ਜਾਪਾਨ ਨਾਲ ਹੋਵੇਗਾ ਮੁਕਾਬਲਾ
ਸੈਮੀਫਾਈਨਲ ਮੈਚਾਂ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਗੋਲਾਂ ਨਾਲ ਅਤੇ ਜਪਾਨ ਨੇ ਮਲੇਸ਼ੀਆ ਨੂੰ ਪੈਨਲਟੀ ਸਟਰੋਕਾਂ ਰਾਹੀਂ 5-3 ਨਾਲ ਹਰਾਇਆ; ਚੀਨ ਨੇ ਬੰਗਲਾ ਦੇਸ਼ ਨੂੰ 3-1 ਹਰਾ ਕੇ ਹਾਸਲ ਕੀਤਾ ਪੰਜਵਾਂ ਸਥਾਨ
05 ਨਵੰਬਰ, 2026 – ਐੱਸ ਏ ਐੱਸ ਨਗਰ(ਮੁਹਾਲੀ) : ਪੰਜਾਬ ਵਿਚ 27 ਅਕਤੂਬਰ ਤੋਂ ਚੱਲ ਰਹੇ 9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਮੁਕਾਬਲਿਆਂ ਦੇ ਅੱਜ ਮੁਹਾਲੀ ਦੇ ਸੀਨੀਅਰ ਬਲਬੀਰ ਸਿੰਘ ਕੌਮਾਂਤਰੀ ਸਟੇਡੀਅਮ ਵਿਖੇ ਹੋਏ ਸੈਮੀਫਾਈਨਲ ਮੁਕਾਬਲਿਆਂ ਵਿਚ ਭਾਰਤ ਅਤੇ ਜਪਾਨ ਦੀਆਂ ਟੀਮਾਂ ਫਾਈਨਲ ਵਿਚ ਪਹੁੰਚ ਗਈਆਂ ਹਨ। ਭਾਰਤ ਨੇ ਦੱਖਣੀ ਕੋਰੀਆ ਨੂੰ 8-1 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਦਾ ਖ਼ਿਤਾਬ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਰਸਮ ਓਲੰਪੀਅਨ ਅਜੀਤਪਾਲ ਸਿੰਘ, ਜਫ਼ਰ ਇਕਬਾਲ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰਾ ਸਿੰਘ ਨੇ ਨਿਭਾਈ।
ਭਾਰਤੀ ਟੀਮ ਵੱਲੋਂ ਮੈਚ ਦੇ ਚੌਥੇ, ਨੌਂਵੇਂ, 13ਵੇਂ, 21ਵੇਂ, 21ਵੇਂ, 25ਵੇਂ,36ਵੇਂ ਅਤੇ 54ਵੇਂ ਮਿੰਟ ਵਿਚ ਗੋਲ ਕੀਤੇ। ਦੱਖਣੀ ਕੋਰੀਆ ਦੀ ਟੀਮ ਮੈਚ ਦੇ ਨੌਂਵੇਂ ਮਿੰਟ ਵਿਚ ਸਿਰਫ਼ ਇੱਕ ਗੋਲ ਹੀ ਕਰ ਸਕੀ। ਮੈਨ ਆਫ਼ ਦਾ ਮੈਚ ਕਰਾਰ ਦਿੱਤੇ ਦਿਲਪ੍ਰੀਤ ਸਿੰਘ ਅਤੇ ਲਾਕੜਾ ਸਿਲਾਨੰਦ ਨੇ 2-2 ਗੋਲ, ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ,ਵਿਵੇਕ ਪ੍ਰਸ਼ਾਦ ਸਾਗਰ ਅਤੇ ਅੰਗਦਵੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਕੋਰੀਆ ਵੱਲੋਂ ਇੱਕੋ-ਇੱਕ ਗੋਲ ਹਾਂਗ ਸੰਗਜੁਨ ਨੇ ਕੀਤਾ।
ਇਸ ਤੋਂ ਪਹਿਲਾਂ ਹੋਏ ਪਹਿਲੇ ਸੈਮੀਫਾਈਨਲ ਵਿਚ ਜਪਾਨ ਨੇ ਮਲੇਸ਼ੀਆ ਨੂੰ ਪੈਨਲਟੀ ਸਟਰੋਕਾਂ ਰਾਹੀਂ ਹੋਏ ਮੈਚ ਦੇ ਫੈਸਲੇ ਤਹਿਤ 5-3 ਨਾਲ ਹਰਾ ਕੇ ਫਾਈਨਲ ਵਿਚ ਦਾਖਲਾ ਪਾਇਆ। ਭਾਰਤ ਅਤੇ ਜਪਾਨ ਦਰਮਿਆਨ ਫਾਈਨਲ ਮੁਕਾਬਲਾ ਪੰਜ ਨਵੰਬਰ ਨੂੰ ਸ਼ਾਮੀਂ ਸੱਤ ਵਜੇ ਹੋਵੇਗਾ। ਤੀਜੇ ਅਤੇ ਚੌਥੇ ਸਥਾਨ ਲਈ ਮਲੇਸ਼ੀਆ ਅਤੇ ਦੱਖਣੀ ਕੋਰੀਆ ਦਰਮਿਆਨ ਮੁਕਾਬਲਾ ਵੀ ਭਲਕੇ ਹੋਵੇਗਾ।
ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਹੋਇਆ ਸੈਮੀਫਾਈਨਲ ਇੱਕ ਪਾਸੜ ਰਿਹਾ। ਭਾਰਤੀ ਖਿਡਾਰੀਆਂ ਨੇ ਵਿਰੋਧੀ ਟੀਮ ਦੀ ਇੱਕ ਨਾ ਚੱਲਣ ਦਿੱਤੀ ਅਤੇ ਆਰੰਭ ਤੋਂ ਤੇਜ਼ ਤਰਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ, ਜੋ ਅਖੀਰ ਤੱਕ ਕਾਇਮ ਰਹੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ ਬਲਬੀਰ ਸਿੰਘ, ਸੰਸਦ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਆਦਿ ਵੀ ਮੈਚ ਵੇਖਣ ਲਈ ਪੁੱਜੇ। ਹਾਕੀ ਇੰਡੀਆ ਦੇ ਅਹੁਦੇਦਾਰ, ਖੇਡ ਵਿਭਾਗ ਦੇ ਅਧਿਕਾਰੀ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਟੀਮ ਵਿਚ ਪੰਜਾਬ ਦੇ ਖੇਡ ਰਹੇ ਖਿਡਾਰੀਆਂ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਵਿਚ ਮੈਚ ਵੇਖਣ ਲਈ ਪਹੁੰਚੇ ਹੋਏ ਸਨ।
ਇਸ ਤੋਂ ਪਹਿਲਾਂ ਹੋਏ ਪਹਿਲੇ ਸੈਮੀਫਾਈਨਲ ਵਿਚ ਜਪਾਨ ਅਤੇ ਮਲੇਸ਼ੀਆ ਦਰਮਿਆਨ ਬਹੁਤ ਫਸਵਾਂ ਮੁਕਾਬਲਾ ਹੋਇਆ। ਦੋਵੇਂ ਟੀਮਾਂ ਨਿਰਧਾਰਿਤ ਅਰਸੇ ਦੌਰਾਨ ਕੋਈ ਵੀ ਗੋਲ ਨਹੀਂ ਕਰ ਸਕੀਆਂ। ਇਸ ਮਗਰੋਂ ਦੋਵੇਂ ਟੀਮਾਂ ਲਈ ਨਿਰਧਾਰਿਤ ਕੀਤੇ ਗਏ 5-5 ਪੈਨਲਟੀ ਸਟਰੋਕਾਂ ਵਿਚੋਂ ਜਪਾਨ ਦੀ ਟੀਮ ਨੇ ਮਲੇਸ਼ੀਆ ਨੂੰ 5-3 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਜਪਾਨ ਦੇ ਮਤਸੂਮੋਟਸ, ਉਕਾਰਿਊਮਾ, ਕਨੱਕਾ ਕਸੂਬਾ, ਓਕੀ ਹਰੂਕੀ ਅਤੇ ਤਾਰਾਕਾ ਸਰੀਨ ਨੇ ਪੈਨਲਟੀ ਸਟਰੋਕ ਰਾਹੀਂ 1-1 ਗੋਲ ਕੀਤਾ। ਮਲੇਸ਼ੀਆ ਦੇ ਰੋਜ਼ਮੀ ਆਈਮਾਨ, ਸਿਲਵਰੀਆਸ ਸੀਲੋ ਅਤੇ ਅਜ਼ਰਾਈ ਅਬੂ ਕੁਮਾਲ ਨੇ 1-1 ਗੋਲ ਕੀਤਾ।
ਚੀਨ ਨੇ ਬੰਗਲਾ ਦੇਸ਼ ਨੂੰ ਹਰਾ ਕੇ ਹਾਸਿਲ ਕੀਤਾ ਪੰਜਵਾਂ ਸਥਾਨ
ਅੱਜ ਪੰਜਵੇਂ ਅਤੇ ਛੇਵੇਂ ਸਥਾਨ ਲਈ ਚੀਨ ਅਤੇ ਬੰਗਲਾ ਦੇਸ਼ ਦਰਮਿਆਨ ਮੁਕਾਬਲਾ ਹੋਇਆ। ਇਸ ਮੈਚ ਵਿਚ ਚੀਨ ਨੇ ਬੰਗਲਾ ਦੇਸ਼ ਨੂੰ 3-1 ਨਾਲ ਹਰਾ ਕੇ ਪੰਜਵਾਂ ਸਥਾਨ ਜਿੱਤਿਆ। ਬੰਗਲਾ ਦੇਸ਼ ਦੀ ਟੀਮ ਨੂੰ ਛੇਵੇਂ ਸਥਾਨ ਤੇ ਸਬਰ ਕਰਨਾ ਪਿਆ। ਚੀਨ ਵੱਲੋਂ ਜੁਆਹੋ ਯੂਲਾਈ, ਵਾਂਗ ਯਾਕੀ ਅਤੇ ਕਪਤਾਨ ਚੇਨ ਚੌਂਗਕੌਂਗ ਨੇ ਗੋਲ ਕੀਤੇ। ਬੰਗਲਾ ਦੇਸ਼ ਵੱਲੋਂ ਇੱਕੋ ਗੋਲ ਰਹਿਮਾਨ ਮੁਹੰਮਦ ਸੋਹਾਨੋਰ ਨੇ ਗੋਲ ਕੀਤਾ।
ਪੰਜਾਬੀ ਟ੍ਰਿਬਯੂਨ