ਪੁਲੀਸ ਮੁਲਾਜ਼ਮ ਨੇ ਦੋਸ਼ਾਂ ਨੂੰ ਨਕਾਰਿਆ; ਨੌਜਵਾਨਾਂ ਵੱਲੋਂ ਐਸ ਪੀ ਕੋਲ ਸ਼ਿਕਾਇਤ; ਐੱਸ ਪੀ ਵੱਲੋਂ ਜਾਂਚ ਕਰਵਾਉਣ ਦਾ ਭਰੋਸਾ
10 ਨਵੰਬਰ, 2026 – ਤਪਾ ਮੰਡੀ : Barnala Police Drug: ਬਰਨਾਲਾ ਦੇ ਗੁਰੂ ਰਵਿਦਾਸ ਚੌਕ ਵਿਚਕਾਰ ਮੁੱਖ ਸੜਕ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁਝ ਨੌਜਵਾਨਾਂ ਨੇ ਇੱਕ ਵਰਦੀਧਾਰੀ ਪੁਲੀਸ ਮੁਲਾਜ਼ਮ ਦੀ ਜੇਬ ਵਿੱਚੋਂ ਚਿੱਟੇ ਦੀਆਂ ਪੁੜੀਆਂ ਫੜਨ ਦਾ ਦਾਅਵਾ ਕੀਤਾ।
ਪਿੰਡ ਬਦਰਾ ਦੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਧਨੌਲਾ ਰੋਡ ’ਤੇ ਟਰੈਕਟਰ ਏਜੰਸੀ ਨੇੜੇ ਉਕਤ ਮੁਲਾਜ਼ਮ ਨੂੰ ਕਿਸੇ ਵਿਅਕਤੀ ਤੋਂ ਚਿੱਟਾ ਲੈਂਦੇ ਦੇਖਿਆ ਸੀ ਅਤੇ ਪਿੱਛਾ ਕਰਕੇ ਉਸ ਨੂੰ ਰੋਕਿਆ ਸੀ।
ਨੌਜਵਾਨਾਂ ਅਨੁਸਾਰ ਉਨ੍ਹਾਂ ਨੇ ਮੁਲਾਜ਼ਮ ਦੀ ਜੇਬ ਵਿੱਚੋਂ ਚਿੱਟੇ ਦੀਆਂ ਪੁੜੀਆਂ ਬਰਾਮਦ ਕੀਤੀਆਂ। ਦੂਜੇ ਪਾਸੇ ਪੁਲੀਸ ਮੁਲਾਜ਼ਮ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਪੁੜੀਆਂ ਨੌਜਵਾਨਾਂ ਦੀਆਂ ਹੀ ਸਨ, ਜੋ ਉਸ ਨੇ ਉਨ੍ਹਾਂ ਕੋਲੋਂ ਫੜੀਆਂ ਸਨ। ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਬਾਅਦ ਵਿੱਚ ਪੁਲੀਸ ਪਾਰਟੀ ਵੀ ਪਹੁੰਚ ਗਈ।
ਇਸ ਤੋਂ ਬਾਅਦ ਨੌਜਵਾਨਾਂ ਨੇ ਪੁੜੀਆਂ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੌਂਪ ਦਿੱਤੀਆਂ। ਵੱਡੀ ਗਿਣਤੀ ਵਿੱਚ ਲੋਕਾਂ ਨੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਕੇ ਇਹ ਪੁੜੀਆਂ ਐਸਪੀ ਡੀ ਸੰਜੀਵ ਗੋਇਲ ਨੂੰ ਸੌਂਪੀਆਂ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ।
ਐਸਪੀਡੀ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਹ ਪਰਵਿੰਦਰ ਸਿੰਘ ਝੋਟੇ ਵਾਲੇ ਮਾਮਲੇ ਤੋਂ ਪ੍ਰੇਰਿਤ ਹੋ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਹਨ। ਇਸ ਘਟਨਾ ਨੇ ਸ਼ਹਿਰ ਵਿੱਚ ਨਸ਼ਾ ਤਸਕਰੀ ਅਤੇ ਪੁਲੀਸ ਦੀ ਭੂਮਿਕਾ ਸਬੰਧੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਸਬੰਧੀ ਐਸਪੀਡੀ ਸੰਜੀਵ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