Asian Para Games: 30 ਸੋਨੇ, 35 ਚਾਂਦੀ ਅਤੇ 49 ਕਾਂਸੇ ਦੇ ਤਗ਼ਮੇ ਜਿੱਤ ਕੇ ਇਤਿਹਾਸ ਰਚਿਆ; ਐਥਲੈਟਿਕਸ ਵਿੱਚ ਸਭ ਤੋਂ ਵੱਧ 65 ਤਗ਼ਮੇ ਝੋਲੀ ਪਏ
24 ਅਕਤੂਬਰ, 2026 – ਨਾਗੋਆ : ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 114 ਤਗ਼ਮਿਆਂ ਦੇ ਰਿਕਾਰਡ ਅੰਕੜੇ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸਮਾਪਤੀ ਕੀਤੀ ਹੈ। ਭਾਰਤ ਨੇ 30 ਸੋਨੇ, 35 ਚਾਂਦੀ ਅਤੇ 49 ਕਾਂਸੇ ਦੇ ਤਗ਼ਮੇ ਜਿੱਤ ਕੇ ਤਗ਼ਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ।
ਇਸ ਵਾਰ ਭਾਰਤ ਦੇ 168 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸਾਲ 2023 ਦੀਆਂ ਖੇਡਾਂ ਦੇ 108 ਤਗ਼ਮਿਆਂ (27 ਸੋਨੇ) ਦਾ ਰਿਕਾਰਡ ਤੋੜ ਦਿੱਤਾ। ਮੁਹਿੰਮ ਦੇ ਆਖ਼ਰੀ ਦਿਨ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬੈਡਮਿੰਟਨ ਅਤੇ ਐਥਲੈਟਿਕਸ ’ਚੋਂ ਰਿਕਾਰਡ ਨੌਂ ਸੋਨ ਤਗ਼ਮੇ ਆਏ। ਐਥਲੈਟਿਕਸ ਵਿੱਚ ਭਾਰਤ ਨੇ 65 ਤਗ਼ਮੇ ਜਿੱਤੇ।
ਪੁਰਸ਼ਾਂ ਦੇ 400 ਮੀਟਰ ਟੀ64 ਮੁਕਾਬਲੇ ਵਿੱਚ ਸੰਦੀਪ ਨੇ 52.28 ਸਕਿੰਟ ਅਤੇ ਜੈਵਲਿਨ ਥਰੋਅ ਐੱਫ37/38 ਵਿੱਚ ਹਨੀ ਨੇ 60.49 ਮੀਟਰ ਦੂਰ ਨੇਜ਼ਾ ਸੁੱਟ ਕੇ ਆਲਮੀ ਰਿਕਾਰਡ ਬਣਾਉਂਦਿਆਂ ਸੋਨੇ ਦੇ ਤਗ਼ਮੇ ਜਿੱਤੇ। 400 ਮੀਟਰ ਵਿੱਚ ਅਜੈ ਕੁਮਾਰ ਨੇ 53.61 ਸਕਿੰਟ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਐੱਫ42-44/61-64 ਵਿੱਚ 72.46 ਮੀਟਰ ਦੀ ਥਰੋਅ ਨਾਲ ਲਗਾਤਾਰ ਦੂਜੀ ਵਾਰ ਸੋਨਾ ਜਿੱਤਿਆ।
