Romanch Mahajan Death: ਪਠਾਨਕੋਟ ਦੇ ਨੌਜਵਾਨ ਰੋਮਾਂਚ ਮਹਾਜਨ ਦੀ ਹੋਈ ਸੀ ਮੌਤ; ਜੂਨ 2028 ਤੱਕ ਸੈਂਟਰਲ ਪਾਰਕ ਵਿੱਚ ਬੰਦ ਹੋ ਜਾਵੇਗਾ ਬੱਘੀਆਂ ਦਾ ਸੰਚਾਲਨ
24 ਅਕਤੂਬਰ, 2026 – ਨਿਊਯਾਰਕ/ ਚੰਡੀਗੜ੍ਹ : Romanch Mahajan Death: ਨਿਊਯਾਰਕ ਸ਼ਹਿਰ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਬੱਘੀਆਂ ਦੀ ਸਵਾਰੀ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਸਾਲ ਗਰਮੀਆਂ ਦੌਰਾਨ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਨਾਲ ਵਾਪਰੀ ਘਟਨਾ ਵਿੱਚ ਪੰਜਾਬ ਦੇ ਪਠਾਨਕੋਟ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਇਸ ਪਾਬੰਦੀ ਲਈ ਮੁੜ ਕੋਸ਼ਿਸ਼ਾਂ ਤੇਜ਼ ਹੋ ਗਈਆਂ ਸਨ। ਜ਼ਿਕਰਯੋਗ ਹੈ ਕਿ ਰੋਮਾਂਚ ਪਠਾਨਕੋਟ ਦੀ ਇੰਦਰਾ ਕਲੋਨੀ ਦੇ ਕਾਰੋਬਾਰੀ ਦੀਪਕ ਮਹਾਜਨ ਦਾ ਪੁੱਤਰ ਸੀ।
ਦੱਸਣਾ ਬਣਦਾ ਹੈ ਕਿ ਰੋਮਾਂਚ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ, ਮਾਤਾ ਪ੍ਰੀਆ ਮਹਾਜਨ ਅਤੇ ਛੋਟੇ ਭਰਾ ਮਾਣਕ ਨਾਲ ਸੈਂਟਰਲ ਪਾਰਕ ਵਿੱਚ ਘੋੜਾ ਗੱਡੀ ਦੀ ਸਵਾਰੀ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਫੋਟੋ ਖਿੱਚਣ ਲਈ ਘੋੜਾ ਗੱਡੀ ਦੇ ਚਾਲਕ ਨੂੰ ਮੋਬਾਈਲ ਫੜਾਇਆ, ਤਾਂ ਕੈਮਰੇ ਦੀ ਫਲੈਸ਼ ਵੱਜਣ ਕਾਰਨ ਘੋੜਾ ਭੜਕ ਗਿਆ ਅਤੇ ਤੇਜ਼ੀ ਨਾਲ ਦੌੜ ਪਿਆ। ਇਸ ਦੌਰਾਨ ਉਸ ਦੀ ਮਾਂ ਹੇਠਾਂ ਡਿੱਗ ਗਈ। ਆਪਣੀ ਮਾਂ ਨੂੰ ਬਚਾਉਣ ਲਈ ਰੋਮਾਂਚ ਵੀ ਗੱਡੀ ਤੋਂ ਉਤਰ ਕੇ ਪਿੱਛੇ ਭੱਜਿਆ, ਪਰ ਅੱਗੇ ਜਾ ਕੇ ਘੋੜਾ ਗੱਡੀ ਪਲਟ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਨਿਊਯਾਰਕ ਨਗਰ ਕੌਂਸਲ ਨੇ ‘ਰੋਮਾਂਚ ਕਾਨੂੰਨ’ ਨੂੰ ਮਨਜ਼ੂਰੀ ਦਿੱਤੀ। ਇਸ ਤਹਿਤ ਪਹਿਲੀ ਜੂਨ 2028 ਤੱਕ ਸੈਂਟਰਲ ਪਾਰਕ ਵਿੱਚ ਬੱਘੀਆਂ ਦਾ ਸੰਚਾਲਨ ਪੜਾਅਵਾਰ ਢੰਗ ਨਾਲ ਬੰਦ ਕਰ ਦਿੱਤਾ ਜਾਵੇਗਾ। ਬਿੱਲ ਦੇ ਹੱਕ ਵਿੱਚ 40 ਅਤੇ ਵਿਰੋਧ ਵਿੱਚ ਸੱਤ ਵੋਟਾਂ ਪਈਆਂ, ਜਦਕਿ ਦੋ ਮੈਂਬਰ ਵੋਟਿੰਗ ਤੋਂ ਗ਼ੈਰ-ਹਾਜ਼ਰ ਰਹੇ। ਹੁਣ ਇਹ ਬਿੱਲ ਦਸਤਖ਼ਤ ਲਈ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਕੋਲ ਭੇਜਿਆ ਜਾਵੇਗਾ।
18 ਸਾਲਾ ਰੋਮਾਂਚ ਦੇ ਨਾਂ ’ਤੇ ਰੱਖਿਆ ਕਾਨੂੰਨ
ਇਸ ਕਾਨੂੰਨ ਦਾ ਨਾਂ ਭਾਰਤ ਤੋਂ ਆਏ 18 ਸਾਲਾ ਸੈਲਾਨੀ ਰੋਮਾਂਚ ਮਹਾਜਨ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਸਾਲ ਗਰਮੀਆਂ ਵਿੱਚ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਤੋਂ ਡਿੱਗਣ ਮਗਰੋਂ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਘੋੜਾ-ਗੱਡੀਆਂ ਦੀ ਸੁਰੱਖਿਆ ਅਤੇ ਇਸ ਉਦਯੋਗ ਨੂੰ ਜਾਰੀ ਰੱਖਣ ਬਾਰੇ ਚਰਚਾ ਮੁੜ ਤੇਜ਼ ਕਰ ਦਿੱਤੀ ਸੀ।
ਰੋਮਾਂਚ ਦੀ ਮੌਤ ਤੋਂ ਤੁਰੰਤ ਬਾਅਦ ਨਗਰ ਕੌਂਸਲ ਨੇ ਇਸ ਬਾਰੇ ਸੁਣਵਾਈ ਕੀਤੀ ਸੀ। ਇਸ ਦੌਰਾਨ ਬੱਘੀਆਂ ਦੀ ਪ੍ਰਥਾ ਨੂੰ ਪੜਾਅਵਾਰ ਖ਼ਤਮ ਕਰਨ ਲਈ ਸੰਭਾਵੀ ਕਾਨੂੰਨੀ ਕਦਮਾਂ ਅਤੇ ਬੱਘੀ ਮਾਲਕਾਂ ਤੇ ਚਾਲਕਾਂ ਦੀ ਰਾਇ ’ਤੇ ਵਿਚਾਰ ਕੀਤਾ ਗਿਆ।
ਕਾਮਿਆਂ ਦੀ ਰੋਜ਼ੀ–ਰੋਟੀ ਦਾ ਵੀ ਰੱਖਿਆ ਜਾਵੇਗਾ ਧਿਆਨ
ਨਗਰ ਕੌਂਸਲ ਨੇ ਕਿਹਾ ਕਿ ਅਗਲੇ 19 ਮਹੀਨਿਆਂ ਦੌਰਾਨ ਇਸ ਉਦਯੋਗ ਨੂੰ ਪੜਾਅਵਾਰ ਬੰਦ ਕੀਤਾ ਜਾਵੇਗਾ। ਇਸ ਤਬਦੀਲੀ ਦੌਰਾਨ ਕਾਮਿਆਂ ਦੀ ਰੋਜ਼ੀ-ਰੋਟੀ ਅਤੇ ਘੋੜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਪ੍ਰਬੰਧ ਕੀਤੇ ਜਾਣਗੇ।
ਨਗਰ ਕੌਂਸਲ ਦੀ ਪ੍ਰਧਾਨ ਜੂਲੀ ਮੇਨਿਨ ਨੇ ਬਿੱਲ ਦੇ ਪਾਸ ਹੋਣ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਰੋਮਾਂਚ ਦੀ ਦੁਖਦਾਈ ਅਤੇ ਟਾਲੀ ਜਾ ਸਕਣ ਵਾਲੀ ਮੌਤ ਨੇ ਲੰਮੇ ਸਮੇਂ ਤੋਂ ਉੱਠ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਦੀ ਲੋੜ ਉਜਾਗਰ ਕੀਤੀ ਹੈ।
ਪੰਜਾਬੀ ਟ੍ਰਿਬਯੂਨ