ਡਾ. ਅਮਨਪ੍ਰੀਤ ਕੌਰ
ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ। ਮਹਾਰਾਜਾ ਰਣਜੀਤ ਨੇ ਕਾਫ਼ੀ ਵਿਆਹ ਕਰਾਏ। ਇਨ੍ਹਾਂ ਵਿੱਚੋਂ ਕੁਝ ਵਿਆਹ ਰਾਜਸੀ ਕਾਰਨਾਂ ਕਰਕੇ ਤੇ ਕੁੱਝ ਪਰਿਵਾਰਕ ਸਹਿਮਤੀ ਨਾਲ ਕਰਵਾਏ ਗਏ। ਮਹਾਰਾਜਾ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ।
ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ। ਮਹਾਰਾਜਾ ਰਣਜੀਤ ਨੇ ਕਾਫ਼ੀ ਵਿਆਹ ਕਰਾਏ। ਇਨ੍ਹਾਂ ਵਿੱਚੋਂ ਕੁਝ ਵਿਆਹ ਰਾਜਸੀ ਕਾਰਨਾਂ ਕਰਕੇ ਤੇ ਕੁੱਝ ਪਰਿਵਾਰਕ ਸਹਿਮਤੀ ਨਾਲ ਕਰਵਾਏ ਗਏ। ਮਹਾਰਾਜਾ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ। ਇਨ੍ਹਾਂ ਵਿੱਚੋਂ ਮਹਾਰਾਣੀ ਦਾ ਖਿਤਾਬ ਸਭ ਤੋਂ ਪਹਿਲਾਂ ਰਾਜ ਕੌਰ, ਖੜਕ ਸਿੰਘ ਦੀ ਮਾਤਾ ਨੂੰ ਮਿਲਿਆ, ਜਿਸ ਦੀ ਕਾਫ਼ੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੂਜੀਆਂ ਰਾਣੀਆਂ ਸਿੱਖ ਧਰਮ ਨਾਲ ਸਬੰਧਤ ਨਹੀਂ ਸਨ। ਇਸ ਲਈ ਸਿੱਖ ਧਰਮ ਦੇ ਪ੍ਰਭਾਵ ਹੇਠ ਮਹਾਰਾਣੀ ਦਾ ਖਿਤਾਬ ਦੇਣ ਲਈ ਕਿਸੇ ਅਜਿਹੀ ਲੜਕੀ ਦੀ ਜ਼ਰੂਰਤ ਸੀ, ਜੋ ਖਾਨਦਾਨੀ ਅਤੇ ਸਿੱਖ ਪਰਿਵਾਰ ਨਾਲ ਸਬੰਧਤ ਹੋਵੇ।
ਮਹਾਰਾਣੀ ਜਿੰਦਾਂ ਦਾ ਜਨਮ ਸਰਦਾਰ ਮੰਨਾ ਸਿੰਘ ਔਲਖ ਦੇ ਘਰ 1816ਈ. ਨੂੰ ਪਿੰਡ ਚਾਚੜ, ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਮਹਾਰਾਣੀ ਜਿੰਦਾਂ ਆਪਣੀ ਖ਼ੂਬਸੂਰਤੀ, ਸਿਆਣਪ ਤੇ ਸਲੀਕੇ ਕਰਕੇ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਹੈ। ਮਹਾਰਾਣੀ ਜਿੰਦਾਂ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ 1835 ਈ. ਵਿੱਚ ਹੋਇਆ। ਮਹਾਰਾਣੀ ਜਿੰਦਾਂ ਨੇ ਆਪਣੀ ਸਿਆਣਪ, ਸੁਭਾਅ, ਸੰਸਕਾਰ ਅਤੇ ਸੂਝ-ਬੂਝ ਨਾਲ ਬਾਕੀਆਂ ਰਾਣੀਆਂ, ਮਹਾਰਾਜਾ ਤੇ ਦਾਸੀਆਂ ਦੇ ਮਨਾਂ ਵਿੱਚ ਵੀ ਅਲੱਗ ਸਥਾਨ ਬਣਾ ਲਿਆ। ਮਹਾਰਾਣੀ ਜਿੰਦਾਂ ਨੇ ਸਿੱਖ ਰਾਜ ਦੀ ਚੜ੍ਹਤ ਦਾ ਸਮਾਂ ਵੀ ਦੇਖਿਆ, ਸਿੱਖ ਰਾਜ ਨੂੰ ਢਹਿੰਦੀਆਂ ਕਲਾਂ ਵਿੱਚ ਵੀ ਵੇਖਿਆ ਤੇ ਸਿੱਖ ਰਾਜ ਦਾ ਅੰਤ ਵੀ ਆਪਣੇ ਅੱਖੀ ਦੇਖਿਆ।
