ਰਾਤ ਨੂੰ ਵੀ ਸੜਕ ’ਤੇ ਡਟੀਆਂ ਹਜ਼ਾਰਾਂ ਮਹਿਲਾਵਾਂ!
ਸੰਗਰੂਰ ਪਹੁੰਚੀਆਂ ਆਂਗਣਵਾੜੀ ਵਰਕਰਾਂ ਵੱਲੋਂ ਬਠਿੰਡਾ–ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ।
03 ਅਕਤੂਬਰ, 2026 – ਸੰਗਰੂਰ: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਤੋਂ ਸੰਗਰੂਰ ਪਹੁੰਚੀਆਂ ਆਂਗਣਵਾੜੀ ਵਰਕਰਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਇਆ ਧਰਨਾ ਰਾਤ 8 ਵਜੇ ਤੱਕ ਵੀ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਮਹਿਲਾਵਾਂ ਹਾਈਵੇ ’ਤੇ ਬੈਠ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰ ਰਹੀਆਂ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਧਰਨੇ ਵਾਲੀ ਥਾਂ ’ਤੇ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਲਈ ਬੁਨਿਆਦੀ ਸਹੂਲਤਾਂ ਦੇ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਆਏ ਸਨ ਪਰ ਇਸ ਦੇ ਬਾਵਜੂਦ ਲਾਈਟਾਂ, ਪੀਣ ਵਾਲਾ ਪਾਣੀ, ਮੋਬਾਈਲ ਟਾਇਲਟ, ਐਂਬੂਲੈਂਸ ਅਤੇ ਮੁੱਢਲੀ ਸਹਾਇਤਾ ਵਰਗੀਆਂ ਸਹੂਲਤਾਂ ਮੌਜੂਦ ਨਹੀਂ ਹਨ। ਊਸ਼ਾ ਰਾਣੀ ਨੇ ਪ੍ਰਸ਼ਾਸਨ ਦੇ ਇਸ ਰਵੱਈਏ ਦੀ ਨਿੰਦਾ ਕੀਤੀ।
“ਸਾਡੀ ਯੂਨੀਅਨ ਦੀ ਮੰਤਰੀ ਨਾਲ 10 ਮੀਟਿੰਗਾਂ, ਕੈਬਨਿਟ ਸਬ–ਕਮੇਟੀ ਨਾਲ 3 ਮੀਟਿੰਗਾਂ ਅਤੇ ਮੁੱਖ ਮੰਤਰੀ ਨਾਲ 2 ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਹੋਈ ਚਰਚਾ ਅਤੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਗਿਆ। ਰਸਮੀ ਮੀਟਿੰਗ ਦੀ ਬਜਾਏ ਪੈਨਲ ਮੀਟਿੰਗ ਕੀਤੀ ਜਾਵੇ ਅਤੇ ਸਾਡੀਆਂ ਮੰਗਾਂ ਦਾ ਹੱਲ ਕੱਢਿਆ ਜਾਵੇ।”–ਊਸ਼ਾ ਰਾਣੀ ,ਪ੍ਰਧਾਨ,ਆਂਗਣਵਾੜੀ ਵਰਕਰ ਯੂਨੀਅਨ
ਪ੍ਰਦਰਸ਼ਨਕਾਰੀਆਂ ਦੀਆਂ ਕੀ ਨੇ ਮੰਗਾਂ ?
ਆਂਗਣਵਾੜੀ ਵਰਕਰਾਂ ਦੀਆਂ ਮੁੱਖ ਮੰਗਾਂ ਵਿੱਚ ਚੋਣਾਂ ਦੌਰਾਨ ਕੀਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰਨਾ, ਮਾਣ-ਭੱਤਾ ਦੁੱਗਣਾ ਕਰਨਾ ਅਤੇ ਅਪ੍ਰੈਲ 2022 ਦੇ ਗ੍ਰੈਚੂਟੀ ਸਬੰਧੀ ਆਰਡਰ ਨੂੰ ਲਾਗੂ ਕਰਨਾ ਸ਼ਾਮਲ ਹੈ। ਯੂਨੀਅਨ ਦੀ ਮੰਗ ਹੈ ਕਿ ਹੋਰ ਸੂਬਿਆਂ ਦੀ ਤਰ੍ਹਾਂ ਆਂਗਣਵਾੜੀ ਵਰਕਰਾਂ ਨੂੰ 5 ਲੱਖ ਰੁਪਏ ਤੱਕ ਗ੍ਰੈਚੂਟੀ ਦਾ ਲਾਭ ਦਿੱਤਾ ਜਾਵੇ। ਇਸ ਤੋਂ ਇਲਾਵਾ ਵਰਕਰ ਤੋਂ ਸੁਪਰਵਾਈਜ਼ਰ ਅਤੇ ਹੈਲਪਰ ਤੋਂ ਵਰਕਰ ਦੀਆਂ ਤਰੱਕੀਆਂ ਦੀਆਂ ਸੂਚੀਆਂ ਜਲਦ ਜਾਰੀ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਦੀ ਚਿਤਾਵਨੀ
ਆਂਗਣਵਾੜੀ ਕੇਂਦਰਾਂ ਦੀਆਂ ਬੁਨਿਆਦੀ ਸਹੂਲਤਾਂ ਦਾ ਮੁੱਦਾ ਵੀ ਯੂਨੀਅਨ ਵੱਲੋਂ ਚੁੱਕਿਆ ਗਿਆ। ਊਸ਼ਾ ਰਾਣੀ ਨੇ ਕਿਹਾ ਕਿ ICDS ਨੂੰ 51 ਸਾਲ ਹੋ ਗਏ ਹਨ, ਪਰ ਅਜੇ ਵੀ ਕਈ ਕੇਂਦਰਾਂ ਕੋਲ ਆਪਣੀਆਂ ਇਮਾਰਤਾਂ, ਬਿਜਲੀ ਅਤੇ ਪਾਣੀ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰਾਂ ਦੇ ਪ੍ਰਬੰਧ ਲਈ ਵਰਕਰਾਂ ਨੂੰ ਖੁਦ ਪੰਚਾਇਤਾਂ ਅਤੇ ਸਰਪੰਚਾਂ ਕੋਲ ਜਾਣਾ ਪੈਂਦਾ ਹੈ। ਊਸ਼ਾ ਰਾਣੀ ਮੁਤਾਬਕ ਦਿਨ ਦੇ ਸਮੇਂ ਕਰੀਬ 15 ਤੋਂ 16 ਹਜ਼ਾਰ ਮਹਿਲਾਵਾਂ ਧਰਨੇ ਵਿੱਚ ਪਹੁੰਚੀਆਂ ਸਨ, ਜਦਕਿ ਰਾਤ ਨੂੰ ਵੀ ਲਗਭਗ 5 ਤੋਂ 6 ਹਜ਼ਾਰ ਆਂਗਣਵਾੜੀ ਵਰਕਰ ਹਾਈਵੇ ’ਤੇ ਡਟੀਆਂ ਹੋਈਆਂ ਹਨ। ਯੂਨੀਅਨ ਨੇ ਕਿਹਾ ਕਿ ਸਵੇਰੇ ਹੋਰ ਵਰਕਰਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਮੰਗਾਂ ਸਬੰਧੀ ਠੋਸ ਕਾਰਵਾਈ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।
ETV BHARAT