ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਸਬੰਧੀ ਦਾਅਵੇ ਪੂਰੀ ਤਰ੍ਹਾਂ ਹਵਾ ਹੋ ਗਏ ਹਨ। ਕਿਸਾਨ ਆਪਣੀ ਫ਼ਸਲ ਦੇ ਮੰਡੀਕਰਨ ਲਈ ਹਫ਼ਤਿਆਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ ਪ੍ਰੰਤੂ ਖਰੀਦ ਏਜੰਸੀਆਂ ਨੇ ਖਰੀਦ…
12 ਨਵੰਬਰ, 2026 – ਧਰਮਕੋਟ : ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਸਬੰਧੀ ਦਾਅਵੇ ਪੂਰੀ ਤਰ੍ਹਾਂ ਹਵਾ ਹੋ ਗਏ ਹਨ। ਕਿਸਾਨ ਆਪਣੀ ਫ਼ਸਲ ਦੇ ਮੰਡੀਕਰਨ ਲਈ ਹਫ਼ਤਿਆਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ ਪ੍ਰੰਤੂ ਖਰੀਦ ਏਜੰਸੀਆਂ ਨੇ ਖਰੀਦ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੇਂਡੂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਹਾਲਤ ਬਦਤਰ ਬਣ ਚੁੱਕੀ ਹੈ। ਕਿਸਾਨਾਂ ਦਾ ਰੋਸ ਹੈ ਕਿ ਖ਼ਰੀਦ ਸ਼ੁਰੂ ਕਰਵਾਉਣ ਲਈ ਫੋਟੋ ਖਿਚਵਾਉਣ ਲਈ ਲੀਡਰ ਮੰਡੀਆਂ ਵਿੱਚ ਇੱਕ ਵਾਰ ਆਉਣ ਤੋਂ ਬਾਅਦ ਲੋਪ ਹੋ ਚੁੱਕੇ ਹਨ।
ਹਲਕੇ ਦੀ ਅਨਾਜ ਮੰਡੀ ਲਲਿਹਾਂਦੀ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ। ਕਿਸਾਨਾਂ ਨੇ ਦੋ ਹਫ਼ਤਿਆਂ ਤੋਂ ਆਪਣੀ ਫ਼ਸਲ ਵੇਚਣ ਲਈ ਮੰਡੀ ਵਿੱਚ ਡੇਰੇ ਲਾਏ ਹੋਏ ਹਨ। ਲੇਕਿਨ ਸਰਕਾਰ ਨੇ ਝੋਨੇ ਦੀ ਖਰੀਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਬਹੁਤ ਵਧੀਆ ਰਿਹਾ ਹੈ। ਇਹ ਮੰਡੀ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਸਥਿਤ ਹੈ। ਵਧੀਆ ਫਸਲ ਹੋਣ ਸਦਕਾ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਣ ਦਾ ਅਨੁਮਾਨ ਸੀ ਲੇਕਿਨ ਖਰੀਦ ਦੇ ਨਾਕਸ ਪ੍ਰਬੰਧਾਂ ਨੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਮੰਡੀ ਵਿੱਚ ਆ ਚੁੱਕੇ ਝੋਨੇ ਦੀ ਤੁਰੰਤ ਖਰੀਦ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਮੰਡੀ ਅਫਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪੰਜਾਬੀ ਟ੍ਰਿਬਯੂਨ