ਮਹਾਰਾਣੀ ਜਿੰਦਾਂ ਨੇ 4 ਸਤੰਬਰ 1838 ਵਾਲੇ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਜਨਮ ਦਿੱਤਾ। ਪਰ ਇਹ ਖ਼ੁਸ਼ੀਆਂ ਮਹਾਰਾਣੀ ਨੂੰ ਜ਼ਿਆਦਾ ਦੇਰ ਨਸੀਬ ਨਹੀਂ ਹੋਈਆਂ। 27 ਜੂਨ 1839 ਈ. ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਮਹਾਰਾਣੀ ਜਿੰਦਾਂ ਨੇ ਆਪਣੇ ਪੁੱਤਰ ਦਲੀਪ ਸਿੰਘ ਦੀ ਚੰਗੀ ਪਰਵਿਰਸ਼ ਕਰਨ ਦਾ ਸੰਕਲਪ ਲਿਆ।
ਮੋਇਆ ਸ਼ੇਰ ਪੰਜਾਬ ਦਾ,
ਧਾਹ ਜਿੰਦਾ ਮਾਰੀ।
ਉਹਦੇ ਭਾਅ ਦੀ ਉਲਟ ਗਈ,
ਅੱਜ ਦੁਨੀਆਂ ਸਾਰੀ।
ਤਖ਼ਤੋਂ ਧਰਤੀ ਢਹਿ ਪਈ,
ਉਹ ਰਾਜ ਦੁਲਾਰੀ।
ਵੇਖ ਸਹਾਰੀ।
ਸੁਰਗ ਸਾੜਿਆ ਉਸ ਦਾ,
ਸੁੱਟ ਕੇ ਅੰਗਿਆਰੀ।
ਕੱਖੋਂ ਹੌਲੀ ਹੋ ਗਈ,
ਲਾਲਾਂ ਤੋਂ ਭਾਰੀ।
ਛਾਤੀ ਘੁੱਟ ਦਲੀਪ ਨੂੰ,
ਉਹ ਇਉਂ ਪੁਕਾਰੀ।
ਤੇਰੇ ਬਦਲੇ ਜੀਵਾਂਗੀ,
ਮਾਂ ਸਦਕੇ! ਵਾਰੀ!!
(ਗਿਆਨੀ ਸੋਹਨ ਸਿੰਘ ਸੀਤਲ, ਦੁਖੀਏ ਮਾਂ ਪੁੱਤ)
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਨਾਲ ਹੀ ਸਿੱਖ ਰਾਜ ਦਾ ਸੂਰਜ ਡੁੱਬ ਗਿਆ। ਸੱਤਾ ਲਈ ਖਾਨਾ ਜੰਗੀ ਦਾ ਦੌਰ, ਸ਼ੁਰੂ ਹੋ ਗਿਆ। ਰਣਜੀਤ ਸਿੰਘ ਦੇ ਪਹਿਲੇ ਤਿੰਨ ਵਾਰਸਾਂ ਦੇ ਕਤਲ ਤੋਂ ਬਾਅਦ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਸਾਲ ਦੀ ਉਮਰ ਵਿੱਚ ਸੱਤਾ ਵਿੱਚ ਆਇਆ। ਮਹਾਰਾਣੀ ਜਿੰਦਾਂ ਦਾ ਅਸਲੀ ਇਤਿਹਾਸਿਕ ਸੰਘਰਸ਼ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਬਣਨ ਦੇ ਨਾਲ ਹੀ ਸ਼ੁਰੂ ਹੁੰਦਾ ਹੈ।
1845 ਦੇ ਅੰਤਲੇ ਮਹੀਨੇ ਵਿੱਚ ਪਹਿਲਾਂ ਐਂਗਲੋ ਸਿੱਖ ਯੁੱਧ ਸ਼ੁਰੂ ਹੋਇਆ। ਜਿਸ ਵਿੱਚ ਸਿੱਖ ਆਪਣੇ ਗਦਾਰਾਂ ਕਰਕੇ ਹਾਰ ਗਏ। ਗਵਰਨਰ ਜਨਰਲ ਦੀ ਜੇਤੂ ਸੈਨਾ ਲਾਹੌਰ ਪਹੁੰਚੀ। ਉਨ੍ਹਾਂ ਨੇ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਕੇ ਮਹਾਰਾਣੀ ਜਿੰਦਾਂ ਨੂੰ ਦਲੀਪ ਸਿੰਘ ਦੀ ਸਰਪਰਸਤ ਮੰਨ ਲਿਆ। ਰਾਜ ਪ੍ਰਬੰਧ ਮਹਾਰਾਣੀ ਦੇ ਹੱਥੋਂ ਖੋਹ ਕੇ ਇੱਕ ਕੌਂਸਲ਼ ਦੇ ਹੱਥਾਂ ’ਚ ਦੇ ਦਿੱਤਾ। ਅੰਗਰੇਜ਼ ਮਹਾਰਾਣੀ ਜਿੰਦਾਂ ਨੂੰ ਪੰਜਾਬ ਦੀ ਮੈਸਾਲੀਨਾ ਕਹਿੰਦੇ ਸਨ। ਅੰਗਰੇਜ਼ਾਂ ਨੇ ਪਹਿਲੇ ਸਿੱਖ ਐਂਗਲੋ ਯੁੱਧ ਦੀ ਜ਼ਿੰਮੇਵਾਰ ਮਹਾਰਾਣੀ ਜਿੰਦਾਂ ਨੂੰ ਠਹਿਰਾ ਕੇ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ 18 ਅਗਸਤ 1847 ਵਾਲੇ ਦਿਨ ਕੈਦ ਕਰ ਦਿੱਤਾ।
