44 ਸਾਲਾਂ ਬਾਅਦ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ ਬਲਜੀਤ ਕੌਰ; ਮਜ਼ਦੂਰ ਪਿਤਾ ਨੇ ਧੀ ਨੂੰ ਹਾਕੀ ਖੇਡਣ ਤੋਂ ਕਦੇ ਨਹੀਂ ਰੋਕਿਆ
03 ਅਕਤੂਬਰ, 2026 – ਜਲੰਧਰ : Baljit Kaur Tarn Taran hockey: ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਤਿਹਾਸਕ ਜਿੱਤ ਮਗਰੋਂ ਤਰਨ ਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ 25 ਸਾਲਾ ਖਿਡਾਰਨ ਬਲਜੀਤ ਕੌਰ ਨੇ ਕਿਹਾ ਕਿ, ‘ਚਾਂਦੀ ਨਹੀਂ, ਸੋਨਾ ਤਗਮਾ ਹੀ ਚਾਹੀਦਾ ਸੀ। ਮੈਨੂੰ ਪਤਾ ਸੀ ਕਿ ਅਸੀਂ ਸੋਨ ਤਗਮਾ ਜਿੱਤਾਂਗੇ।’’ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਤਿਹਾਸਕ ਜਿੱਤ ਮਗਰੋਂ ਬਲਜੀਤ ਕੌਰ ਦੇ ਇਹ ਸ਼ਬਦ ਉਸ ਦੇ ਆਤਮ-ਵਿਸ਼ਵਾਸ ਅਤੇ ਸਾਲਾਂ ਦੀ ਮਿਹਨਤ ਦੀ ਕਹਾਣੀ ਬਿਆਨ ਕਰਦੇ ਹਨ। ਜਪਾਨ ਵਿੱਚ ਭਾਰਤੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਬਲਜੀਤ ਕੌਰ ਇਸ ਟੀਮ ਵਿੱਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਸੀ।
ਬਲਜੀਤ ਨੂੰ ਪਹਿਲਾਂ ਹੀ ਪਤਾ ਸੀ ਕਿ ਸੋਨ ਤਗਮਾ ਜਿੱਤ ਕੇ ਉਹ ਘਰ ਪਰਤੇਗੀ। ਉਸ ਨੇ ਆਪਣੇ ਵੱਡੇ ਭਰਾ ਦਲਸ਼ੇਰ ਸਿੰਘ, ਜੋ ਟੈਕਸੀ ਚਲਾਉਂਦਾ ਹੈ, ਨੂੰ ਘਰ ਵਾਪਸੀ ’ਤੇ ਢੋਲ ਵਜਾ ਕੇ ਸਵਾਗਤ ਕਰਨ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ। ਉਸ ਲਈ ਇਹ ਸਿਰਫ਼ ਇੱਕ ਤਗਮਾ ਨਹੀਂ, ਸਗੋਂ ਉਸ ਸੰਘਰਸ਼ ਦਾ ਨਤੀਜਾ ਸੀ ਜਿਸ ਵਿੱਚ ਪਰਿਵਾਰ ਨੂੰ ਕਈ ਵਾਰ ਦੋ ਵਕਤ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਔਖੀਆਂ ਹੁੰਦੀਆਂ ਸਨ।
ਚੰਗੀ ਖੁਰਾਕ ਲਈ ਵੀ ਕਰਨਾ ਪੈਂਦਾ ਸੀ ਸੰਘਰਸ਼
