5 ਦਿਨ ਨਹੀਂ ਹੋਣਗੇ ਕੰਮ
ਮਨਿਸਟਰੀਅਲ ਕਾਮਿਆਂ ਨੇ ਭਲਕ ਤੋਂ ਦੋ ਦਿਨਾਂ ਦੀ ਕਲਮਛੋੜ ਹੜਤਾਲ ਦਾ ਕੀਤਾ ਐਲਾਨ
05 ਨਵੰਬਰ, 2026 – ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਅਤੇ ਹੋਰ ਦਫ਼ਤਰਾਂ ਦੇ ਮਨਿਸਟਰੀਅਲ ਕਾਮਿਆਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੂਹਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਚੀਫ਼ ਸੈਕਟਰੀ ਦੀ ਅਰਥੀ ਫੂਕ ਕੇ ਆਪਣਾ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪੀ.ਐੱਸ.ਐੱਮ.ਐੱਸ.ਯੂ. (PSMSU) ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਦੀਵਾਲੀ ਦੇ ਮੌਕੇ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਤੋਹਫ਼ਾ ਦਿੱਤਾ ਸੀ, ਪਰ ਹੁਣ ਚੌਥਾ ਦੀਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਇਹ ਤੋਹਫ਼ਾ ਮੁਲਾਜ਼ਮਾਂ ਤੱਕ ਨਹੀਂ ਪਹੁੰਚਿਆ।
ਮੁਲਾਜ਼ਮਾਂ ਵਿੱਚ ਸਰਕਾਰ ਦੀ ਇਸ ਬੇਰੁਖ਼ੀ ਦਾ ਬਹੁਤ ਮਲਾਲ ਹੈ, ਜਿਸ ਦੇ ਚੱਲਦਿਆਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ ਅਤੇ 5 ਤੇ 6 ਨਵੰਬਰ ਨੂੰ ਕਲਮਛੋੜ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਮੰਗ ਪੂਰੀ ਨਾ ਕੀਤੀ ਤਾਂ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਦਫ਼ਤਰ ਰਹਿਣਗੇ ਪੰਜ ਦਿਨ ਬੰਦ
ਮਨਿਸਟਰੀਅਲ ਕਾਮਿਆਂ ਵੱਲੋਂ 5 ਅਤੇ 6 ਨਵੰਬਰ ਨੂੰ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲ ਹੋਣ ਕਰਕੇ ਦਫ਼ਤਰਾਂ ਵਿੱਚ ਕੰਮ ਬੰਦ ਰਹੇਗਾ। ਉਸ ਤੋਂ ਅੱਗੇ 7 ਨਵੰਬਰ ਨੂੰ ਸ਼ਨਿੱਚਰਵਾਰ, 8 ਨਵੰਬਰ ਨੂੰ ਐਤਵਾਰ ਅਤੇ 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਹੋਣ ਕਰਕੇ ਦਫ਼ਤਰ ਬੰਦ ਰਹਿਣਗੇ। ਇਸ ਤਰ੍ਹਾਂ ਲਗਾਤਾਰ ਪੰਜ ਦਿਨ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਪੰਜਾਬੀ ਟ੍ਰਿਬਯੂਨ