ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ
04 ਨਵੰਬਰ, 2026 – ਲੁਧਿਆਣਾ : ਪੰਜਾਬ ਦੀਆਂ ਹੋਣਹਾਰ ਸਾਈਕਲਿਸਟ ਧੀਆਂ ਨੇ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੱਤ ਸਾਲ ਪੁਰਾਣਾ ਕੌਮੀ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤ ਕੇ ਸੂਬੇ ਦਾ ਮਾਣ ਵਧਾਇਆ ਹੈ। ਰਾਂਚੀ ਦੇ ਸਾਈਕਲਿੰਗ ਵੈਲੋਡਰੋਮ ਵਿੱਚ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਨੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ 1 ਮਿੰਟ 16 ਸਕਿੰਟ ਦਾ ਸਮਾਂ ਕੱਢਦਿਆਂ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ।
ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੇਤੂ ਟੀਮ ਵਿੱਚ ਲੁਧਿਆਣੇ ਦੀ ਪ੍ਰੀਤੀ ਸ਼ਾਹ, ਪਟਿਆਲੇ ਦੀ ਗੁਨਤਾਸ ਸੰਧੂ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਸ਼ਾਮਲ ਸਨ। ਚੈਂਪੀਅਨਸ਼ਿਪ ਦੀ ਤਿਆਰੀ ਲਈ ਟੀਮ ਦਾ ਸਿਖਲਾਈ ਕੈਂਪ ਲੁਧਿਆਣਾ ’ਚ ਲਾਇਆ ਗਿਆ ਸੀ, ਜਿੱਥੇ ਖਿਡਾਰਨਾਂ ਨੇ ਕੋਚਾਂ ਦੀ ਨਿਗਰਾਨੀ ਹੇਠ ਅਭਿਆਸ ਕੀਤਾ। ਉਨ੍ਹਾਂ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ।
ਇਸ ਪ੍ਰਾਪਤੀ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ, ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਯੂ ਐੱਸ ਏ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ, ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਅਤੇ ਓਲੰਪੀਅਨ ਗੁਰਜੀਤ ਕੌਰ ਨੇ ਖਿਡਾਰਨਾਂ, ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਹੈ।
ਪੰਜਾਬੀ ਟ੍ਰਿਬਯੂਨ