ਸਰਕਾਰੀ ਉਜਰਤ ਤੇ ਖ਼ਰਚਿਆਂ ’ਚ 12 ਡਾਲਰ ਦਾ ਫ਼ਰਕ
12 ਨਵੰਬਰ, 2026 – ਵਿੰਨੀਪੈੱਗ : ਕੈਨੇਡਾ ਦੇ ਐਟਲਾਂਟਿਕ ਸੂਬਿਆਂ ਨੋਵਾ ਸਕੋਸ਼ੀਆ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ ਵਧਦੀ ਮਹਿੰਗਾਈ ਅਤੇ ਘੱਟ ਮਜ਼ਦੂਰੀ ਨੇ ਆਮ ਲੋਕਾਂ ਦਾ ਜੀਵਨ ਬੇਹੱਦ ਮੁਸ਼ਕਿਲ ਬਣਾ ਦਿੱਤਾ ਹੈ। ‘ਕੈਨੇਡੀਅਨ ਸੈਂਟਰ ਫ਼ਾਰ ਪਾਲਿਸੀ ਆਲਟਰਨੇਟਿਵ’ (CCPA) ਦੀ 9 ਨਵੰਬਰ 2026 ਦੀ ਰਿਪੋਰਟ ਮੁਤਾਬਕ, ਇਨ੍ਹਾਂ ਸੂਬਿਆਂ ਦੇ ਲਗਪਗ ਅੱਧੇ ਤੋਂ ਵੱਧ ਕਾਮਿਆਂ ਦੀ ਆਮਦਨ ਸਨਮਾਨਜਨਕ ਜੀਵਨ ਜਿਊਣ ਲਈ ਜ਼ਰੂਰੀ ਮਜ਼ਦੂਰੀ ਤੋਂ ਕਾਫ਼ੀ ਘੱਟ ਹੈ।
ਰਿਪੋਰਟ ਅਨੁਸਾਰ, ਨੋਵਾ ਸਕੋਸ਼ੀਆ ਵਿੱਚ ਗੁਜ਼ਾਰੇ ਲਈ ਔਸਤਨ 28.63 ਡਾਲਰ ਪ੍ਰਤੀ ਘੰਟਾ ਚਾਹੀਦੇ ਹਨ, ਜਦਕਿ ਹੈਲਿਫ਼ੈਕਸ ਵਿੱਚ ਇਹ ਦਰ 30 ਡਾਲਰ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ ਸੂਬਾਈ ਔਸਤ 27.18 ਡਾਲਰ ਹੈ, ਜਦਕਿ ਲੈਬਰਾਡੋਰ ਵਿੱਚ ਇਹ 30.50 ਡਾਲਰ ਤੱਕ ਪਹੁੰਚ ਚੁੱਕੀ ਹੈ।
ਇਨ੍ਹਾਂ ਖ਼ਰਚਿਆਂ ਦੇ ਮੁਕਾਬਲੇ ਸਰਕਾਰੀ ਘੱਟੋ-ਘੱਟ ਮਜ਼ਦੂਰੀ ਬਹੁਤ ਘੱਟ ਹੈ। ਨੋਵਾ ਸਕੋਸ਼ੀਆ ਵਿੱਚ ਘੱਟੋ-ਘੱਟ ਮਜ਼ਦੂਰੀ 17 ਡਾਲਰ ਅਤੇ ਨਿਊਫਾਊਂਡਲੈਂਡ ਵਿੱਚ 16.35 ਡਾਲਰ ਪ੍ਰਤੀ ਘੰਟਾ ਹੈ। ਇਸ ਤਰ੍ਹਾਂ ਲੋੜੀਂਦੀ ਕਮਾਈ ਅਤੇ ਸਰਕਾਰੀ ਉਜਰਤ ਵਿੱਚ 11 ਤੋਂ 12 ਡਾਲਰ ਪ੍ਰਤੀ ਘੰਟਾ ਦਾ ਵੱਡਾ ਫ਼ਰਕ ਹੈ।
ਰਿਪੋਰਟ ਦੱਸਦੀ ਹੈ ਕਿ ਔਰਤਾਂ ਅਤੇ ਸੇਵਾ ਖੇਤਰ ਦੇ ਕਾਮਿਆਂ ਦੀ ਹਾਲਤ ਵਧੇਰੇ ਚਿੰਤਾਜਨਕ ਹੈ। ਨਿਊਫਾਊਂਡਲੈਂਡ ਵਿੱਚ ਔਰਤਾਂ ਦੀ ਔਸਤ ਕਮਾਈ 26.38 ਡਾਲਰ ਪ੍ਰਤੀ ਘੰਟਾ ਹੈ, ਜੋ ਜ਼ਰੂਰੀ ਖ਼ਰਚਿਆਂ ਤੋਂ ਘੱਟ ਹੈ। ਇਹ ਜ਼ਰੂਰੀ ਮਜ਼ਦੂਰੀ ਸਿਰਫ਼ ਭੋਜਨ, ਮਕਾਨ, ਸਿਹਤ, ਬੱਚਿਆਂ ਦੀ ਦੇਖਭਾਲ ਅਤੇ ਆਵਾਜਾਈ ਵਰਗੀਆਂ ਬੁਨਿਆਦੀ ਲੋੜਾਂ ’ਤੇ ਆਧਾਰਿਤ ਹੈ, ਇਸ ਵਿੱਚ ਕਰਜ਼ਾ ਮੋੜਨ ਜਾਂ ਬੱਚਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।
ਇਹ ਹਾਲਾਤ ਉੱਥੇ ਵੱਸਦੇ ਪੰਜਾਬੀ ਪਰਿਵਾਰਾਂ ਲਈ ਵੀ ਵੱਡੀ ਚੁਣੌਤੀ ਹਨ। ਬਿਹਤਰ ਭਵਿੱਖ ਦੀ ਆਸ ਨਾਲ ਆਏ ਨੌਜਵਾਨ ਦੋ-ਦੋ ਨੌਕਰੀਆਂ ਕਰਨ ਦੇ ਬਾਵਜੂਦ ਘਰੇਲੂ ਖ਼ਰਚੇ ਪੂਰੇ ਕਰਨ ਲਈ ਜੂਝ ਰਹੇ ਹਨ।
ਰਿਪੋਰਟ ਅਨੁਸਾਰ, ਸਰਕਾਰਾਂ ਨੂੰ ਘੱਟੋ-ਘੱਟ ਮਜ਼ਦੂਰੀ ਵਧਾਉਣ ਦੇ ਨਾਲ-ਨਾਲ ਸਸਤੇ ਮਕਾਨ, ਬੱਚਿਆਂ ਦੀ ਦੇਖਭਾਲ ਅਤੇ ਜਨਤਕ ਆਵਾਜਾਈ ਦੀਆਂ ਸੁਵਿਧਾਵਾਂ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਜੇਕਰ ਪੂਰਾ ਸਮਾਂ ਕੰਮ ਕਰਨ ਵਾਲਾ ਵਿਅਕਤੀ ਵੀ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਾ ਸਕਦਾ, ਤਾਂ ਇਹ ਮੌਜੂਦਾ ਆਰਥਿਕ ਪ੍ਰਬੰਧ ’ਤੇ ਵੱਡਾ ਸਵਾਲ ਹੈ।
ਪੰਜਾਬੀ ਟ੍ਰਿਬਯੂਨ