ਪ੍ਰਸ਼ਾਸਨਤੇ ਕੈਮਿਸਟਾਂ ਦੇ ਰੌਲੇ ‘ਚ ਪੀਸ ਰਹੇ ਆਮ ਲੋਕ
ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪਿਛਲੇ ਮਹੀਨੇ ਆਦਤ ਪਾਉਣ ਵਾਲੀਆਂ ਸਾਰੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਲਿਆ ਸੀ ਫੈਸਲਾ
05 ਨਵੰਬਰ, 2026 – ਚੰਡੀਗੜ੍ਹ : ਕੈਮਿਸਟਾਂ ਅਤੇ ਪ੍ਰਸ਼ਾਸਨ ਵਿਚਕਾਰ ਰਾਜ ਵਿਆਪੀ ਗਤੀਰੋਧ ਦਰਮਿਆਨ ਮੈਡੀਕਲ ਸਟੋਰਾਂ ‘ਤੇ ਸਾਈਕੋਟ੍ਰੋਪਿਕ ਦਵਾਈਆਂ ਦੀ ਉਪਲਬਧਤਾ ਨਾ ਹੋਣ ਕਾਰਨ ਮਰੀਜ਼ਾਂ ਨੂੰ ਡਾਕਟਰ ਦੀਆਂ ਪਰਚੀਆਂ (ਪ੍ਰਿਸਕ੍ਰਿਪਸ਼ਨ) ਅਨੁਸਾਰ ਦਵਾਈਆਂ ਲੈਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪਿਛਲੇ ਮਹੀਨੇ ਪੂਰੇ ਰਾਜ ਵਿੱਚ ਪ੍ਰੈਗਾਬਾਲਿਨ (pregabalin) ਸਮੇਤ ਆਦਤ ਪਾਉਣ ਵਾਲੀਆਂ ਸਾਰੀਆਂ ਦਵਾਈਆਂ ਦੀ ਵਿਕਰੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਸੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਸੀ ਕਿ ਲਾਇਸੰਸਸ਼ੁਦਾ ਕੈਮਿਸਟਾਂ ਨੂੰ ਸਾਈਕੋਟ੍ਰੋਪਿਕ ਦਵਾਈਆਂ ਦਾ ਰਿਕਾਰਡ ਰੱਖਣ ਲਈ ਲੰਬੀਆਂ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਪੈਂਦਾ ਹੈ, ਅਤੇ ਫਿਰ ਵੀ ਉਨ੍ਹਾਂ ਨੂੰ ਨਸ਼ਾ ਤਸਕਰ ਵਜੋਂ ਬਦਨਾਮ ਕੀਤਾ ਜਾ ਰਿਹਾ ਹੈ।
ਦਵਾਈਆਂ ਦੁਕਾਨਾਂ ਤੋਂ ਗਾਇਬ ਹੋਣ ਕਾਰਨ, ਵੈਧ ਪਰਚੀਆਂ ਵਾਲੇ ਮਰੀਜ਼ਾਂ, ਵਿਸ਼ੇਸ਼ ਤੌਰ ‘ਤੇ ਸੀਨੀਅਰ ਨਾਗਰਿਕਾਂ ਨੂੰ ਮੈਡੀਕਲ ਸਟੋਰਾਂ ਤੋਂ ਖਾਲੀ ਹੱਥ ਪਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕੈਮਿਸਟਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਜਾਇਜ਼ ਮੈਡੀਕਲ ਵਰਤੋਂ ਪ੍ਰਭਾਵਿਤ ਹੋਈ ਹੈ। ਹੱਡੀਆਂ ਦੇ ਇਲਾਜ (ਓਰਥੋਪੈਡਿਕ), ਜੋੜ ਬਦਲਾਉਣ (ਜੁਆਇੰਟ ਰਿਪਲੇਸਮੈਂਟ), ਅਤੇ ਮਾਨਸਿਕ ਰੋਗਾਂ ਦੇ ਇਲਾਜ ਤੋਂ ਇਲਾਵਾ ਪੁਰਾਣੇ ਦਰਦ (ਕ੍ਰੋਨਿਕ ਪੇਨ) ਤੋਂ ਪੀੜਤ ਮਰੀਜ਼ ਇਸ ਕਦਮ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਸਾਹਨੇਵਾਲ ਦੇ ਰਹਿਣ ਵਾਲੇ ਹਰਦੇਵ ਸਿੰਘ, ਜਿਨ੍ਹਾਂ ਦਾ ਦੋ ਹਫ਼ਤੇ ਪਹਿਲਾਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੋਡੇ ਬਦਲਾਉਣ (ਬਾਈਲੇਟਰਲ ਨੀ ਰਿਪਲੇਸਮੈਂਟ) ਦਾ ਆਪ੍ਰੇਸ਼ਨ ਹੋਇਆ ਸੀ, ਨੇ ਦੱਸਿਆ ਕਿ ਉਨ੍ਹਾਂ ਦੇ ਡਾਕਟਰ ਨੇ ਦਰਦ ਲਈ ਪ੍ਰੈਗਾਬਾਲਿਨ ਲਿਖੀ ਸੀ ਪਰ ਉਹ ਇਹ ਪ੍ਰਾਪਤ ਕਰਨ ਵਿੱਚ ਅਸਮਰੱਥ ਰਹੇ।
ਉਨ੍ਹਾਂ ਨੇ ਅੱਗੇ ਕਿਹਾ, ‘‘ਲੱਤਾਂ ਵਿੱਚ ਅਸਹਿ ਦਰਦ ਕਾਰਨ ਮੈਂ ਰਾਤ ਨੂੰ ਸੌਂ ਨਹੀਂ ਸਕਦਾ। ਮੈਂ ਦੋਰਾਹਾ, ਸਾਹਨੇਵਾਲ ਅਤੇ ਲੁਧਿਆਣਾ ਦੇ ਕਈ ਮੈਡੀਕਲ ਸਟੋਰਾਂ ਦਾ ਦੌਰਾ ਕੀਤਾ ਹੈ, ਪਰ ਕੋਈ ਵੀ ਦਵਾਈ ਨਹੀਂ ਦੇ ਰਿਹਾ। ਜਦੋਂ ਤੱਕ ਸਰਕਾਰ ਅਤੇ ਕੈਮਿਸਟਾਂ ਵਿਚਕਾਰ ਸਹਿਮਤੀ ਨਹੀਂ ਬਣ ਜਾਂਦੀ, ਮੇਰੇ ਵਰਗੇ ਮਰੀਜ਼ ਪਰੇਸ਼ਾਨ ਹੁੰਦੇ ਰਹਿਣਗੇ।’’
ਦੋਰਾਹਾ ਦੀ ਰਹਿਣ ਵਾਲੀ ਕਮਲਜੀਤ ਕੌਰ ਡਾਇਬਟੀਜ਼ ਨਿਊਰੋਪੈਥੀ ਤੋਂ ਪੀੜਤ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਪ੍ਰੈਗਾਬਾਲਿਨ ‘ਤੇ ਨਿਰਭਰ ਹੈ। ਉਸ ਨੇ ਕਿਹਾ ਕਿ ਉਸ ਦਾ ਡਰ ਹਰ ਲੰਘਦੇ ਦਿਨ ਨਾਲ ਵਧ ਰਿਹਾ ਹੈ ਕਿਉਂਕਿ ਉਸ ਕੋਲ ਦਵਾਈ ਖਤਮ ਹੋਣ ਵਾਲੀ ਹੈ।
ਉਨ੍ਹਾਂ ਕਿਹਾ, “ਮੈਂ ਪ੍ਰੈਗਾਬਾਲਿਨ ਤੋਂ ਬਿਨਾਂ ਚੱਲ ਨਹੀਂ ਸਕਦੀ। ਮੇਰੇ ਪੈਰ ਅੱਗ ਵਾਂਗ ਬਲਦੇ ਹਨ ਅਤੇ ਚੌਵੀ ਘੰਟੇ ਸੁੂਈਆਂ ਚੁਭਣ ਵਰਗਾ ਦਰਦ ਹੁੰਦਾ ਹੈ। ਮੇਰੇ ਕੋਲ ਸਿਰਫ਼ ਦੋ ਪੱਤੇ (ਸਟ੍ਰਿਪਸ) ਬਚੇ ਹਨ। ਪ੍ਰਸ਼ਾਸਨ ਨੂੰ ਗਲਤ ਵਰਤੋਂ ਅਤੇ ਜਾਇਜ਼ ਮੈਡੀਕਲ ਵਰਤੋਂ ਵਿਚਕਾਰ ਫਰਕ ਕਰਨਾ ਚਾਹੀਦਾ ਹੈ।’’
ਕੈਂਸਰ ਦੇ ਮਰੀਜ਼ਾਂ ਦੀ ਸਥਿਤੀ ਹੋਰ ਵੀ ਗੰਭੀਰ ਤਸਵੀਰ ਪੇਸ਼ ਕਰਦੀ ਹੈ।
ਇੱਕ ਔਰਤ, ਜਿਸਦਾ ਪਤੀ ਅੰਤਿਮ ਸਟੇਜ ਦੇ ਕੈਂਸਰ ਤੋਂ ਪੀੜਤ ਹੈ ਅਤੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ, ਨੇ ਕਿਹਾ, “ਟਰਾਮਾਡੋਲ (tramadol) ਤੋਂ ਇਲਾਵਾ ਬਾਕੀ ਸਾਰੀਆਂ ਦਰਦ ਨਿਵਾਰਕ ਦਵਾਈਆਂ ਨੇ ਉਸ ਦੇ ਗੁਰਦਿਆਂ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਹੁਣ ਉਸ ਨੂੰ ਹੋਰ ਤੜਫਦਿਆਂ ਨਹੀਂ ਦੇਖ ਸਕਦੀ।”
