ਪਿੰਡ ਵਾਸੀਆਂ ਵੱਲੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ
04 ਨਵੰਬਰ, 2026 – ਏਲਨਾਬਾਦ : ਪਿੰਡ ਅੰਮ੍ਰਿਤਸਰ ਕਲਾਂ ਵਿੱਚ ਆਵਾਰਾ ਕੁੱਤਿਆਂ ਤੋਂ ਤੰਗ ਆਏ ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ, ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੱਤਰ ਲਿਖਕੇ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਜਿਸ ਨਾਲ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਪਿੰਡ ਦੀ ਏਲਨਾਬਾਦ ਰੋਡ, ਅੰਮ੍ਰਿਤਸਰ ਖੁਰਦ ਰੋਡ, ਬੁੱਢੀਮਾੜੀ ਰੋਡ ਅਤੇ ਘੱਗਰ ਨਦੀ ਰੋਡ ਸਮੇਤ ਹੋਰ ਰਸਤਿਆਂ ’ਤੇ ਵੱਡੀ ਗਿਣਤੀ ਵਿੱਚ ਖ਼ਤਰਨਾਕ ਆਵਾਰਾ ਕੁੱਤੇ ਘੁੰਮਦੇ ਹਨ ਜਿਸ ਕਾਰਨ ਲੋਕ ਪਰੇਸ਼ਾਨ ਹਨ। ਪਿਛਲੇ ਮਹੀਨੇ ਦੌਰਾਨ ਹੀ ਪਿੰਡ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਬੀਤੀ 4 ਅਕਤੂਬਰ ਨੂੰ ਕੁਲਵੰਤ ਕੌਰ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ ਸੀ ਜਿਸ ਦਾ ਟੀਕਾਕਰਨ ਚੱਲ ਰਿਹਾ ਹੈ। ਉਸੇ ਦਿਨ ਬਲਜੀਤ ਕੌਰ ’ਤੇ ਵੀ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ।
ਇੱਕ ਬਿਹਾਰੀ ਮਜ਼ਦੂਰ ਰਾਜੂ ਸਾਹਨੀ ’ਤੇ ਵੀ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ ਜਦਕਿ 17 ਅਕਤੂਬਰ ਨੂੰ ਭੁਪਿੰਦਰ ਸਿੰਘ ’ਤੇ ਖੇਤਾਂ ਤੋਂ ਵਾਪਸ ਆਉਂਦੇ ਸਮੇਂ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ। ਇਸੇ ਤਰ੍ਹਾਂ 22 ਅਕਤੂਬਰ ਨੂੰ ਸੁਭਾਸ਼ ਚੰਦਰ ਤੇ ਸ਼ਾਮ ਨੂੰ ਘਰ ਵਾਪਸ ਆਉਂਦੇ ਸਮੇਂ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਦੀਦਾਰ ਸਿੰਘ ਦੀ ਵੱਛੀ ਨੂੰ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਮਾਰ ਦਿੱਤਾ ਜਦਕਿ ਪਲਵਿੰਦਰ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪਿੰਡ ਵਾਸੀ ਲਖਵਿੰਦਰ ਸਿੰਘ ’ਤੇ ਵੀ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ 31 ਅਕਤੂਬਰ ਦੀ ਘਟਨਾ ਵਿੱਚ ਸ਼ਾਮਲ ਕੁੱਤਿਆਂ ਵਿੱਚੋਂ ਇੱਕ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਜੋ ਕਿ ਕੁੱਤੇ ਦੇ ਹਲਕੇ ਹੋਣ ਦਾ ਸੰਕੇਤ ਹੈ। ਇਸ ਕੁੱਤੇ ਨੇ ਹੋਰ ਅਵਾਰਾ ਕੁੱਤਿਆਂ ਨੂੰ ਵੀ ਕੱਟਿਆ ਹੈ ਜਿਸ ਕਾਰਨ ਪਿੰਡ ਵਿੱਚ ਰੇਬੀਜ਼ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ।
ਪਿੰਡ ਵਾਸੀਆਂ ਨੇ ਸਿਰਸਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ, ਮੁੱਖ ਮੈਡੀਕਲ ਅਫਸਰ ਸਿਰਸਾ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਏਲਨਾਬਾਦ, ਐੱਸ ਡੀ ਐੱਮ ਏਲਨਾਬਾਦ ਅਤੇ ਡਿਪਟੀ ਕਮਿਸ਼ਨਰ ਸਿਰਸਾ ਨੂੰ ਪੱਤਰ ਲਿਖ ਕੇ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੱਢਣ ਦੀ ਮੰਗ ਕੀਤੀ ਹੈ।
ਪੰਜਾਬੀ ਟ੍ਰਿਬਯੂਨ