ੍ਹੇ ਦਿਨ ਪਹਿਲਾਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਦੇ ਬੁਢਲਾਡਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਈ ਹੈ। ਦੱਸਣਯੋਗ ਹੈ ਕਿ ਅਮਰਜੀਤ ਸਿੰਘ ਚਾਵਲਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਚਾਵਲਾ ਇਸ ਵੇਲੇ ਵਿਦੇਸ਼ ’ਚ ਹਨ। ਪੰਜਾਬ ਸਰਕਾਰ ’ਤੇ ਵੀ ਇਸ ਮਾਮਲੇ ’ਤੇ ਉਂਗਲ ਉੱਠ ਰਹੀ ਹੈ।
‘ਆਪ’ ਨੇ ਅਕਾਲੀ ਆਗੂਆਂ ਦੀ ਚੁੱਪ ’ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਦਲ ਦੇ ਸਾਬਕਾ ਆਗੂ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਹੋਏ ਕੇਸ ਬਾਰੇ ਅਕਾਲੀ ਆਗੂਆਂ ਦੀ ਚੁੱਪੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਔਰਤ ਨੂੰ ਕਈ ਮਹੀਨਿਆਂ ਤੱਕ ਐੱਸ ਜੀ ਪੀ ਸੀ ਦੀ ਸਰਾਂ ਵਿੱਚ ਕਿਵੇਂ ਠਹਿਰਾਇਆ ਗਿਆ। ਔਰਤ ਵੱਲੋਂ ਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲ ਸ਼ਿਕਾਇਤ ਕੀਤੀ ਪਰ ਧਾਮੀ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਹੋਏ ਕੇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਮੇਰਾ ਪੱਖ ਸੁਣੇ ਬਿਨਾਂ ਪੰਥ ’ਚੋਂ ਛੇਕਿਆ: ਚਾਵਲਾ
ਅਮਰਜੀਤ ਸਿੰਘ ਚਾਵਲਾ ਨੇ ਇਸ ਗੱਲ ’ਤੇ ਇਤਰਾਜ਼ ਕੀਤਾ ਹੈ ਕਿ ਉਸ ਦਾ ਪੱਖ ਸੁਣੇ ਬਿਨਾਂ ਹੀ ਉਸ ਨੂੰ ਪੰਥ ’ਚੋਂ ਛੇਕ ਦਿੱਤਾ ਹੈ ਜਦੋਂ ਕਿ ਸੁੱਚਾ ਸਿੰਘ ਲੰਗਾਹ ਦੇ ਮਾਮਲੇ ’ਚ ਪਹਿਲਾਂ ਕਮੇਟੀ ਬਣਾਈ ਗਈ ਸੀ।
ਪੰਜਾਬੀ ਟ੍ਰਿਬਯੂਨ