ਦਰਸ਼ਕਾਂ ਨੇ ਵਿਲੱਖਣ ਗਾਥਾ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ
27 ਨਵੰਬਰ, 2026 – ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਦੇਰ ਸ਼ਾਮ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਪੇਸ਼ ਕੀਤਾ ਗਿਆ।
ਇਸ ਸ਼ੋਅ ਰਾਹੀਂ ਅੰਮ੍ਰਿਤਸਰ ਦੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਾਸਤ ਅਤੇ ਵਿਲੱਖਣ ਸੱਭਿਆਚਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਲਾਈਟ ਐਂਡ ਸਾਊਂਡ ਸ਼ੋਅ ਦਾ ਸੰਕਲਪ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ, ਜਿਨ੍ਹਾਂ ਦੀ ਦੇਖ-ਰੇਖ ਅਤੇ ਅਗਵਾਈ ਹੇਠ ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਇਸ ਵਿਸ਼ੇਸ਼ ਪ੍ਰਾਜੈਕਟ ਨੂੰ ਤਿਆਰ ਕਰਵਾਇਆ ਗਿਆ।
ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪ੍ਰਾਜੈਕਟ ਦਾ ਪਹਿਲਾ ਸ਼ੋਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਮੰਚ-ਰੰਗਮੰਚ ਵੱਲੋਂ ਪੇਸ਼ ਕੀਤਾ ਗਿਆ। ਇਹ ਪ੍ਰਾਜੈਕਟ ਅੰਮ੍ਰਿਤਸਰ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਹੈ।ਲਗਪਗ ਪੌਣੇ ਦੋ ਘੰਟੇ ਲੰਮੇ ਚਲੇ ਇਸ ਨਾਟਕ ਨੂੰ 20 ਦੇ ਕਰੀਬ ਕਲਾਕਾਰਾਂ ਨੇ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਨੇ ਤਿਆਰ ਕੀਤਾ ਅਤੇ ਨਾਟਕ ਵਿਚ ਸ੍ਰੀਮਤੀ ਜਤਿੰਦਰ ਕੌਰ, ਗੁਰਤੇਜ ਮਾਨ, ਸਾਜਨ ਕੋਹਿਨੂਰ, ਗੁਰਦਿੱਤ ਪਾਲ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ ਅਤੇ ਰਜਿਸਟਰਾਰ ਪ੍ਰੋ ਕੇ.ਐਸ. ਚਾਹਲ ਤੋਂ ਇਲਾਵਾ ਅਧਿਆਪਕ, ਅਧਿਕਾਰੀ, ਕਰਮਚਾਰੀ ਤੇ ਵਿਦਿਆਰਥੀ ਹਾਜ਼ਰ ਸਨ। ਵਾਈਸ ਚਾਂਸਲਰ ਨੇ ਨਾਟਕ ਦੇ ਲੇਖਕ ਅਤੇ ਡਾਇਰੈਕਟਰ ਕੇਵਲ ਧਾਲੀਵਾਲ, ਪ੍ਰਸਿੱਧ ਕਲਾਕਾਰ ਜਤਿੰਦਰ ਕੌਰ ਅਤੇ ਨਾਟਕ ਵਿਚ ਭਾਗ ਲੈਣ ਵਾਲਿਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਨਾਟਕ ਦੀ ਕਹਾਣੀ ਅੰਮ੍ਰਿਤਸਰ ਦੇ ਬਣਨ ਤੋਂ ਲੈ ਕੇ ਅੱਜ ਤੱਕ ਦੇ ਵਿਕਾਸ ਨਾਲ ਜੁੜੀ ਹੋਈ ਹੈ।
ਇਸ ਨਾਟਕ ਅੰਦਰ ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸਾਈਂ ਮੀਆਂ ਮੀਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਅਤੇ ਹੋਰ ਜੁਝਾਰੂਆਂ ਸਣੇ ਜੱਲ੍ਹਿਆਂਵਾਲਾ ਬਾਗ਼ ਦੀਆਂ ਘਟਨਾਵਾਂ ਤੋਂ ਇਲਾਵਾ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਦੇ ਅੰਦਰ ਵਸੇ ਹੋਏ ਛੋਟੇ-ਛੋਟੇ ਬਾਜ਼ਾਰਾਂ ਅਤੇ ਉਨ੍ਹਾਂ ਬਾਜ਼ਾਰਾਂ ਦੇ ਵਿਚ ਚੱਲਦੇ ਵਪਾਰ ਦੇ ਇਤਿਹਾਸ ਦਾ ਜ਼ਿਕਰ ਹੈ।
ਪੰਜਾਬੀ ਟ੍ਰਿਬਯੂਨ