ਪਹਿਲੀ ਨਵੰਬਰ ਦਿਨ-ਰਾਤ ਚੱਲੇਗਾ ਮੇਲਾ
31 ਅਕਤੂਬਰ, 2026 – ਜਲੰਧਰ : ਸ਼ਮ੍ਹਾਂ ਰੌਸ਼ਨ ਕਰਕੇ ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਅਤੇ ਵਿਛੜੇ ਸਾਥੀਆਂ ਨੂੰ ਸ਼ਹੀਦ ਜੈਮਲ ਪੱਡਾ ਦੇ ਬੋਲਾਂ ਨਾਲ ਸਿਜਦਾ ਕਰਦੇ ਹੋਏ ਅੱਜ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ ਹੋ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੀ ਨਵੰਬਰ ਸਾਰਾ ਦਿਨ ਤੇ ਸਾਰੀ ਰਾਤ ਚੱਲਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਮੁਲਕ ਦੇ ਭਖ਼ਦੇ ਸੁਆਲਾਂ ਨੂੰ ਵਿਚਾਰ-ਚਰਚਾ ਅਤੇ ਕਲਾ ਕਿਰਤਾਂ ਦੇ ਮਾਧਿਅਮ ਰਾਹੀਂ ਮੁਖ਼ਾਤਬ ਹੋਏਗਾ।
ਅੱਜ ਪਹਿਲੇ ਦਿਨ ਪੈਨਲ ਵਿਚਾਰ-ਚਰਚਾ ਹੋਈ, ਜਿਸ ਵਿੱਚ ਸ਼ਿਵੰਦਰ, ਰਾਜਿੰਦਰ ਭਦੌੜ, ਡਾ. ਲਖਵਿੰਦਰ ਜੌਹਲ, ਰਵਿੰਦਰ ਕੌਰ ਜਨ ਚੇਤਨਾ ਨੇ ਭਾਗ ਲਿਆ, ਜਿਸ ਦਾ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ। 31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ, ਤਰਕਸ਼ੀਲ ਕਲਾ ਵੰਨਗੀਆਂ ਤੋਂ ਇਲਾਵਾ ਪ੍ਰਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾਂ ਦੇ ਮੁੱਖ ਬੁਲਾਰੇ ਹੋਣਗੇ। ਸ਼ਾਮ 4 ਵਜੇ ਪੁਸਤਕ ਲੋਕ ਅਰਪਣ, ਕਵੀ ਦਰਬਾਰ ਤੇ ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ’ਚੜ੍ਹਦੀ ਕਲਾ’ (ਨਿਰਦੇਸ਼ਕ ਨਕੁਲ ਸਾਹਨੀ) ਹੋਏਗਾ।
ਪਹਿਲੀ ਨਵੰਬਰ ਨੂੰ ਸਵੇਰੇ ਕਮੇਟੀ ਮੈਂਬਰ ਦਰਸ਼ਨ ਖਟਕੜ ਵੱਲੋਂ ਝੰਡਾ ਲਹਿਰਾਉਣ ਅਤੇ ਸੰਬੋਧਨ ਕਰਨ ਉਪਰੰਤ ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਸੰਗੀਤ ਨਾਟ ਓਪਰਾ: ਝੰਡੇ ਦਾ ਗੀਤ ‘ਬਦਲ ਦਿਓ ਸਮਾਜ’ 100 ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ। ਇਸ ਉਪਰੰਤ ਬੱਬਰ ਅਕਾਲੀ ਲਹਿਰ ਦਾ ਪ੍ਰਸੰਗ: ਹੱਲੇ ਦਾ ਦੀਵਾਨ ਭੈਣੀ ਸਾਹਿਬ ਤੋਂ ਜੱਥੇਦਾਰ ਗੁਰਲਾਲ ਸਿੰਘ ਅਤੇ ਸਾਥੀ ਪੇਸ਼ ਕਰਨਗੇ। ਮੇਲੇ ’ਚ ਡਾ. ਨਵਸ਼ਰਨ ਮੁਲਕ ਨੂੰ ਦਰਪੇਸ਼ ਤਿੱਖੀਆਂ ਵੰਗਾਰਾਂ ਬਾਰੇ ਸਾਡੇ ਸਰੋਕਾਰਾਂ ਬਾਰੇ ਵਿਚਾਰ ਸਾਂਝੇ ਕਰਨਗੇ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਮੇਲੇ ਦੇ ਉਦਘਾਟਨੀ ਸਮਾਗਮ ’ਚ ਵਿਚਾਰ ਸਾਂਝੇ ਕੀਤੇ।
ਪੰਜਾਬੀ ਟ੍ਰਿਬਯੂਨ