ਡੀ ਐੱਫ਼ ਐੱਸ ਸੀ ਨੇ ਜ਼ੁਬਾਨੀ ਹੁਕਮਾਂ ’ਤੇ ਪਨਸਪ ਦੀ ਖ਼ਰੀਦ ਬੰਦ ਕੀਤੀ
05 ਅਕਤੂਬਰ, 2026 – ਰਈਆ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਇਕ ਅਕਤੂਬਰ ਤੋ ਸ਼ੁਰੂ ਕਰਵਾ ਦਿੱਤੀ ਗਈ ਹੈ ਪਰ ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਸ਼ੈਲਰ ਮਾਲਕਾਂ, ਵਪਾਰੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਸਰਕਾਰੀ ਖ਼ਰੀਦ ਰੇਟ ਨਾਲੋਂ 200 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ’ਤੇ ਖ਼ਰੀਦ ਕੀਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਡੀ ਐੱਫ਼ ਐੱਸ ਸੀ ਵੱਲੋਂ ਜ਼ੁਬਾਨੀ ਹੁਕਮਾਂ ’ਤੇ ਪਨਸਪ ਖ਼ਰੀਦ ਏਜੰਸੀ ਨੂੰ ਸਥਾਨਕ ਅਨਾਜ ਮੰਡੀ ਤੋਂ ਖ਼ਰੀਦ ਕਰਨ ਦੀ ਮਨਾਹੀ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ 2461 ਪ੍ਰਤੀ ਕੁਵਿੰਟਲ ਖ਼ਰੀਦਣ ਦੇ ਵਾਅਦੇ ਨਾਲ ਕਿਸਾਨਾਂ ਦਾ ਇਕ ਇਕ ਦਾਣਾ ਖ਼ਰੀਦਣ ਦਾ ਐਲਾਨ ਕੀਤਾ ਹੈ। ਦੂਸਰੇ ਪਾਸੇ ਸ਼ੈਲਰ ਮਾਲਕ, ਪ੍ਰਾਈਵੇਟ ਵਪਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਨਾਲ ਮਿਲ ਕੇ 17% ਨਮੀ ਵਾਲਾ ਝੋਨਾ ਵੱਧ ਤੋਂ ਵੱਧ ਰੇਟ 2250 ਰੁਪਏ ਵਿਚ ਖਰੀਦਿਆ ਜਾ ਰਿਹਾ ਹੈ, ਆਮ ਤੌਰ ਤੋ 2000 ਤੋ ਲੈ ਕੇ 2250 ਰੁਪਏ ਤੱਕ ਹੀ ਖ਼ਰੀਦ ਕੀਤੀ ਜਾਂਦੀ ਹੈ । ਵਪਾਰੀਆਂ ਵੱਲੋਂ ਝੋਨੇ ਨੂੰ ਹਾਈਬ੍ਰਿਡ ਕਿਸਮ ਦੱਸ ਕੇ ਲੁੱਟ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਪੀ ਆਰ 47, ਪੀ ਆਰ 110,121 ਕਿਸਮ ਝੋਨੇ ਦੀ ਵਪਾਰੀਆਂ ਵੱਲੋਂ 2300 ਰੁਪਏ ਪ੍ਰਤੀ ਕੁਵਿੰਟਲ ਤੋ ਵੱਧ ਰੇਟ ’ਤੇ ਖ਼ਰੀਦ ਨਹੀਂ ਕੀਤੀ ਜਾ ਰਹੀ। ਇਸੇ ਝੋਨੇ ਨੂੰ ਸਰਕਾਰੀ ਖ਼ਰੀਦ ਏਜੰਸੀਆਂ ਦੇ ਖਾਤੇ ਪਾ ਕੇ ਵੱਡਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਇਹ ਪਤਾ ਲੱਗਾ ਹੈ ਕਿ ਪਨਸਪ ਦੀ ਖ਼ਰੀਦ ਬੰਦ ਕਰਵਾਉਣ ਵਿਚ ਮੌਜੂਦਾ ਸਰਕਾਰ ਦੇ ਇਕ ਸਥਾਨਕ ਆਗੂ ਜੋ ਕਿ ਸ਼ੈਲਰ ਮਾਲਕ ਵੀ ਹੈ ਦਾ ਹੱਥ ਦੱਸਿਆ ਜਾ ਰਿਹਾ ਹੈ ।
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮੈਂਬਰ ਦਲਜੀਤ ਸਿੰਘ ਬਲ ਸਰਾਂ, ਕਰਮ ਸਿੰਘ ਬਲ ਸਰਾਂ ,ਚਰਨ ਸਿੰਘ ਕਲੇਰ,ਬਾਬਾ ਹਰਦੇਵ ਸਿੰਘ ਕਾਲੇਕੇ, ਭਗਵਾਨ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਵਪਾਰੀਆਂ ਵੱਲੋਂ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਜਿਸ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਸਬੰਧੀ ਡੀ ਐੱਮ ਪਨਸਪ ਅੰਮ੍ਰਿਤਸਰ ਦੀਪਕ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਡੀ ਐੱਫ਼ ਐੱਸ ਸੀ ਅੰਮ੍ਰਿਤਸਰ ਵੱਲੋਂ ਜ਼ੁਬਾਨੀ ਹੁਕਮ ਦੇ ਕੇ ਪਨਸਪ ਮਹਿਕਮੇ ਦੀ ਖ਼ਰੀਦ ਸਥਾਨਕ ਅਨਾਜ ਮੰਡੀ ਵਿਚੋਂ ਬੰਦ ਕੀਤੀ ਗਈ ਹੈ। ਇਸ ਦਾ ਕਾਰਨ ਨਹੀਂ ਦੱਸਿਆ। ਝੋਨੇ ਦੀ ਖ਼ਰੀਦ ਬੰਦ ਕਰਨ ਅਤੇ ਘੱਟ ਰੇਟ ’ਤੇ ਖ਼ਰੀਦ ਕੀਤੇ ਜਾਣ ਸਬੰਧੀ ਡੀ ਐੱਫ਼ ਐੱਸ ਸੀ ਜਤਿਨ ਵਰਮਾ ਨੇ ਦੱਸਿਆਂ ਕਿ ਕੁਝ ਸ਼ੈਲਰ ਮਾਲਕਾਂ ਦੀ ਮੰਗ ’ਤੇ ਪਨਸਪ ਦੀ ਖ਼ਰੀਦ ਬੰਦ ਕੀਤੀ ਗਈ ਹੈ ਪਰ ਉਹ ਘੱਟ ਰੇਟ ’ਤੇ ਝੋਨਾ ਖ਼ਰੀਦਣ ਸਬੰਧੀ ਜਵਾਬ ਤੋਂ ਟਾਲ਼ਾ ਵੱਟ ਗਏ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਰਾਹੀਂ ਘੱਟ ਰੇਟ ’ਤੇ ਖ਼ਰੀਦ ਕੀਤੀ ਗਈ ਹੈ ਪਰ ਸ਼ੈਲਰ ਮਾਲਕਾਂ ਦਾ ਜ਼ਿਕਰ ਨਹੀਂ ਕੀਤਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਬੰਧਿਤ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਹਨ ਅਤੇ ਕਿਸਾਨਾਂ ਦੀ ਫ਼ਸਲ ਪੂਰੇ ਰੇਟ ’ਤੇ ਖਰੀਦੀ ਜਾਵੇਗੀ।
ਪੰਜਾਬੀ ਟ੍ਰਿਬਯੂਨ