ਲੁਧਿਆਣਾ ਦੇ ਓਰਥੋਪੈਡਿਕ ਸਰਜਨ ਡਾ. ਹਰਪ੍ਰੀਤ ਗਿੱਲ ਨੇ ਕਿਹਾ ਕਿ ਟਰਾਮਾਡੋਲ ਅਤੇ ਪ੍ਰੈਗਾਬਾਲਿਨ ਆਮ ਤੌਰ ‘ਤੇ ਗੋਡੇ ਬਦਲਾਉਣ ਵਾਲੇ ਮਰੀਜ਼ਾਂ ਅਤੇ ਫ੍ਰੈਕਚਰ ਦੇ ਮਾਮਲਿਆਂ ਵਿੱਚ ਲਿਖੀਆਂ ਜਾਂਦੀਆਂ ਹਨ।
ਸਾਹਨੇਵਾਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪੁਰੀ ਨੇ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ, ‘‘ਪੁਲੀਸ ਡਰੱਗ ਇੰਸਪੈਕਟਰ ਤੋਂ ਬਿਨਾਂ ਚੈਕਿੰਗ ਲਈ ਆਉਂਦੀ ਹੈ। ਜੇ ਦੋ ਵਾਧੂ ਪੱਤੇ ਵੀ ਮਿਲ ਜਾਣ ਤਾਂ ਉਹ ਕੇਸ ਦਰਜ ਕਰਕੇ ਦੁਕਾਨ ਸੀਲ ਕਰ ਦਿੰਦੇ ਹਨ। ਉਨ੍ਹਾਂ ਕੋਲ ਗਿਆਨ ਦੀ ਕਮੀ ਹੈ ਅਤੇ ਕਈ ਵਾਰ ਉਹ ਪ੍ਰੈਗਾਨਿਊਜ਼ (preganews) ਨੂੰ ਵੀ ਪ੍ਰੈਗਾਬਾਲਿਨ (pregabalin) ਸਮਝ ਕੇ ਭੁਲੇਖਾ ਖਾ ਜਾਂਦੇ ਹਨ।’’
ਦੋਰਾਹਾ ਦੇ ਕੈਮਿਸਟ ਜਨਦੀਪ ਕੌਸ਼ਲ ਨੇ ਦਾਅਵਾ ਕੀਤਾ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਇਸ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ ਅਤੇ ਕਿਹਾ, “ਝੋਟਾ ਦੇ ਕਤਲ ਤੋਂ ਬਾਅਦ, ਹਰ ਕੈਮਿਸਟ ਨਾਲ ਨਸ਼ਾ ਤਸਕਰ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਮਰੀਜ਼ ਪਰੇਸ਼ਾਨ ਹੋਣਗੇ ਜਦਕਿ ਦਵਾਈਆਂ ਦੀ ਗਲਤ ਵਰਤੋਂ ਕਰਨ ਵਾਲੇ ਹੋਰ ਥਾਵਾਂ ਤੋਂ ਵੱਧ ਕੀਮਤ ‘ਤੇ ਦਵਾਈਆਂ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ।’’
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀ.ਐੱਸ. ਚਾਵਲਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਉਦੋਂ ਤੱਕ ਦਵਾਈਆਂ ਨਹੀਂ ਵੇਚਣਗੇ ਜਦੋਂ ਤੱਕ ਸਰਕਾਰ ਲਿਖਤੀ ਭਰੋਸਾ ਨਹੀਂ ਦਿੰਦੀ ਕਿ ਚੈਕਿੰਗ ਨਿਰਧਾਰਤ ਨਿਯਮਾਂ ਅਨੁਸਾਰ ਅਤੇ ਸਬੰਧਤ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਹੀ ਕੀਤੀ ਜਾਵੇਗੀ।
ਜਦੋਂ ਇਸ ਸਬੰਧੀ ਡਰੱਗ ਇੰਸਪੈਕਟਰ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਦਵਾਈਆਂ ਦੀ ਅਣਉਪਲਬਧਤਾ ਬਾਰੇ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ।
ਪੰਜਾਬੀ ਟ੍ਰਿਬਯੂਨ