Parwinder Jhota Murder: ਸੰਦੇਸ਼ ਰਾਹੀਂ ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਵਿਰੁੱਧ ਸੋਚ ਅਤੇ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੁਨੇਹਾ
16 ਅਕਤੂਬਰ, 2026 – ਮਾਨਸਾ : ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸ਼ਵਨੀ ਦੀ ਦੁਕਾਨ ਨੂੰ ਤੋੜੇ ਜਾਣ ਤੋਂ ਬਾਅਦ ਉੱਥੇ ਪਰਵਿੰਦਰ ਸਿੰਘ ਝੋਟਾ ਦਾ ਬੈਨਰ ਲਗਾਇਆ ਗਿਆ ਹੈ। ਇਸ ਬੈਨਰ ਉੱਤੇ ਲਿਖਿਆ ਸੰਦੇਸ਼ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਬੈਨਰ ਉੱਤੇ ਲਿਖਿਆ ਗਿਆ ਹੈ, “ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।” ਇਸ ਸੰਦੇਸ਼ ਰਾਹੀਂ ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਵਿਰੁੱਧ ਸੋਚ ਅਤੇ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਦੁਕਾਨ ਨੂੰ ਤੋੜੇ ਜਾਣ ਅਤੇ ਉੱਥੇ ਝੋਟਾ ਦੇ ਬੈਨਰ ਲਗਾਏ ਜਾਣ ਦੀ ਘਟਨਾ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ। ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਅਤੇ ਚਰਚਾ ਜਾਰੀ ਹੈ।
ਬੈਨਰ ਉੱਤੇ ਲਿਖੇ ਸ਼ਬਦਾਂ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਵਿਚਾਰਾਂ ਨੂੰ ਜਿਉਂਦਾ ਰੱਖਣਾ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੂਨ ਪਰਵਿੰਦਰ ਝੋਟਾ ਨੂੰ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਸੂਬੇ ਵਿੱਚ ਵੱਡੇ ਪੱਧਰ ’ਤੇ ਰੋਸ ਫੈਲ ਗਿਆ ਅਤੇ ਵੀਰਵਾਰ ਨੂੰ ਪੰਜਾਬ ਬੰਦ ਰੱਖਿਆ ਗਿਆ।
ਪੰਜਾਬੀ ਟ੍ਰਿਬਯੂਨ