ਹਿਮਾਚਲ ਦੇ ਸਨਅਤੀ ਖੇਤਰਾਂ ਤੋਂ ਆ ਰਹੇ ਜ਼ਹਿਰੀਲੇ ਤੱਤਾਂ ਦੀ ਜਾਂਚ ਨਾ ਕਰਨ ’ਤੇ ਸਵਾਲ
05 ਅਕਤੂਬਰ, 2026 – ਰੂਪਨਗਰ : ਹਿਮਾਚਲ ਪ੍ਰਦੇਸ਼ ਦੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ (ਬੀ ਬੀ ਐੱਨ) ਸਨਅਤੀ ਖੇਤਰ ਤੋਂ ਸਰਸਾ ਅਤੇ ਸਤਲੁਜ ਦਰਿਆਵਾਂ ਵਿੱਚ ਆਉਣ ਵਾਲੇ ਰਸਾਇਣਕ ਅਤੇ ਭਾਰੀ ਧਾਤਾਂ ਦੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਕਥਿਤ ਤੌਰ ’ਤੇ ਨਾਕਾਮ ਰਹਿਣ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਰੂਪਨਗਰ ਤੋਂ ਹਾਕਮ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਰਸਾ ਨਦੀ, ਜੋ ਸਤਲੁਜ ਦੀ ਅਹਿਮ ਸਹਾਇਕ ਨਦੀ ਹੈ, ਹਿਮਾਚਲ ਦੇ ਸਨਅਤੀ ਖੇਤਰਾਂ ਵਿੱਚੋਂ ਵਹਿੰਦੀ ਹੋਈ ਰੋਪੜ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਨੇੜੇ ਸਤਲੁਜ ਦਰਿਆ ਵਿੱਚ ਮਿਲਦੀ ਹੈ। ਕਈ ਵਿਗਿਆਨਕ ਅਧਿਐਨਾਂ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਸਰਸਾ ਦਾ ਪਾਣੀ ਫਾਰਮਾਸਿਊਟੀਕਲ ਮਿਸ਼ਰਨਾਂ, ਪਾਰੇ, ਕ੍ਰੋਮੀਅਮ, ਕੈਡਮੀਅਮ, ਸਿੱਕੇ ਅਤੇ ਹੋਰ ਜ਼ਹਿਰੀਲੇ ਤੱਤਾਂ ਨਾਲ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸਾਲ 2024 ਵਿੱਚ ਆਏ ਅਧਿਐਨ ਦੀ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਸੀ ਕਿ ਨਦੀ ਦੇ ਪਾਣੀ ਵਿੱਚ ਸਿਪਰੋਫਲੋਕਸੀਨ ਅਤੇ ਸੈਟਰੀਜ਼ਿਨ ਵਰਗੇ ਕਈ ਖ਼ਤਰਨਾਕ ਤੱਤ ਮੌਜੂਦ ਹਨ, ਜੋ ਜਲ ਜੀਵਾਂ ਅਤੇ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ।
ਵਿਧਾਇਕ ਦਿਨੇਸ਼ ਚੱਢਾ ਨੇ ਆਪਣੇ ਪੱਤਰ ਵਿੱਚ ਦੋਸ਼ ਲਾਇਆ ਕਿ ਪੀ ਪੀ ਸੀ ਬੀ ਦੇ ਅਧਿਕਾਰੀ ਪਿਛਲੇ ਲੰਮੇ ਸਮੇਂ ਦੌਰਾਨ ਸਰਸਾ ਨਦੀ ਦੇ ਪਾਣੀ ਵਿੱਚ ਸਨਅਤੀ ਰਹਿੰਦ-ਖੂੰਹਦ ਦੇ ਖ਼ਤਰਨਾਕ ਰਸਾਇਣਾਂ ਅਤੇ ਭਾਰੀ ਧਾਤਾਂ ਦੀ ਲਗਾਤਾਰ ਜਾਂਚ ਕਰਨ ਵਿੱਚ ਨਾਕਾਮ ਰਹੇ ਹਨ। ਇਸ ਤੋਂ ਇਲਾਵਾ ਸਨਅਤੀ ਰਹਿੰਦ-ਖੂੰਹਦ ਦੇ ਨਾਲ-ਨਾਲ ਪਲਾਸਟਿਕ ਦੀਆਂ ਬੋਤਲਾਂ ਅਤੇ ਠੋਸ ਕੂੜਾ-ਕਰਕਟ ਵੀ ਨਦੀ ਰਾਹੀਂ ਪੰਜਾਬ ਵਿੱਚ ਦਾਖ਼ਲ ਹੋ ਰਿਹਾ ਹੈ, ਜਿਸ ਨਾਲ ਸਿੰਜਾਈ ਪ੍ਰਣਾਲੀ ਅਤੇ ਨਹਿਰੀ ਨੈੱਟਵਰਕ ਨੂੰ ਕਾਫ਼ੀ ਨੁਕਸਾਨ ਪਹੁੰਚ ਰਿਹਾ ਹੈ। ਪ੍ਰਦੂਸ਼ਣ ਦੇ ਇਸ ਮਾੜੇ ਪ੍ਰਭਾਵ ਕਾਰਨ ਪੰਜਾਬ ਦੇ ਵਾਤਾਵਰਨ ਅਤੇ ਸਿਹਤ ਪ੍ਰਤੀ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਦਰਿਆਣੀ ਪਾਣੀ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਗਿਆਨਕ ਜਾਂਚ ਦੇ ਆਧਾਰ ’ਤੇ ਲੋੜੀਂਦੇ ਕਦਮ ਚੁੱਕੇ ਜਾਣਗੇ।
ਫਲੋਟਿੰਗ ਬੈਰੀਅਰ ਲਾਉਣ ਦੀ ਤਜਵੀਜ਼ ’ਤੇ ਵਿਚਾਰ
ਸਮੱਸਿਆ ਨਾਲ ਨਜਿੱਠਣ ਲਈ ਸਿੰਜਾਈ ਵਿਭਾਗ ਵੱਲੋਂ ਰੂਪਨਗਰ ਹੈੱਡਵਰਕਸ ਨੇੜੇ ਫਲੋਟਿੰਗ ਬੈਰੀਅਰ ਲਾਉਣ ਦੀ ਤਜਵੀਜ਼ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਪਲਾਸਟਿਕ ਅਤੇ ਠੋਸ ਰਹਿੰਦ-ਖੂੰਹਦ ਨੂੰ ਪਾਣੀ ਵਿੱਚ ਜਾਣ ਤੋਂ ਰੋਕਿਆ ਜਾ ਸਕੇ। ਵਾਤਾਵਰਨ ਪ੍ਰੇਮੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਪ੍ਰਦੂਸ਼ਣ ਨਹਿਰੀ ਪ੍ਰਬੰਧਨ ਰਾਹੀਂ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚ ਰਿਹਾ ਹੈ। ਇਸ ਮੁੱਦੇ ’ਤੇ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਿਪਨ ਕੁਮਾਰ ਜਿੰਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਅਤੇ ਵ੍ਹਟਸਐਪ ਸੁਨੇਹੇ ਭੇਜਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਪੰਜਾਬੀ ਟ੍ਰਿਬਯੂਨ