ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਕਰੀਬ 2600 ਤੋਂ ਵੱਧ ਬੱਸਾਂ ਲਗਾਉਣ ਨਾਲ ਬੱਸਾਂ ਤੋਂ ਬਿਨਾਂ ਅੱਡੇ ਸੁੰਨੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਸੁੰਨ ਪਸਰੀ
27 ਨਵੰਬਰ, 2026 – ਮੋਗਾ : ਸੂਬੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਦੀ ਇੱਥੇ ਅੱਜ 26 ਨਵੰਬਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ‘ਖ਼ੁਸ਼ਹਾਲ ਪੰਜਾਬ ਰੈਲੀ’ ਲਈ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਕਰੀਬ 2600 ਤੋਂ ਵੱਧ ਬੱਸਾਂ ਲਗਾਉਣ ਨਾਲ ਬੱਸਾਂ ਤੋਂ ਬਿਨਾਂ ਅੱਡੇ ਸੁੰਨੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਸੁੰਨ ਪਸਰੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਯਾਤਰੀ ਖੱਜਲ-ਖੁਆਰ ਹੁੰਦੇ ਰਹੇ।
ਵੱਡੀ ਗਿਣਤੀ ਵਿੱਚ ਬੱਸਾਂ ਰੈਲੀ ਲਈ ਜਾਣ ਕਾਰਨ ਵੱਖ-ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਪੈਦਾ ਹੋ ਗਈ ਅਤੇ ਬੱਸ ਅੱਡਿਆਂ ’ਤੇ ਸਫ਼ਰ ਕਰਨ ਲਈ ਪਹੁੰਚੇ ਮੁਸਾਫ਼ਰਾਂ ਨੂੰ ਲੰਮਾ ਸਮਾਂ ਬੱਸਾਂ ਦੀ ਉਡੀਕ ਕਰਨੀ ਪਈ। ਜਾਣਕਾਰੀ ਮੁਤਾਬਕ ਇੰਨੀ ਵੱਡੀ ਗਿਣਤੀ ਵਿੱਚ ਸਰਕਾਰੀ ਬੱਸਾਂ ਰੈਲੀ ਲਈ ਤਾਇਨਾਤ ਕਰਨ ਨਾਲ ਆਮ ਲੋਕਾਂ ਨੂੰ ਜਨਤਕ ਆਵਾਜਾਈ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰ ਕਾਫ਼ੀ ਪਰੇਸ਼ਾਨ ਹੋਏ।
ਇੱਕ ਪਾਸੇ ਮੋਗਾ ਰੈਲੀ ਲਈ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਹਜ਼ਾਰਾਂ ਬੱਸਾਂ ਵਰਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਤਹਿਤ ਦਿੱਲੀ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਟਰਾਂਸਪੋਰਟਰਾਂ ਤੋਂ ਬੱਸਾਂ ਕਿਰਾਏ ’ਤੇ ਲੈਣ ਦੇ ਠੇਕੇ ਦਿੱਤੇ ਜਾ ਰਹੇ ਹਨ। ਸਰਕਾਰੀ ਬੱਸਾਂ ਰੈਲੀ ਵਿੱਚ ਹੋਣ ਕਰਕੇ ਨਿੱਜੀ ਬੱਸਾਂ ਦੀ ਚਾਂਦੀ ਰਹੀ ਅਤੇ ਔਰਤਾਂ ਨੂੰ ਵੀ ਮੁਫ਼ਤ ਬੱਸ ਸਹੂਲਤ ਤੋਂ ਵਾਂਝੀਆਂ ਰਹਿਣਾ ਪਿਆ।
ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੀ ਰੈਲੀ ਦੀਆਂ ਡਿਊਟੀਆਂ ’ਤੇ ਲਗਾਉਣ ਨਾਲ ਦਫ਼ਤਰੀ ਕੰਮਕਾਜ ਅਤੇ ਰੋਜ਼ਾਨਾ ਦੀਆਂ ਜਨਤਕ ਸੇਵਾਵਾਂ ਪ੍ਰਭਾਵਿਤ ਰਹੀਆਂ। ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹਨ ਕਿ ਜੇ ਪੰਜਾਬ ਸਰਕਾਰ ਆਪਣੀਆਂ ਹੀ ਟਰਾਂਸਪੋਰਟ ਕਾਰਪੋਰੇਸ਼ਨਾਂ ਦੀਆਂ ਬੱਸਾਂ ਰੈਲੀ ਲਈ ਵਰਤ ਸਕਦੀ ਹੈ, ਤਾਂ ਤੀਰਥ ਯਾਤਰਾ ਯੋਜਨਾ ਲਈ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ?
ਭਾਵੇਂ ਨਿੱਜੀ ਬੱਸ ਆਪਰੇਟਰਾਂ ਦੀਆਂ ਬੱਸਾਂ ਸੜਕਾਂ ’ਤੇ ਚੱਲਦੀਆਂ ਰਹਿਣ ਕਾਰਨ ਯਾਤਰੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ, ਪਰ ਕਈ ਮੁਸਾਫ਼ਰਾਂ ਨੂੰ ਆਪਣੀ ਯਾਤਰਾ ਵਿੱਚ ਦੇਰੀ ਕਰਨੀ ਪਈ, ਜਦਕਿ ਕੁਝ ਯਾਤਰੀਆਂ ਨੂੰ ਹੋਰ ਸਾਧਨਾਂ ਦਾ ਸਹਾਰਾ ਲੈਣਾ ਪਿਆ। ਜਿੱਥੇ ਬੱਸਾਂ ਤੋਂ ਬਿਨਾਂ ਅੱਡੇ ਸੁੰਨੇ ਰਹੇ, ਉੱਥੇ ਹੀ ਰੈਲੀ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਣ ਤੋਂ ਅਣਜਾਣ ਲੋਕ ਵੀ ਖੱਜਲ-ਖੁਆਰ ਹੁੰਦੇ ਰਹੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਸੁੰਨ ਪਸਰੀ ਦੇਖ ਕੇ ਉਨ੍ਹਾਂ ਨੂੰ ਨਿਰਾਸ਼ ਵਾਪਸ ਮੁੜਨਾ ਪਿਆ।
ਪੰਜਾਬੀ ਟ੍ਰਿਬਯੂਨ