ਚੋਲਾ ਸਾਹਿਬ ਦਾ ਇਤਿਹਾਸ ਤੇ ਮਾਨਤਾਵਾਂ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਦੂਰ-ਦੁਰਾਡੇ ਬਹੁਤ ਸਾਰੀਆਂ ਥਾਵਾਂ ਦੀ ਯਾਤਰਾ ਕੀਤੀ। ਹਿੰਦੂਆਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ ਦਾ ਰੁਤਬਾ ਰੱਖਣ ਵਾਲੇ ਗੁਰੂ ਜੀ ਆਪਣੀ ਸ਼ਖ਼ਸੀਅਤ ਕਰਕੇ ਆਮ ਲੋਕਾਂ ’ਚ ਲੋਕ ਨਾਇਕ ਵਜੋਂ ਪ੍ਰਵਾਨਿਤ ਹੋਏ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਦੂਰ-ਦੁਰਾਡੇ ਬਹੁਤ ਸਾਰੀਆਂ ਥਾਵਾਂ ਦੀ ਯਾਤਰਾ ਕੀਤੀ। ਹਿੰਦੂਆਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ ਦਾ ਰੁਤਬਾ ਰੱਖਣ ਵਾਲੇ ਗੁਰੂ ਜੀ ਆਪਣੀ ਸ਼ਖ਼ਸੀਅਤ ਕਰਕੇ ਆਮ ਲੋਕਾਂ ’ਚ ਲੋਕ ਨਾਇਕ ਵਜੋਂ ਪ੍ਰਵਾਨਿਤ ਹੋਏ। ਜਿਸ ਦਾ ਸਮਾਜ ’ਚ ਵਿਸ਼ੇਸ਼ ਸਥਾਨ ਹੋਵੇ, ਵੱਖਰੀ ਦੇਣ ਹੋਵੇ, ਪ੍ਰਤਿਭਾਸ਼ਾਲੀ ਸ਼ਖ਼ਸੀਅਤ ਹੋਵੇ, ਸੁਭਾਵਿਕ ਹੈ ਉਸ ਸਬੰਧੀ ਲੋਕਧਾਰਾਈ ਵਰਤਾਰੇ ਵੀ ਜਨਮ ਲੈਣਗੇ। ਗੁਰੂ ਜੀ ਨਾਲ ਸਬੰਧਿਤ ਵੱਡੀ ਮਾਤਰਾ ’ਚ ਲੋਕਧਾਰਾਈ ਵਰਤਾਰਿਆਂ ਦਾ ਪੈਦਾ ਹੋਣਾ ਇਸੇ ਗੱਲ ਦਾ ਹੀ ਸਿੱਟਾ ਹੈ। ਲੋਕ ਸਮੂਹ ਨੇ ਬਹੁਤ ਸਾਰੇ ਲੋਕਧਾਰਾਈ ਵਰਤਾਰਿਆਂ ਨੂੰ ਗੁਰੂ ਜੀ ਨਾਲ ਜੋੜਿਆ। ਬਹੁਤ ਸਾਰੀਆਂ ਮਿਥਾਂ ਤੇ ਦੰਤ ਕਥਾਵਾਂ ਗੁਰੂ ਜੀ ਦੇ ਜੀਵਨ ਨਾਲ ਜੋੜੀਆਂ ਗਈਆਂ ਹਨ। ਗੁਰੂ ਜੀ ਨਾਲ ਕਈ ਤਰ੍ਹਾਂ ਦੇ ਵਿਸ਼ਵਾਸ ਤੇ ਮਨੌਤਾਂ ਜੁੜੀਆਂ ਹੋਈਆਂ ਹਨ। ਇਹ ਵਿਸ਼ਵਾਸ ਗੁਰੂ ਜੀ ਨਾਲ ਸਬੰਧਿਤ ਵਸਤਾਂ ਤੇ ਅਸਥਾਨਾਂ ਨਾਲ ਸਬੰਧਿਤ ਹਨ। ਇਹ ਵਿਸ਼ਵਾਸ ਸ਼ਾਇਦ ਸਥਾਨਕ ਲੋਕਾਂ ਦੀ ਉਪਜ ਹਨ ਤੇ ਬਾਅਦ ’ਚ ਲੋਕ ਸਮੂਹ ਨੇ ਇਨ੍ਹਾਂ ਨੂੰ ਹੌਲੀ-ਹੌਲੀ ਪ੍ਰਚਲਿਤ ਕੀਤਾ ਹੈ। ਗੁਰੂ ਜੀ ਨਾਲ ਸਬੰਧਿਤ ਲੋਕਧਾਰਾ ਨਾਲ ਜੁੜੇ ਹੋਏ ਅਹਿਮ ਵਰਤਾਰਿਆਂ ’ਚ ਕੁਝ ਮਹੱਤਵਪੂਰਨ ਯਾਦਗਾਰੀ ਵਸਤਾਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਅੱਜ ਤੱਕ ਸਾਂਭੀਆਂ ਪਈਆਂ ਹਨ। ਇਨ੍ਹਾਂ ਵਸਤਾਂ ਨਾਲ ਕਈ ਤਰ੍ਹਾਂ ਦੀ ਲੋਕਧਾਰਾ ਜੁੜੀ ਹੋਈ ਹੈ। ਇਨ੍ਹਾਂ ਵਸਤਾਂ ਦੀ ਪ੍ਰਾਪਤੀ, ਵਰਤੋਂ ਤੇ ਵਿਸ਼ੇਸ਼ਤਾ ਸਬੰਧੀ ਕਈ ਰਵਾਇਤਾਂ ਪ੍ਰਚਲਿਤ ਹਨ।
ਪ੍ਰਚਲਿਤ ਹਨ ਕਈ ਕਥਾਵਾਂ
ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਨਿਆ ਹੋਇਆ ਇਕ ਚੋਲਾ ਸ਼ੁਸ਼ੋਭਿਤ ਹੈ। ਇਸ ਚੋਲੇ ਸੰਬੰਧੀ ਕਈ ਤਰ੍ਹਾਂ ਦੀਆਂ ਕਥਾਵਾਂ ਪ੍ਰਚਲਿਤ ਹਨ। ਇਨ੍ਹਾਂ ਕਥਾਵਾਂ ਦੇ ਵੇਰਵੇ ਆਪਸ ’ਚ ਨਹੀਂ ਮਿਲਦੇ। ਕੁਝ ਪ੍ਰਚਲਿਤ ਰਵਾਇਤਾਂ ਇਸ ਤਰ੍ਹਾਂ ਹਨ। ਪਹਿਲੀ ਰਵਾਇਤ ਮੁਤਾਬਿਕ ਜਦੋਂ ਗੁਰੂ ਜੀ ਅਰਬ ਦੇ ਮੁਖੀ ਸੂਫ਼ੀ ਫ਼ਕੀਰ ਨੂੰ ਮਿਲੇ ਤਾਂ ਲਾਜਵਰਦ ਬਾਦਸ਼ਾਹ ਨੇ ਆਪ ਜੀ ਨੂੰ ਚੋਲਾ ਭੇਟ ਕੀਤਾ ਜੋ ਆਪ ਨੇ ਪਹਿਨ ਲਿਆ। ਇਸ ਚੋਲੇ ਉੱਪਰ 30 ਸੁਪਾਰੇ ਕੁਰਾਨ ਤੇ ਅਰਬੀ ਫ਼ਾਰਸੀ ਅਬਜਦ ਭਾਵ ਪੰਜ ਪ੍ਰਕਾਰ ਦੇ ਅੱਖਰ ਲਿਖੇ ਹੋਏ ਹਨ । ਗੁਰੂ ਜੀ ਨੇ ਚਾਰੇ ਉਦਾਸੀਆਂ ਸਮਾਪਤ ਕਰ ਕੇ ਕਰਤਾਰਪੁਰ ਪਹੁੰਚ ਕੇ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਲਏ। ਇਸ ਚੋਲੇ ਤੋਂ ਇਲਾਵਾ ਗੁਰੂ ਜੀ ਕੋਲ ਪੰਜ ਚੀਜ਼ਾਂ ਹੋਰ ਵੀ ਸਨ, ਜੋ ਸਾਰੀਆਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਆਪਣੇ ਕੋਲ ਰੱਖੀਆਂ। ਇਹ ਚੀਜ਼ਾਂ ਸਨ ਸੇਲ੍ਹੀ, ਟੋਪੀ, ਪਊਏ, ਮਾਲਾ ਤੇ ਪੋਥੀ ਸਾਹਿਬ। ਚੋਲਾ ਸਾਹਿਬ ਤੇ ਇਹ ਪੰਜ ਚੀਜ਼ਾਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ, ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ, ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਦੂਰੋਂ-ਦੂਰੋਂ ਸਿੱਖ ਸੰਗਤ ਸੇਵਾ ਕਰਨ ਲਈ ਆਈ, ਜਿਨ੍ਹਾਂ ’ਚੋਂ ਇਕ ਭਾਈ ਤੋਤਾ ਰਾਮ ਸੀ, ਜੋ ਬਲਖ ਬੁਖਾਰੇ ਦਾ ਰਹਿਣ ਵਾਲਾ ਸੀ। ਇਸ ਨੇ ਬਹੁਤ ਸੇਵਾ ਕੀਤੀ। ਕਿਹਾ ਜਾਂਦਾ ਹੈ ਕਿ ਇਸ ਦੇ ਪੈਰ ਉੱਪਰ ਕਹੀ ਲੱਗ ਗਈ ਪਰ ਇਹ ਫੇਰ ਵੀ ਸੇਵਾ ਕਰਨ ਤੋਂ ਨਾ ਹਟਿਆ। ਕਿਸੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਭਾਈ ਤੋਤਾ ਰਾਮ ਦੇ ਕਹੀ ਲੱਗ ਗਈ ਹੈ ਤੇ ਉਹ ਫਿਰ ਵੀ ਸੇਵਾ ਕਰ ਰਿਹਾ ਹੈ ਤਾਂ ਗੁਰੂ ਜੀ ਨੇ ਤੋਤਾ ਰਾਮ ਨੂੰ ਬੁਲਾ ਕੇ ਆਖਿਆ ਕਿ ਤੇਰੀ ਸੇਵਾ ਕਬੂਲ ਹੋ ਗਈ ਹੈ, ਜੋ ਕੁਝ ਮੰਗਣਾ ਚਾਹੁੰਦਾ ਏਂ ਮੰਗ ਲੈ ਤਾਂ ਤੋਤਾ ਰਾਮ ਨੇ ਆਖਿਆ ਕਿ ਗੁਰੂ ਜੀ ! ਮੇਰਾ ਇਲਾਕਾ ਸਿੱਖੀ ਤੋਂ ਰਹਿਤ ਹੈ, ਕੋਈ ਸਿੱਖੀ ਦਾਨ ਬਖ਼ਸ਼ ਦਿਓ। ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੀੜ ਤਿਆਰ ਨਹੀਂ ਸੀ। ਗੁਰੂ ਜੀ ਨੇ ਉਹ ਛੇ ਚੀਜ਼ਾਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਗੁਰੂ ਜੀ ਕੋਲ ਆਈਆਂ ਸਨ, ਆਪਣੇ ਸਿੱਖਾਂ ’ਚ ਵੰਡ ਦਿੱਤੀਆਂ, ਜਿਨ੍ਹਾਂ ’ਚੋਂ ਸੇਲ੍ਹੀ ਤੇ ਟੋਪੀ ਕੀਰਤਪੁਰ ਸਾਹਿਬ, ਮਾਲਾ, ਪਊਏ ਤੇ ਪੋਥੀ ਸਾਹਿਬ ਗੁਰੂ ਹਰਿਸਹਾਏ ਤੇ ਚੋਲਾ ਸਾਹਿਬ ਭਾਈ ਤੋਤਾ ਰਾਮ ਨੂੰ ਦੇ ਦਿੱਤਾ। ਭਾਈ ਤੋਤਾ ਰਾਮ ਚੋਲਾ ਸਾਹਿਬ ਨੂੰ ਆਪਣੇ ਸ਼ਹਿਰ ਲੈ ਗਿਆ ਤੇ ਜਿੰਨਾ ਚਿਰ ਤੱਕ ਉਸ ਦਾ ਸਰੀਰ ਰਿਹਾ, ਉਹ ਸੰਗਤ ਨੂੰ ਚੋਲਾ ਸਾਹਿਬ ਦੇ ਦਰਸ਼ਨ ਕਰਵਾਉਂਦਾ ਰਿਹਾ। ਜਦੋਂ ਉਸ ਦਾ ਅੰਤ ਸਮਾਂ ਆਇਆ ਤਾਂ ਉਸ ਨੇ ਸੋਚਿਆ ਕਿ ਮੇਰੇ ਧੀਆਂ- ਪੁੱਤ ਇਸ ਮਹਾਨ ਚੀਜ਼ ਦੀ ਬੇਅਦਬੀ ਨਾ ਕਰਨ ਤਾਂ ਉਸ ਨੇ ਚੋਲੇ ਨੂੰ ਪਹਾੜ ਦੀ ਗੁਫ਼ਾ ’ਚ ਰੱਖ ਕੇ ਉਸ ਦੇ ਅੱਗੇ ਭਾਰੀ ਪੱਥਰ ਦੇ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜ੍ਹੀ ਬਾਬਾ ਕਾਬਲੀ ਮੱਲ ਜੀ ਸਨ। ਲੋਕ ਮਾਨਤਾ ਅਨੁਸਾਰ ਇਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਪਨੇ ’ਚ ਕਾਬਲੀ ਮੱਲ ਨੂੰ ਕਿਹਾ ਕਿ ਉਨ੍ਹਾਂ ਦੇ ਅੰਗ ਦਾ ਬਸਤਰ ਬਲਖ ਬੁਖਾਰੇ ਦੇ ਪਹਾੜ ’ਚ ਪਿਆ ਹੈ, ਉਸ ਨੂੰ ਲੈ ਆਓ। ਬਾਬਾ ਕਾਬਲੀ ਮੱਲ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਕੁਝ ਸਮੇਂ ਬਾਅਦ ਬਲਖ ਬੁਖਾਰੇ ਪਹੁੰਚੇ ਤਾਂ ਉੱਥੋਂ ਦੀ ਸੰਗਤ ਨੇ ਆਖਿਆ ਕਿ ਚੋਲਾ ਸਾਹਿਬ ਤਾਂ ਪਹਾੜ ਦੀ ਗੁਫ਼ਾ ’ਚ ਹੈ ਪਰ ਇਸ ਅੱਗੇ ਪਿਆ ਪੱਥਰ ਨਹੀਂ ਹਟਦਾ। ਕਿਹਾ ਜਾਂਦਾ ਹੈ ਕਿ ਰਾਤ ਨੂੰ ਗੁਰੂ ਜੀ ਨੇ ਸੁਪਨੇ ’ਚ ਫਿਰ ਕਾਬਲੀ ਮੱਲ ਨੂੰ ਦਰਸ਼ਨ ਦੇ ਕੇ ਕਿਹਾ ਕਿ ਅੰਮਿ੍ਰਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਪੰਜ ਛਿੱਟੇ ਜਲ ਦੇ ਮਾਰੋ। ਕਾਬਲੀ ਮੱਲ ਨੇ ਅੰਮਿ੍ਰਤ ਵੇਲੇ ਉੱਠ ਕੇ ਇਸੇ ਤਰ੍ਹਾਂ ਕੀਤਾ ਤਾਂ ਮੰਨਿਆ ਜਾਂਦਾ ਹੈ ਕਿ ਪੱਥਰ ਆਪਣੇ ਆਪ ਗੁਫ਼ਾ ਦੇ ਮੂੰਹ ਤੋਂ ਪਾਸੇ ਹੋ ਗਿਆ। ਬਾਬਾ ਕਾਬਲੀ ਮੱਲ ਜੀ ਉੱਥੋਂ ਚੋਲਾ ਸਾਹਿਬ ਲੈ ਕੇ 21 ਫੱਗਣ 1817 ਨੂੰ ਡੇਰਾ ਬਾਬਾ ਨਾਨਕ ਪਹੁੰਚੇ। (ਬਾਬਾ ਹਰਦੀਪ ਸਿੰਘ ਬੇਦੀ ਵੱਲੋਂ ਪ੍ਰਕਾਸ਼ਿਤ ਸਾਖੀ ਸ੍ਰੀ ਚੋਲਾ ਸਾਹਿਬ ਜੀ ’ਚੋਂ) ਇਹ ਚੋਲਾ ਅੱਜਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਸ਼ੁਸ਼ੋਭਿਤ ਹੈ, ਜਿਸ ਦੀ ਸੰਭਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ’ਚੋਂ ਬਾਬਾ ਹਰਦੀਪ ਸਿੰਘ ਬੇਦੀ ਕਰ ਰਹੇ ਹਨ।
ਦੂਜੀ ਰਵਾਇਤ ਮੁਤਾਬਿਕ ਇਹ ਚੋਲਾ ਉਦੋਂ ਗੁਰੂ ਨਾਨਕ ਦੇਵ ਜੀ ਨੂੰ ਨਿਰੰਕਾਰ ਕੋਲੋਂ ਪ੍ਰਾਪਤ ਹੋਇਆ ਸੀ ਜਦੋਂ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ’ਚ ਟੁੱਭੀ ਲਾਈ ਤੇ ਫਿਰ ਤਿੰਨ ਦਿਨ ਲੋਪ ਰਹੇ। ਇਨ੍ਹਾਂ ਤਿੰਨਾਂ ਦਿਨਾਂ ’ਚ ਉਹ ਸੱਚਖੰਡ ’ਚ ਰਹੇ ਤੇ ਇਹ ਚੋਲਾ ਉਨ੍ਹਾਂ ਨੂੰ ਉਦਾਸੀ ਧਾਰਨ ਕਰਨ ਤੇ ਸੰਸਾਰ ਦਾ ਕਲਿਆਣ ਕਰਨ ਵਾਸਤੇ ਮਿਲਿਆ ਸੀ। ਚਾਰ ਉਦਾਸੀਆਂ ਪੂਰੀਆਂ ਹੋਣ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਪਹੁੰਚੇ ਤੇ ਆਪਣੇ ਇਸ ਚੋਲੇ ਨੂੰ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਲਏ।
ਇਕ ਹੋਰ ਰਵਾਇਤ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚੇ ਤਾਂ ਗੁਰੂ ਜੀ ਨੇ ਕਾਜ਼ੀ ਨੂੰ ਇਹ ਚੋਲਾ ਸਾਹਿਬ ਸੌਗਾਤ ਵਜੋਂ ਦੇ ਦਿੱਤਾ। ਇਸ ਰਵਾਇਤ ਮੁਤਾਬਿਕ ਬਾਬਾ ਕਾਬਲੀ ਮੱਲ ਜੀ ਇਸ ਚੋਲੇ ਨੂੰ ਲੈ ਕੇ ਫੱਗਣ 1750 ਬਿਕਰਮੀ ਨੂੰ ਡੇਰਾ ਬਾਬਾ ਨਾਨਕ ਪਹੁੰਚੇ। ਇਸ ਅਸਥਾਨ ’ਤੇ 4 ਤੋਂ 7 ਮਾਰਚ ਤੱਕ ਹਰ ਸਾਲ ਭਾਰੀ ਮੇਲਾ ਲਗਦਾ ਹੈ।
ਚੌਰ ਸਾਹਿਬ
ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਨਾਲ ਇਕ ਪੁਰਾਤਨ ਚੌਰ ਸਾਹਿਬ ਵੀ ਪਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਚੌਰ ਸਾਹਿਬ ਵੀ ਚੋਲਾ ਸਾਹਿਬ ਦੇ ਨਾਲ ਹੀ ਪ੍ਰਾਪਤ ਹੋਇਆ ਸੀ।
ਅੱਠ–ਨੁੱਕਰਾ ਖੂਹ
ਡੇਰਾ ਬਾਬਾ ਨਾਨਕ ਵਿਖੇ ਇਕ ਅੱਠ-ਨੁੱਕਰਾ ਖੂਹ ਹੈ, ਜਿਸ ਨੂੰ ਸ੍ਰੀ ਚੰਦ ਦਾ ਖੂਹ ਕਿਹਾ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਨਾਲ ਅਠਰਾਹ ਦਾ ਰੋਗ ਦੂਰ ਹੁੰਦਾ ਹੈ।
ਰੁਮਾਲ
ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਨਾਲ ਇਕ ਰੁਮਾਲ ਸੁਸ਼ੋਭਿਤ ਹੈ। ਇਸ ਰੁਮਾਲ ਉੱਤੇ ਫੁੱਲ, ਬੂਟੇ, ਮੋਰ, ਹਿਰਨ, ਵੇਲਾਂ, ਔਰਤਾਂ ਆਦਿ ਦੇ ਚਿੱਤਰ ਬਣਾਏ ਹੋਏ ਹਨ। ਇਹ ਰੁਮਾਲ ਕਾਂਗੜਾ ਸ਼ੈਲੀ ’ਚ ਕੱਢਿਆ ਹੋਇਆ ਹੈ। ਇਹ ਰੁਮਾਲ ਬੇਬੇ ਨਾਨਕੀ ਦੇ ਹੱਥਾਂ ਦਾ ਕੱਢਿਆ ਹੋਇਆ ਦੱਸਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਰੁਮਾਲ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਉਨ੍ਹਾਂ ਦੀ ਸ਼ਾਦੀ ਸਮੇਂ ਭੇਟ ਕੀਤਾ ਸੀ।
