ਠੀਕ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਮਾਲਕ
ਦੋ ਸਾਲਾਂ ਤੋਂ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ
20 ਨਵੰਬਰ, 2026 – ਬਠਿੰਡਾ : ਇੱਥੋਂ ਦਾ ਇੱਕ ਸਥਾਨਕ ਨਿਵਾਸੀ ਟਰਾਂਸਪੋਰਟ ਵਿਭਾਗ ਦੇ ਰਿਕਾਰਡ ਵਿੱਚ ਹੋਈ ਕਥਿਤ ਗ਼ਲਤੀ ਨੂੰ ਠੀਕ ਕਰਵਾਉਣ ਲਈ ਪਿਛਲੇ ਦੋ ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਉਸ ਨੂੰ ਪਤਾ ਲੱਗਾ ਕਿ ਸਰਕਾਰੀ ਰਿਕਾਰਡ ਵਿੱਚ ਉਸ ਦੇ ਮੋਟਰਸਾਈਕਲ ਦਾ ਰਜਿਸਟ੍ਰੇਸ਼ਨ ਨੰਬਰ ਕਿਸੇ ਕਾਰ ਦੇ ਨਾਂ ‘ਤੇ ਦਰਜ ਹੈ।
ਹਾਜੀ ਰਤਨ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ 2011 ਵਿੱਚ ਇੱਕ ਮੋਟਰਸਾਈਕਲ ਖ਼ਰੀਦਿਆ ਸੀ ਅਤੇ ਇਸ ਨੂੰ PB03X6728 ਨੰਬਰ ਤਹਿਤ ਰਜਿਸਟਰ ਕਰਵਾਇਆ ਸੀ।
ਹਾਲਾਂਕਿ, ਜਦੋਂ ਵੀ ਉਹ ਇੰਸ਼ੋਰੈਂਸ ਰੀਨਿਊ ਜਾਂ ਪ੍ਰਦੂਸ਼ਣ ਕੰਟਰੋਲ (ਪੀਯੂਸੀ) ਸਰਟੀਫਿਕੇਟ ਲੈਣ ਲਈ ਅਧਿਕਾਰੀਆਂ ਕੋਲ ਜਾਂਦਾ ਹੈ, ਤਾਂ ਔਨਲਾਈਨ ਰਿਕਾਰਡ ਵਿੱਚ ਇਸ ਰਜਿਸਟ੍ਰੇਸ਼ਨ ਨੰਬਰ ‘ਤੇ ਕਾਰ ਦਿਖਾਈ ਦਿੰਦੀ ਹੈ।
ਇਹ ਗੜਬੜੀ ਹੁਣ ਉਸ ਲਈ ਵੱਡੀ ਮੁਸੀਬਤ ਬਣ ਗਈ ਹੈ ਕਿਉਂਕਿ ਉਸ ਦੇ ਮੋਟਰਸਾਈਕਲ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦੀ ਮਿਆਦ ਪੁੱਗ ਚੁੱਕੀ ਹੈ ਅਤੇ ਉਹ ਇਸ ਨੂੰ ਰੀਨਿਊ ਕਰਵਾਉਣ ਵਿੱਚ ਅਸਮਰੱਥ ਹੈ।
ਇੱਕ ਟਰਾਂਸਫਾਰਮਰ ਕੰਪਨੀ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਰਾਕੇਸ਼ ਨੇ ਦੱਸਿਆ ਕਿ ਉਹ 2024 ਤੋਂ ਟਰਾਂਸਪੋਰਟ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਦੇ ਗੇੜੇ ਮਾਰ ਰਿਹਾ ਹੈ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ।
ਉਸ ਨੇ ਕਿਹਾ, “ਮੇਰੇ ਕੋਲ ਮੋਟਰਸਾਈਕਲ ਦਾ ਅਸਲ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪੂਰੀ ਫਾਈਲ ਮੌਜੂਦ ਹੈ। ਪਰ ਜਦੋਂ ਵੀ ਮੈਂ ਇੰਸ਼ੋਰੈਂਸ ਰੀਨਿਊ ਜਾਂ ਪ੍ਰਦੂਸ਼ਣ ਸਰਟੀਫਿਕੇਟ ਲਈ ਜਾਂਦਾ ਹਾਂ, ਤਾਂ ਰਿਕਾਰਡ ਵਿੱਚ ਮੇਰੇ ਰਜਿਸਟ੍ਰੇਸ਼ਨ ਨੰਬਰ ਅੱਗੇ ਕਾਰ ਦਿਖਾਈ ਦਿੰਦੀ ਹੈ। ਮੈਂ ਕਈ ਵਾਰ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਅਤੇ ਮੋਟਰ ਵਹੀਕਲ ਇੰਸਪੈਕਟਰ ਕੋਲ ਪਹੁੰਚ ਕਰ ਚੁੱਕਾ ਹਾਂ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।”
ਉਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਨੂੰ ਵਾਰ-ਵਾਰ ਅਰਜ਼ੀਆਂ ਦੇਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਗ਼ਲਤੀ ਠੀਕ ਕਰ ਦਿੱਤੀ ਜਾਵੇਗੀ, ਪਰ ਕੁਝ ਵੀ ਨਹੀਂ ਬਦਲਿਆ।
ਰਾਕੇਸ਼ ਨੇ ਦੱਸਿਆ ਕਿ ਉਸ ਨੂੰ ਮੋਟਰਸਾਈਕਲ ‘ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਵਾਉਣ ਵੇਲੇ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਨੇ ਕਿਹਾ, “ਮੈਂ 2024 ਤੋਂ ਸ਼ਿਕਾਇਤਾਂ ਕਰ ਰਿਹਾ ਹਾਂ। ਹਰ ਵਾਰ ਮੈਨੂੰ ਕਿਹਾ ਜਾਂਦਾ ਹੈ ਕਿ ਮਾਮਲਾ ਹੱਲ ਹੋ ਜਾਵੇਗਾ, ਪਰ ਮੈਂ ਅਜੇ ਵੀ ਦਫ਼ਤਰਾਂ ਵਿਚਾਲੇ ਭਟਕ ਰਿਹਾ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਾਹਨ ਦੀ ਡਿਲੀਵਰੀ ਲੈਣ ਅਤੇ ਘਰ ਪਰਤਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ।”
ਇਸ ਸਬੰਧੀ ਬਠਿੰਡਾ ਦੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਏ ਡੀ ਟੀ ਓ) ਗੁਰਤੇਜ ਸਿੰਘ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿੱਚ ਗ਼ਲਤੀ ਕਾਰਨ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਉਨ੍ਹਾਂ ਨੂੰ ਦਫ਼ਤਰ ਵਿੱਚ ਮਿਲ ਸਕਦਾ ਹੈ। ਉਨ੍ਹਾਂ ਕਿਹਾ, “ਜੇਕਰ ਕਿਸੇ ਨੂੰ ਰਿਕਾਰਡ ਵਿੱਚ ਗ਼ਲਤੀ ਕਾਰਨ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਹ ਦਫ਼ਤਰੀ ਸਮੇਂ ਦੌਰਾਨ ਕਿਸੇ ਵੀ ਵੇਲੇ ਮੈਨੂੰ ਮਿਲ ਸਕਦੇ ਹਨ। ਅਸੀਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ।”
ਪੰਜਾਬੀ ਟ੍ਰਿਬਯੂਨ