ਇਸੇ ਵਰਗ ਵਿੱਚ ਮਹਿੰਦਰ ਗੁੱਜਰ ਨੇ ਚਾਂਦੀ ਅਤੇ ਸੰਜੈ ਸੰਦੀਪ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਕਲੱਬ ਥਰੋਅ ਵਿੱਚ ਪ੍ਰਣਵ ਸੂਰਮਾ ਨੇ 32.87 ਮੀਟਰ ਦੇ ਰਿਕਾਰਡ ਨਾਲ ਸੋਨਾ, ਜਦਕਿ ਮਹਿਲਾ ਲੰਮੀ ਛਾਲ ਟੀ47 ਵਿੱਚ ਨਿਮਿਸ਼ਾ ਅਤੇ 1500 ਮੀਟਰ ਟੀ46 ਦੌੜ ਵਿੱਚ ਪ੍ਰਮੋਦ ਬਿਜਾਰਨੀਆ ਨੇ ਚਾਂਦੀ ਦੇ ਤਗ਼ਮੇ ਜਿੱਤੇ। ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਐੱਸ ਐੱਲ3 ਦੇ ਫਾਈਨਲ ਵਿੱਚ ਨਿਤੇਸ਼ ਕੁਮਾਰ ਨੇ ਪ੍ਰਮੋਦ ਭਗਤ ਨੂੰ ਹਰਾ ਕੇ ਸੋਨਾ ਅਤੇ ਪ੍ਰਮੋਦ ਨੇ ਚਾਂਦੀ ਜਿੱਤੀ।
ਐੱਸ ਐੱਲ 4 ਵਿੱਚ ਨਵੀਨ ਸਿਵਕੁਮਾਰ ਨੇ ਸੋਨ ਤਗ਼ਮਾ ਹਾਸਲ ਕੀਤਾ। ਮਹਿਲਾ ਡਬਲਜ਼ ਐੱਸ ਐੱਲ3-ਐੱਸ ਯੂ5 ਵਿੱਚ ਤੁਲਸੀਮਤੀ ਮੁਰੂਗੇਸਨ ਅਤੇ ਮਾਨਸੀ ਜੋਸ਼ੀ ਨੇ ਚੀਨ ਦੀ ਜੋੜੀ ਨੂੰ ਹਰਾ ਕੇ ਸੋਨਾ ਜਿੱਤਿਆ। ਤੁਲਸੀਮਤੀ ਨੇ ਮਹਿਲਾ ਸਿੰਗਲਜ਼ ਅਤੇ ਨਿਤੇਸ਼ ਨਾਲ ਮਿਕਸਡ ਡਬਲਜ਼ ਵਿੱਚ ਦੋ ਚਾਂਦੀ ਦੇ ਤਗ਼ਮੇ ਵੀ ਜਿੱਤੇ।
ਨਿਸ਼ਾਨੇਬਾਜ਼ੀ ਦੇ ਮਹਿਲਾ 50 ਮੀਟਰ ਰਾਈਫਲ 3 ਪੁਜ਼ੀਸ਼ਨ ਐੱਸ ਐੱਚ1 ਮੁਕਾਬਲੇ ਵਿੱਚ ਮੋਨਾ ਅਗਰਵਾਲ ਨੇ 357.5 ਅੰਕਾਂ ਦੇ ਸੰਸਾਰ ਰਿਕਾਰਡ ਨਾਲ ਆਪਣਾ ਦੂਜਾ ਸੋਨ ਤਗ਼ਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਹਰਵਿੰਦਰ ਸਿੰਘ ਅਤੇ ਵਿਜੈ ਸੁੰਦੀ ਦੀ ਜੋੜੀ ਨੇ ਚੀਨ ਨੂੰ 5-1 ਨਾਲ ਹਰਾ ਕੇ ਪੁਰਸ਼ ਡਬਲਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ, ਜਦਕਿ ਮਹਿਲਾ ਡਬਲਜ਼ ਵਿੱਚ ਭਾਵਨਾ ਚੌਧਰੀ ਅਤੇ ਪੂਜਾ ਜਾਤਿਆਨ ਨੂੰ ਚਾਂਦੀ ਮਿਲੀ। ਤੈਰਾਕੀ ਵਿੱਚ ਭਾਰਤ ਨੇ 3 ਚਾਂਦੀ ਅਤੇ 8 ਕਾਂਸੇ ਸਮੇਤ 11 ਤਗ਼ਮੇ ਜਿੱਤੇ। ਨੇਤਰਹੀਣ ਹਿਮਾਂਸ਼ੂ ਨੰਦਲ ਨੇ ਕਾਂਸੇ ਦਾ ਤਗ਼ਮਾ ਜਿੱਤ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ।
ਪੰਜਾਬੀ ਟ੍ਰਿਬਯੂਨ