ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਹੋਇਆ ਸ਼ਾਮਲ
19 ਨਵੰਬਰ, 2026 – ਬੰਗਾ : ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਵੱਖਰੀ ਪਛਾਣ ਬਣਾਉਦਿਆਂ ਪਿੰਡ ਖਟਕੜ ਕਲਾਂ ਦੇ ਯਸ਼ਵੀਰ ਸਿੰਘ ਦੋਸਾਂਝ ਨੇ ਕੈਨੇਡਾ ਦੀ ਵੱਕਾਰੀ ਪੁਲੀਸ ਸੇਵਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਵਿੱਚ ਅਫ਼ਸਰ ਵਜੋਂ ਸ਼ਾਮਲ ਹੋ ਕੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਉਸ ਨੇ ਮਹਿਜ਼ 20 ਸਾਲ ਦੀ ਉਮਰ ਵਿੱਚ ਇਹ ਪ੍ਰਾਪਤੀ ਹਾਸਲ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਕ ਉਦਾਹਰਣ ਕਾਇਮ ਕੀਤੀ ਹੈ।
ਯਸ਼ਵੀਰ ਨੇ ਨਵੰਬਰ ਮਹੀਨੇ ਰੇਜਾਈਨਾ ਸਥਿਤ ਆਰ.ਸੀ.ਐੱਮ.ਪੀ. ਅਕੈਡਮੀ ਤੋਂ ਆਪਣੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ। ਇਸ ਉਪਰੰਤ ਉਹ ਕੈਨੇਡਾ ਦੀ ਕੌਮੀ ਪੁਲੀਸ ਸੇਵਾ ਦਾ ਹਿੱਸਾ ਬਣੇ। ਯਸ਼ਵੀਰ 2010 ‘ਚ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਗਏ ਸਨ। ਨਵੀਂ ਧਰਤੀ, ਨਵੇਂ ਮਾਹੌਲ ਅਤੇ ਵੱਖਰੀਆਂ ਚੁਣੌਤੀਆਂ ਦਰਮਿਆਨ ਵੀ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਵਿੱਖ ਦੀ ਰਾਹ ਤਿਆਰ ਕੀਤੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯਸ਼ਵੀਰ ਨੂੰ ਪਹਿਲਾਂ ਤੋਂ ਹੀ ਮਿਹਨਤ, ਅਨੁਸ਼ਾਸਨ, ਇਮਾਨਦਾਰੀ ਅਤੇ ਉੱਚੇ ਟੀਚੇ ਰੱਖਣ ਦਾ ਸ਼ੌਕ ਸੀ।
ਜ਼ਿਕਰਯੋਗ ਹੈ ਕਿ ਯਸ਼ਵੀਰ ਸਿੰਘ ਦੋਸਾਂਝ ਦਾ ਸਬੰਧ ਉਸ ਇਤਿਹਾਸਕ ਪਿੰਡ ਖਟਕੜ ਕਲਾਂ ਨਾਲ ਹੈ, ਜਿਸ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਭੂਮੀ ਵਜੋਂ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਨੌਜਵਾਨ ਵੱਲੋਂ ਕੈਨੇਡਾ ਦੀ ਵੱਕਾਰੀ ਪੁਲੀਸ ਸੇਵਾ ਵਿੱਚ ਆਪਣੀ ਜਗ੍ਹਾ ਬਣਾਉਣਾ ਪਿੰਡ ਅਤੇ ਪਰਿਵਾਰ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਇਸ ਪ੍ਰਾਪਤੀ ਪ੍ਰਤੀ ਯਸ਼ਵੀਰ ਦਾ ਕਹਿਣਾ ਸੀ ਕਿ ਜੇ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਅਤੇ ਮਾਪਿਆਂ ਦਾ ਸਹਿਯੋਗ ਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਉਹ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਆਪਣੀ ਪਛਾਣ ਬਣਾਈ ਜਾ ਸਕਦੀ ਹੈ।
ਯਸ਼ਵੀਰ ਨੇ ਇਹ ਪ੍ਰਾਪਤੀ ਆਪਣੇ ਪਿਤਾ ਸੁਰਿੰਦਰਪਾਲ ਸਿੰਘ ਦੋਸਾਂਝ ਅਤੇ ਮਾਤਾ ਕਿਰਨਜੀਤ ਕੌਰ (ਦੋਵੇਂ ਸੇਵਾ ਮੁਕਤ ਅਧਿਆਪਕ) ਨੂੰ ਸਮਰਪਿਤ ਕੀਤੀ ਹੈ।
ਪੰਜਾਬੀ ਟ੍ਰਿਬਯੂਨ