ਪਿੰਡ ਰੱਲਾ ਵਿੱਚ ਇੰਦਰਾ ਆਵਾਸ ਯੋਜਨਾ ਤਹਿਤ ਬੇਜ਼ਮੀਨੇ ਦਲਿਤਾਂ ਤੇ ਗ਼ਰੀਬ ਪਰਿਵਾਰਾਂ ਦੇ ਰਹਿਣ ਲਈ ਬਣਾਈ ਕਲੋਨੀ 42 ਸਾਲਾਂ ਬਾਅਦ ਵੀ ਵਸਣ ਦੀ ਬਜਾਏ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦਾ ਅੱਡਾ ਬਣ ਚੁੱਕੀ ਹੈ। ਸਾਲ 1982 ਵਿੱਚ ਤਤਕਾਲੀ ਮੁੱਖ ਮੰਤਰੀ…
19 ਨਵੰਬਰ, 2026 – ਜੋਗਾ : ਪਿੰਡ ਰੱਲਾ ਵਿੱਚ ਇੰਦਰਾ ਆਵਾਸ ਯੋਜਨਾ ਤਹਿਤ ਬੇਜ਼ਮੀਨੇ ਦਲਿਤਾਂ ਤੇ ਗ਼ਰੀਬ ਪਰਿਵਾਰਾਂ ਦੇ ਰਹਿਣ ਲਈ ਬਣਾਈ ਕਲੋਨੀ 42 ਸਾਲਾਂ ਬਾਅਦ ਵੀ ਵਸਣ ਦੀ ਬਜਾਏ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦਾ ਅੱਡਾ ਬਣ ਚੁੱਕੀ ਹੈ। ਸਾਲ 1982 ਵਿੱਚ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਵੇਲੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਕੇ ਕੇ ਮਿਸ਼ਰਾ ਨੇ 100 ਲੋੜਵੰਦ ਪਰਿਵਾਰਾਂ ਲਈ ਇਸ ਕਲੋਨੀ ਦਾ ਨੀਂਹ ਪੱਥਰ ਰੱਖਿਆ ਸੀ।
ਅਲਾਟ ਹੋਏ ਮਕਾਨਾਂ ਦੇ ਮਾਲਕਾਂ ਅਤੇ ਪਿੰਡ ਵਾਸੀਆਂ ਅਨੁਸਾਰ ਪ੍ਰਸ਼ਾਸਨ ਤੇ ਪੇਂਡੂ ਧਨਾਢ ਹਾਕਮਾਂ ਦੀ ਨਾਕਸ ਯੋਜਨਾਬੰਦੀ ਕਾਰਨ ਇੱਥੇ ਕੋਈ ਵਸ ਨਹੀਂ ਸਕਿਆ। ਇਹ ਕਲੋਨੀ ਪਿੰਡ ਤੋਂ ਕਾਫ਼ੀ ਦੂਰ ਜੰਗਲਨੁਮਾ ਰੇਤਲੇ ਟਿੱਬਿਆਂ ਵਿੱਚ ਬਣਾਈ ਸੀ, ਜਿੱਥੇ ਬਿਜਲੀ-ਪਾਣੀ ਵਰਗੀ ਕੋਈ ਵੀ ਮੁੱਢਲੀ ਸਹੂਲਤ ਨਾ ਹੋਣ ਕਾਰਨ ਗ਼ਰੀਬ ਪਰਿਵਾਰਾਂ ਨੇ ਇੱਥੇ ਰਿਹਾਇਸ਼ ਨਹੀਂ ਕੀਤੀ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਅਤੇ ਮਾਸਟਰ ਬਿੱਕਰ ਸਿੰਘ ਰੱਲਾ ਨੇ ਕਿਹਾ ਕਿ ਸੱਤਾਧਾਰੀ ਪਾਰਟੀਆਂ ਵੋਟਾਂ ਵੇਲੇ ਮਿੱਠੀਆਂ ਗੱਲਾਂ ਕਰ ਕੇ ਗ਼ਰੀਬਾਂ ਨੂੰ ਭਰਮਾ ਲੈਂਦੀਆਂ ਹਨ, ਪਰ ਕੁਰਸੀ ਮਿਲਦਿਆਂ ਹੀ ਦਲਿਤ ਪਰਿਵਾਰਾਂ ਨੂੰ ਵਿਸਾਰ ਕੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਸਹੂਲਤਾਂ ਦੀ ਘਾਟ ਕਾਰਨ ਗ਼ਰੀਬਾਂ ਨੂੰ ਅਜੇ ਤੱਕ ਇਨ੍ਹਾਂ ਘਰਾਂ ਵਿੱਚ ਰਹਿਣਾ ਨਸੀਬ ਨਹੀਂ ਹੋਇਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਲੋਨੀ ਵਿੱਚ ਤੁਰੰਤ ਮੁੱਢਲੀਆਂ ਸਹੂਲਤਾਂ ਦੇ ਕੇ ਗ਼ਰੀਬ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਪੰਜਾਬੀ ਟ੍ਰਿਬਯੂਨ