ਸਪਲਾਈ ਡੇਢ ਮਹੀਨੇ ਤੋਂ ਬੰਦ; ਕੌਂਸਲ ਤੇ ਜਨ ਸਿਹਤ ਵਿਭਾਗ ’ਤੇ ਲਾਪਰਵਾਹੀ ਦੇ ਦੋਸ਼ ਲਾਏ
01 ਅਕਤੂਬਰ, 2026 – ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਯੋਗਤਾ ਗੁੰਬਰ ਦੇ ਆਪਣੇ ਹੀ ਵਾਰਡ ਨੰਬਰ 11 ਦੇ ਨਾਕਾ ਨੰਬਰ 7 ਦੇ ਵਸਨੀਕ ਪਿਛਲੇ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਨਗਰ ਕੌਂਸਲ ਵੱਲੋਂ ਨਵੀਆਂ ਪਾਈਪਾਂ ਪਾਉਣ ਸਮੇਂ ਲੋਕਾਂ ਦੇ ਘਰਾਂ ਦੀ ਪਹਿਲਾਂ ਤੋਂ ਚੱਲ ਰਹੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਜੋ ਅਜੇ ਤੱਕ ਬਹਾਲ ਨਹੀਂ ਕੀਤੀ ਗਈ।
ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਗਲੀ ਵਾਸੀ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਕੌਰ, ਛਿੰਦਰ ਕੌਰ ਅਤੇ ਭੋਲੀ ਕੌਰ ਤੇ ‘ਆਪ’ ਆਗੂ ਸੁਨੀਤਾ ਭੰਮ ਨੇ ਦੱਸਿਆ ਕਿ ਨਗਰ ਕੌਂਸਲ ਦੀ ਪ੍ਰਧਾਨ ਯੋਗਤਾ ਗੁੰਬਰ, ਸਬੰਧਤ ਠੇਕੇਦਾਰ ਅਤੇ ਜਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਇਸ ਗੰਭੀਰ ਸਮੱਸਿਆ ਬਾਰੇ ਕਈ ਵਾਰ ਦੱਸਿਆ ਗਿਆ, ਪਰ ਡੇਢ ਮਹੀਨਾ ਬੀਤਣ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਆਸ-ਪਾਸ ਦੇ ਘਰਾਂ ਅਤੇ ਗੁਰਦੁਆਰੇ ਦੇ ਨਲਕਿਆਂ ਤੋਂ ਬਾਲਟੀਆਂ ਭਰ ਕੇ ਪਾਣੀ ਲਿਆਉਣ ਲਈ ਮਜਬੂਰ ਹਨ। ਇੱਥੋਂ ਤੱਕ ਕਿ ਕੱਪੜੇ ਧੋਣ ਵਰਗੀਆਂ ਆਮ ਲੋੜਾਂ ਲਈ ਵੀ ਦੂਰ-ਦੁਰਾਡੇ ਦੇ ਘਰਾਂ ਤੋਂ ਰੋਜ਼ਾਨਾ ਪਾਣੀ ਢੋਹ ਕੇ ਲਿਆਉਣਾ ਪੈ ਰਿਹਾ ਹੈ।
ਨਗਰ ਕੌਂਸਲ ਅਤੇ ਜਨ ਸਿਹਤ ਵਿਭਾਗ ਦੀ ਇਸ ਗੰਭੀਰ ਲਾਪਰਵਾਹੀ ’ਤੇ ਰੋਸ ਜ਼ਾਹਰ ਕਰਦਿਆਂ ਇਲਾਕਾ ਵਾਸੀਆਂ ਨੇ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਅੱਗੇ ਘਿਰਾਓ ਕਰ ਕੇ ਧਰਨਾ ਦੇਣਗੇ। ਜਨ ਸਿਹਤ ਵਿਭਾਗ ਦੇ ਐੱਸ ਡੀ ਓ ਜਗਮੋਹਨ ਸਿੰਘ ਨੇ ਮੰਨਿਆ ਕਿ ਇਹ ਸਮੱਸਿਆ ਪਹਿਲਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਆਈ ਸੀ ਅਤੇ ਉਨ੍ਹਾਂ ਕਰਮਚਾਰੀਆਂ ਨੂੰ ਸਪਲਾਈ ਚਾਲੂ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇ ਅਜੇ ਤੱਕ ਵੀ ਸਪਲਾਈ ਸ਼ੁਰੂ ਨਹੀਂ ਹੋਈ ਤਾਂ ਉਹ ਤੁਰੰਤ ਕਾਰਵਾਈ ਕਰ ਕੇ ਇਸ ਨੂੰ ਚਾਲੂ ਕਰਵਾਉਣਗੇ।
ਮਸਲੇ ਦਾ ਹੱਲ ਕਰਾਂਗੇ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੀ ਪ੍ਰਧਾਨ ਯੋਗਤਾ ਗੁੰਬਰ ਨੇ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆ ਗਈ ਹੈ ਅਤੇ ਉਹ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਦੇਣਗੇ।
ਪੰਜਾਬੀ ਟ੍ਰਿਬਯੂਨ