ਮੀਂਹ ਕਾਰਨ ਖੇਤਾਂ ’ਚ ਖਡ਼੍ਹੀ ਅਤੇ ਮੰਡੀਆਂ ’ਚ ਪਈ ਝੋਨੇ ਦੀ ਫਸਲ ਭਿੱਜੀ; ਤਾਪਮਾਨ 6 ਤੋਂ 7 ਡਿਗਰੀ ਹੇਠਾਂ ਡਿੱਗਿਆ
29 ਸਤੰਬਰ, 2026 – ਚੰਡੀਗੜ੍ਹ : ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਸਵੇਰੇ ਮੌਸਮ ਦਾ ਮਿਜ਼ਾਜ ਇਕਦਮ ਬਦਲ ਗਿਆ। ਠੰਢੀਆਂ ਹਵਾਵਾਂ ਚੱਲਣ ਤੋਂ ਬਾਅਦ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪਿਆ। ਮੀਂਹ ਕਰ ਕੇ ਤਾਪਮਾਨ ਵਿੱਚ ਭਾਰੀ ਨਿਘਾਰ ਦਰਜ ਕੀਤਾ ਗਿਆ। ਇਸ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ, ਕਿਉਂਕਿ ਕੁਝ ਕਿਸਾਨਾਂ ਦੀ ਝੋਨੇ ਦੀ ਫਸਲ ਖੇਤਾਂ ’ਚ ਪੱਕੀ ਖੜ੍ਹੀ ਹੈ ਤਾਂ ਕੁਝ ਕੁ ਕਿਸਾਨਾਂ ਦੀ ਫਸਲ ਮੰਡੀਆਂ ’ਚ ਪਹੁੰਚ ਚੁੱਕੀ ਹੈ। ਅਜਿਹੇ ਵਿੱਚ ਪੈ ਰਿਹਾ ਮੀਂਹ ਤੇ ਤੇਜ਼ ਹਵਾਵਾਂ ਕਰ ਕੇ ਝੋਨੇ ਦੇ ਝਾੜ ’ਤੇ ਵੀ ਅਸਰ ਪੈ ਸਕਦਾ ਹੈ। ਉੱਧਰ ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚ ਚੁੱਕੀ ਝੋਨੇ ਦੀ ਫਸਲ ਵੀ ਭਿੱਜ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਅਗਲੇ ਚਾਰ-ਪੰਜ ਦਿਨ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ, ਅੱਜ ਪਏ ਮੀਂਹ ਨਾਲ ਆਮ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ। ਇਸ ਸਮੇਂ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਅਜਿਹੇ ਵਿੱਚ ਚੱਲੀਆਂ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਕਰ ਕੇ ਕਿਸਾਨਾਂ ਦੀ ਝੋਨੇ ਦੀ ਫਸਲ ਖੇਤਾਂ ਵਿੱਚ ਵਿਛਣ ਦੀਆਂ ਖ਼ਬਰਾਂ ਮਿਲੀਆਂ ਹਨ। ਅੱਜ ਪੰਜਾਬ ਦੇ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੁਹਾਲੀ, ਪਠਾਨਕੋਟ, ਰੂਪਨਗਰ, ਕਪੂਰਥਲਾ ਤੇ ਹੋਰਨਾਂ ਕਈ ਇਲਾਕਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੀਂਹ ਕਰ ਕੇ ਤਾਪਮਾਨ ’ਚ 6 ਤੋਂ 7 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਗਿਆ ਹੈ। ਅੱਜ ਮੁਹਾਲੀ ਤੇ ਚੰਡੀਗੜ੍ਹ ਸ਼ਹਿਰ ਦਿਨ ਸਮੇਂ ਸਭ ਤੋਂ ਠੰਢੇ ਰਹੇੇ। ਇੱਥੇ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਾਕੀ ਸ਼ਹਿਰਾਂ ਵਿੱਚ ਤਾਪਮਾਨ 26 ਤੋਂ 30 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ।
ਪੰਜਾਬੀ ਟ੍ਰਿਬਯੂਨ