ਹੱਤਿਆ ਦੇ ਦੋਸ਼ ਹੇਠ ਭਾਰਤੀ ਮੂਲ ਦਾ ਵਿਅਕਤੀ ਅਦਾਲਤ ਵਿਚ ਪੇਸ਼; ਘਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ ਸੀ ਨਵਨੀਤ ਕੌਰ; ਪੁਲੀਸ ਨੇ ਲੋਕਾਂ ਤੋਂ ਸੀਸੀਟੀਵੀ ਫੁਟੇਜ ਮੰਗੀ
10 ਨਵੰਬਰ, 2026 – ਲੰਡਨ : London Punjabi Woman Murder: ਲੰਡਨ ਵਿੱਚ ਪੰਜਾਬੀ ਮੂਲ ਦੀ 26 ਸਾਲਾ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ 31 ਸਾਲਾ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਔਰਤ ਪਿਛਲੇ ਹਫ਼ਤੇ ਪੱਛਮੀ ਲੰਡਨ ਦੇ ਇੱਕ ਘਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ ਸੀ। ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਮੈਟਰੋਪੋਲੀਟਨ ਪੁਲੀਸ ਨੇ ਦੱਸਿਆ ਕਿ ਹੌਂਸਲੋ ਦੇ ਚਰਟਸੀ ਰੋਡ ਸਥਿਤ ਇੱਕ ਮਕਾਨ ਵਿੱਚ ਮਹਿਲਾ ਦੀ ਸੁੱਖ-ਸਾਂਦ ਦਾ ਪਤਾ ਲਗਾਉਣ ਲਈ ਪੁਲੀਸ ਮੁਲਾਜ਼ਮ ਪਹੁੰਚੇ ਸਨ। ਉੱਥੇ ਉਨ੍ਹਾਂ ਨੂੰ ਮਹਿਲਾ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੀ। ਬਾਅਦ ਵਿੱਚ ਉਸ ਦੀ ਪਛਾਣ ਨਵਨੀਤ ਕੌਰ ਵਜੋਂ ਹੋਈ।
ਘਟਨਾ ਤੋਂ ਤੁਰੰਤ ਬਾਅਦ ਭਾਰਤੀ ਮੂਲ ਦੇ ਰਜਤ ਜਸਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਹੱਤਿਆ ਕਰਨ ਅਤੇ ਕਿਸੇ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਹੈਂਡਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੀ ਜਾਂਚ ਅਧਿਕਾਰੀ ਸਾਰਾ ਲੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀਆਂ ਸੰਵੇਦਨਾਵਾਂ ਨਵਨੀਤ ਦੇ ਪਰਿਵਾਰ ਅਤੇ ਕਰੀਬੀਆਂ ਨਾਲ ਹਨ, ਜੋ ਇਸ ਵੱਡੇ ਘਾਟੇ ਨਾਲ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੇਣ ਦੀ ਅਪੀਲ
ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ ਪਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪੁਲੀਸ ਅਜਿਹੇ ਕਿਸੇ ਵੀ ਵਿਅਕਤੀ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ, ਜੋ ਜਾਂਚ ਵਿੱਚ ਮਦਦ ਕਰ ਸਕਦਾ ਹੋਵੇ।
ਪੁਲੀਸ ਨੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਲੱਗੇ ਸੁਰੱਖਿਆ ਕੈਮਰਿਆਂ ਅਤੇ ਵਾਹਨਾਂ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ।
ਪੁਲੀਸ ਅਨੁਸਾਰ ਪਿਛਲੇ ਹਫਤੇ ਅਧਿਕਾਰੀ ਚਰਟਸੀ ਰੋਡ ਸਥਿਤ ਮਕਾਨ ਵਿੱਚ ਪਹੁੰਚੇ ਸਨ। ਉੱਥੇ ਨਵਨੀਤ ਕੌਰ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੂੰ ਲੱਗੀਆਂ ਗੰਭੀਰ ਸੱਟਾਂ ਕਾਰਨ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੰਜਾਬੀ ਟ੍ਰਿਬਯੂਨ