ਅਨਾਜ ਭੰਡਾਰਨ ਦੇ ਸੰਕਟ ਵਿਚਾਲੇ ਖ਼ਰੀਦ ਪ੍ਰਬੰਧ ਮੁਕੰਮਲ; 180 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ
01 ਅਕਤੂਬਰ, 2026 – ਚੰਡੀਗੜ੍ਹ : ਪੰਜਾਬ ’ਚ ਅਨਾਜ ਭੰਡਾਰਨ ਦੇ ਸੰਕਟ ਦਰਮਿਆਨ ਝੋਨੇ ਦੀ ਸਰਕਾਰੀ ਖ਼ਰੀਦ ਭਲਕੇ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ; ਹਾਲਾਂਕਿ ਪੁਰਾਣੇ ਅਨਾਜ ਨਾਲ ਸੂਬੇ ਦੇ ਗੁਦਾਮ ਨੱਕੋ ਨੱਕ ਭਰੇ ਪਏ ਹਨ। ਸੂਬਾ ਸਰਕਾਰ ਨੇ ਐਤਕੀਂ 180 ਲੱਖ ਮੀਟਰਿਕ ਟਨ ਜੀਰੀ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਹੈ ਜਦੋਂ ਕਿ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੈਣ ਕਾਰਨ 156 ਲੱਖ ਮੀਟਰਿਕ ਟਨ ਜੀਰੀ ਖ਼ਰੀਦੀ ਗਈ ਸੀ। ਝੋਨੇ ਦੇ ਸੀਜ਼ਨ ਦੌਰਾਨ ਇਸ ਵਾਰ ਬਿਜਲੀ ਸਪਲਾਈ ਦੀ ਕਿੱਲਤ ਬਣੀ ਰਹੀ ਜਿਸ ਕਰ ਕੇ ਕਿਸਾਨਾਂ ਨੂੰ ਫ਼ਸਲ ਪਾਲਣ ’ਚ ਔਖ ਵੀ ਝੱਲਣੀ ਪਈ।
‘ਆਪ’ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਫ਼ਸਲੀ ਖ਼ਰੀਦ ਸੀਜ਼ਨ ਹੈ ਜਿਸ ਦੇ ਪ੍ਰਬੰਧਾਂ ਉੱਤੇ ਵਿਰੋਧੀ ਪਾਰਟੀਆਂ ਦੀ ਤਿੱਖੀ ਨਜ਼ਰ ਰਹੇਗੀ। ਸਰਕਾਰ ਇਸ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਦੀ ਨਾਰਾਜ਼ਗੀ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੀ। ਮੀਂਹ ਘੱਟ ਪੈਣ ਕਾਰਨ ਵੀ ਕਿਸਾਨਾਂ ਦੇ ਫ਼ਸਲੀ ਲਾਗਤ ਖ਼ਰਚਿਆਂ ’ਚ ਵਾਧਾ ਹੋਇਆ ਹੈ। ਸੂਬੇ ’ਚ 1886 ਖ਼ਰੀਦ ਕੇਂਦਰ ਬਣਾਏ ਗਏ ਹਨ ਅਤੇ ਪੰਜਾਬ ਮੰਡੀ ਬੋਰਡ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ 42786.68 ਕਰੋੜ ਦੀ ਹੱਦ ਕਰਜ਼ਾ ਲਿਮਟ ਵੀ ਜਾਰੀ ਕਰ ਦਿੱਤੀ ਗਈ ਹੈ। ਬਾਰਦਾਨੇ ਦੀਆਂ ਕਰੀਬ ਪੰਜ ਲੱਖ ਗੱਠਾਂ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਿਆ ਹੈ। ਸ਼ੈਲਰ ਮਾਲਕਾਂ ਨੇ ਫ਼ਿਲਹਾਲ ਝੋਨੇ ਦੀ ਸਰਕਾਰੀ ਖ਼ਰੀਦ ਦੇ ਵਿਰੋਧ ਬਾਰੇ ਕੋਈ ਸੰਕੇਤ ਨਹੀਂ ਦਿੱਤੇ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਸੀਜ਼ਨ ’ਚ 85 ਫ਼ੀਸਦੀ ਝੋਨੇ ਦੀ ਛੜਾਈ ਕਰਨ ਵਾਲੇ ਸ਼ੈਲਰਾਂ ਨੂੰ ਝੋਨੇ ਦੀ ਨਵੀਂ ਅਲਾਟਮੈਂਟ ਦਿੱਤੀ ਜਾਣੀ ਹੈ।
ਸਰਕਾਰੀ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦਾ 105 ਲੱਖ ਮੀਟਰਿਕ ਟਨ ਚੌਲ ਡਲਿਵਰ ਕੀਤਾ ਜਾਣਾ ਸੀ ਅਤੇ ਸ਼ੈਲਰਾਂ ਵੱਲੋਂ 99 ਲੱਖ ਮੀਟਰਿਕ ਟਨ ਦੀ ਮਿਲਿੰਗ ਕੀਤੀ ਜਾ ਚੁੱਕੀ ਹੈ।
ਪੰਜਾਬ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਕਿਹਾ ਕਿ ਕਰੀਬ 15 ਫ਼ੀਸਦੀ ਝੋਨੇ ਦੀ ਛੜਾਈ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਮਾਲਵੇ ਤੇ ਦੋਆਬੇ ’ਚ ਜ਼ਿਆਦਾ ਹਾਈਬ੍ਰਿਡ ਕਿਸਮ ਦੀ ਬਿਜਾਂਦ ਹੈ ਜਿਸ ਦੀ ਟੁੱਟ ਜ਼ਿਆਦਾ ਬਣਦੀ ਹੈ। ਇਸ ਮਾਮਲੇ ’ਤੇ ਦਿੱਕਤ ਆ ਸਕਦੀ ਹੈ। ਸਰਕਾਰ ਵੱਲੋਂ ਹੋਰ ਸੂਬਿਆਂ ਤੋਂ ਆਉਣ ਵਾਲੀ ਜੀਰੀ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਲਾਉਣ ਦੇ ਇੰਤਜ਼ਾਮ ਵੀ ਕੀਤੇ ਗਏ ਹਨ ਜੋ ਪੰਜਾਬ ਪੁਲੀਸ ਤੇ ਮੰਡੀ ਬੋਰਡ ਦੀ ਸਾਂਝੀ ਮੁਹਿੰਮ ਹੋਵੇਗੀ। ਬੇਸ਼ੱਕ ਝੋਨੇ ਦੀ ਸਰਕਾਰੀ ਖ਼ਰੀਦ ਭਲਕ ਤੋਂ ਸ਼ੁਰੂ ਹੋਣੀ ਹੈ ਪਰ ਕਈ ਖ਼ਰੀਦ ਕੇਂਦਰਾਂ ’ਚ ਜਿਣਸ ਪਹਿਲਾਂ ਹੀ ਆ ਚੁੱਕੀ ਹੈ।
ਕਿਸਾਨਾਂ ਨੂੰ ਕੋਈ ਔਕੜ ਨਹੀਂ ਆਉਣ ਦਿਆਂਗੇ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਣਸ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਤੁਰੰਤ ਨਿਬੇੜੇ ਲਈ ਕੰਟਰੋਲ ਰੂਮ (0172-5101649) ਸਥਾਪਤ ਕੀਤਾ ਗਿਆ ਹੈ। ਸੂਬੇ ’ਚ 1886 ਖ਼ਰੀਦ ਕੇਂਦਰ ਬਣਾਏ ਗਏ ਹਨ ਅਤੇ ਫ਼ਸਲ ਦੀ ਆਮਦ ਦੇ ਲਿਹਾਜ਼ ਨਾਲ ਆਰਜ਼ੀ ਮੰਡੀਆਂ ਵੀ ਨੋਟੀਫਾਈ ਕੀਤੀਆਂ ਜਾਣਗੀਆਂ।
ਪੰਜਾਬੀ ਟ੍ਰਿਬਯੂਨ