ਬਲਜੀਤ ਦੇ ਪਿਤਾ ਲਖਵਿੰਦਰ ਸਿੰਘ ਮਜ਼ਦੂਰੀ ਕਰਦੇ ਸਨ। ਆਰਥਿਕ ਹਾਲਾਤ ਅਜਿਹੇ ਸਨ ਕਿ ਕੋਚ ਵੱਲੋਂ ਖਿਡਾਰੀਆਂ ਨੂੰ ਰੋਜ਼ ਵਧੀਆ ਖਾਣਾ ਅਤੇ ਬਦਾਮ ਖਾਣ ਦੀ ਸਲਾਹ ਮੰਨਣਾ ਵੀ ਕਈ ਵਾਰ ਮੁਸ਼ਕਲ ਹੋ ਜਾਂਦਾ ਸੀ।
ਬਲਜੀਤ ਨੇ ਦੱਸਿਆ ਕਿ ਕੋਚ ਰੋਜ਼ ਕਾਲੇ ਛੋਲੇ ਅਤੇ ਬਦਾਮ ਖਾਣ ਲਈ ਕਹਿੰਦੇ ਸਨ। ਜਦੋਂ ਕਿ ਉਸ ਕੋਲ ਇਨ੍ਹਾਂ ਲਈ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਹੋਰ ਖਿਡਾਰਨਾਂ ਕੋਲੋਂ ਕੁਝ ਛੋਲੇ ਤੇ ਬਦਾਮ ਮੰਗ ਲੈਂਦੀ ਸੀ ਤਾਂ ਜੋ ਕੋਚ ਨੂੰ ਲੱਗੇ ਕਿ ਉਸ ਨੇ ਖੁਰਾਕ ਪੂਰੀ ਕੀਤੀ ਹੈ।
ਉਸ ਨੇ ਕਿਹਾ ਕਿ ਪਿਤਾ ਦੀ ਕਮਾਈ ਜ਼ਿਆਦਾ ਨਹੀਂ ਸੀ, ਪਰ ਉਨ੍ਹਾਂ ਨੇ ਕਦੇ ਉਸ ਨੂੰ ਹਾਕੀ ਛੱਡਣ ਲਈ ਨਹੀਂ ਕਿਹਾ। ਉਹ ਹਮੇਸ਼ਾ ਉਸ ਨੂੰ ਉਤਸ਼ਾਹਿਤ ਕਰਦੇ ਰਹੇ। ਬਲਜੀਤ ਲਈ ਪਿਤਾ ਕੋਲੋਂ ਪੈਸੇ ਮੰਗਣਾ ਵੀ ਸੌਖਾ ਨਹੀਂ ਸੀ। ਉਸ ਨੂੰ ਪਤਾ ਸੀ ਕਿ ਪਿਤਾ ਲਈ ਪੈਸੇ ਇਕੱਠੇ ਕਰਨੇ ਮੁਸ਼ਕਲ ਹਨ।
ਰਿਸ਼ਤੇਦਾਰ ਨੂੰ ਖੇਡਦਾ ਦੇਖ ਕੇ ਹਾਕੀ ਨਾਲ ਜੁੜੀ
ਬਲਜੀਤ ਨੇ ਦੱਸਿਆ ਕਿ ਹਾਕੀ ਨਾਲ ਉਸ ਦਾ ਨਾਤਾ ਆਪਣੇ ਆਪ ਬਣ ਗਿਆ ਸੀ। ਉਸ ਦੀ ਇੱਕ ਰਿਸ਼ਤੇਦਾਰ ਹਾਕੀ ਖੇਡਦੀ ਸੀ। ਉਹ ਉਸ ਨੂੰ ਸਵੇਰੇ ਜੁੱਤੇ ਪਾ ਕੇ ਖੇਡਣ ਜਾਂਦਿਆਂ ਦੇਖਦੀ ਸੀ ਅਤੇ ਇਸੇ ਤੋਂ ਉਸ ਅੰਦਰ ਵੀ ਹਾਕੀ ਖੇਡਣ ਦੀ ਚਿਣਗ ਜਗਾਈ।
ਉਸ ਦੇ ਵੱਡੇ ਭਰਾ ਦਲਸ਼ੇਰ ਸਿੰਘ ਨੇ ਦੱਸਿਆ ਕਿ ਇੱਕ ਸਮੇਂ ਉਹ ਖੁਦ ਆਪਣੇ ਪਿਤਾ ਨੂੰ ਪੁੱਛਦਾ ਸੀ ਕਿ ਬਲਜੀਤ ਦੀ ਹਾਕੀ ’ਤੇ ਪੈਸੇ ਕਿਉਂ ਖਰਚ ਕੀਤੇ ਜਾ ਰਹੇ ਹਨ। ਉਸ ਨੂੰ ਲੱਗਦਾ ਸੀ ਕਿ ਬਲਜੀਤ ਪੜ੍ਹਾਈ ਤੋਂ ਬਚਣ ਲਈ ਹਾਕੀ ਖੇਡ ਰਹੀ ਹੈ ਅਤੇ ਪਿਤਾ ਪੈਸੇ ਖ਼ਰਚ ਕਰ ਰਹੇ ਹਨ। ਅੱਜ ਉਹੀ ਸਵਾਲ ਮਾਣ ਵਿੱਚ ਬਦਲ ਚੁੱਕਾ ਹੈ। ਬਲਜੀਤ ਦੀ ਏਸ਼ਿਆਈ ਖੇਡਾਂ ਦੀ ਸੋਨੇ ਦੀ ਜਿੱਤ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਪੰਜਾਬੀ ਟ੍ਰਿਬਯੂਨ