ਸਰਜੀ ਸਾਹਿਬ
ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸਰਜੀ ਸਾਹਿਬ ਹੈ। ਇੱਥੇ ਅਜਿਤੇ ਰੰਧਾਵੇ ਦਾ ਇਕ ਖੂਹ ਹੈ, ਜੋ ਉਸ ਨੇ ਗੁਰੂ ਜੀ ਨੂੰ ਜ਼ਮੀਨ ਸਮੇਤ ਭੇਟ ਕੀਤਾ ਸੀ। ਇਸ ਖੂਹ ਦੇ ਜਲ ਨੂੰ ਪਵਿੱਤਰ ਸਮਝ ਕੇ ਅੱਗ ’ਤੇ ਨਹੀਂ ਧਰਿਆ ਜਾਂਦਾ। ਇੱਥੋਂ ਦੇ ਵਸਨੀਕਾਂ ਵੱਲੋਂ ਇਸ ਖੂਹ ਦੇ ਜਲ ਨੂੰ ਭੋਜਨ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਤੇ ਨਾ ਹੀ ਕੋਈ ਇਸ ਨਾਲ ਕੱਪੜੇ ਧੋਂਦਾ ਹੈ। ਇਹ ਜਲ ਕੇਵਲ ਇਸ਼ਨਾਨ ਕਰਨ ਤੇ ਛਕਣ ਵਾਸਤੇ ਵਰਤਿਆ ਜਾਂਦਾ ਹੈ।
ਲੌਂਗ ਦਾ ਪ੍ਰਸ਼ਾਦ
ਡੇਰਾ ਬਾਬਾ ਨਾਨਕ ਵਿਖੇ ਲੌਂਗ ਦੇ ਪ੍ਰਸ਼ਾਦ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਤੋਂ ਚਲੀ ਆ ਰਹੀ ਦੱਸੀ ਜਾਂਦੀ ਹੈ। ਲੋਕਾਂ ’ਚ ਇਹ ਵਿਸ਼ਵਾਸ ਹੈ ਕਿ ਜੇ ਕੋਈ ਔਰਤ ਬਾਂਝ ਹੋਵੇ ਤਾਂ ਉਸ ਦੀ ਕੁੱਖ ਹਰੀ ਕਰਨ ਲਈ ਇੱਥੇ ਲੌਂਗ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਗੁਰੂ ਜੀ ਨਾਲ ਸਬੰਧਿਤ ਇਨ੍ਹਾਂ ਵਸਤਾਂ ਨਾਲ ਕਈ ਤਰ੍ਹਾਂ ਦੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਜੁੜੇ ਹੋਏ ਹਨ। ਸੰਗਤ ਸ਼ਰਧਾ ਨਾਲ ਇਨ੍ਹਾਂ ਦੇ ਦਰਸ਼ਨ ਕਰਦੀ ਹੈ, ਸੁੱਖਣਾ ਸੁੱਖੀਆਂ ਜਾਂਦੀਆਂ ਹਨ, ਮੰਨਤਾਂ ਮੰਗੀਆਂ ਜਾਂਦੀਆਂ ਹਨ ਤੇ ਲੋਕਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਹ ਵਰਤਾਰੇ ਲੋਕ ਮਨ ਦੀ ਵਿਸ਼ੇਸ਼ ਸ਼ਰਧਾ ਨਾਲ ਜੁੜੇ ਹੁੰਦੇ ਹਨ।
– ਡਾ. ਆਤਮਾ ਸਿੰਘ ਗਿੱਲ
ਪੰਜਾਬੀ ਜਾਗਰਨ