ਪਰ ਮਾਂ-ਪੁੱਤਾਂ ਨੂੰ ਅਲੱਗ ਕਰਕੇ ਵੀ ਅੰਗਰੇਜ਼ ਨੂੰ ਸ਼ਾਂਤੀ ਨਾ ਮਿਲੀ। ਲਾਰਡ ਡਲਹੌਜ਼ੀ ਨੇ ਮੁਲਤਾਨ ਵਿੱਚ ਹੋਈ ਬਗਾਵਤ ਦੀ ਜ਼ਿੰਮੇਵਾਰ ਮਹਾਰਾਣੀ ਨੂੰ ਬਣਾ ਕੇ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। 16 ਮਈ 1848 ਈ. ਨੂੰ ਮਹਾਰਾਣੀ ਜਿੰਦਾਂ ਨੂੰ ਕੈਪਟਨ ਲਿਮਸਡਨ ਅਤੇ ਲੈਫ਼ਟੀਨੈਂਟ ਹਡਸਨ ਦੀ ਨਿਗਰਾਨੀ ਹੇਠ ਪਹਿਲਾਂ ਫਿਰੋਜ਼ਪੁਰ ਅਤੇ ਉੱਥੋਂ ਬਨਾਰਸ ਭੇਜ ਦਿੱਤਾ ਗਿਆ। ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਨਾਲ ਪੰਜਾਬ ਵਿੱਚ ਅਰਾਜਕਤਾ ਫੈਲ ਗਈ। ਲੋਕ ਤੇ ਖ਼ਾਲਸਾ ਸੈਨਾ ਮਹਾਰਾਣੀ ਦਾ ਬਹੁਤ ਆਦਰ ਕਰਦੇ ਸਨ, ਉਸ ਨੂੰ ਰਾਜਮਾਤਾ ਕਹਿੰਦੇ ਸਨ। ਰੋਹ ਵਿੱਚ ਆਏ ਪੰਜਾਬ ਦੇ ਲੋਕਾਂ, ਸਰਦਾਰਾਂ ਤੇ ਖਾਲਸਾ ਸੈਨਾ ਦੇ ਕੱਢੇ ਹੋਏ ਬੇਰੁਜ਼ਗਾਰ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ, ਜਿਸ ਦੇ ਸਿੱਟੇ ਵੱਜੋਂ ਦੂਜਾ ਐਂਗਲੋ ਸਿੱਖ ਯੁੱਧ ਹੋਇਆ।
6 ਅਪ੍ਰੈਲ 1849 ਈ. ਵਾਲੇ ਦਿਨ ਮਹਾਰਾਣੀ ਨੂੰ ਬਿਨਾਂ ਕਿਸੇ ਦੇਸ਼ ਦੇ ਚੁਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ। ਅੰਗਰੇਜ਼ਾਂ ਦੀਆਂ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਇੱਕ ਦਿਨ ਮਹਾਰਾਣੀ ਸੰਤਣੀ ਵਾਲੇ ਭੇਸ ਵਿੱਚ ਚੁਨਾਰ ਦੇ ਕਿਲ੍ਹੇ ਵਿੱਚੋਂ ਫਰਾਰ ਹੋ ਗਈ ਤੇ ਕਾਠਮੰਡੂ ਪਹੁੰਚ ਗਈ।
ਕਾਠਮੰਡੂ ਦੇ ਰਾਜਾ ਜੰਗਬਹਾਦਰ ਨੇ ਮਹਾਰਾਣੀ ਦੀ ਸਹਾਇਤਾ ਕੀਤੀ ਅਤੇ ਮਹਾਰਾਣੀ 11 ਸਾਲ ਨੇਪਾਲ ਵਿੱਚ ਹੀ ਰਹੀ। ਦੂਜੇ ਪਾਸੇ ਦਲੀਪ ਸਿੰਘ ਅੰਗਰੇਜ਼ਾਂ ਦੀ ਪਰਵਰਿਸ਼ ਦੇ ਕਾਰਨ ਸਿੱਖ ਧਰਮ ਤੋਂ ਦੂਰ ਹੋ ਚੁੱਕਾ ਸੀ। ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੇ ਵਿਜੋਗ ਵਿੱਚ ਅੱਖਾਂ ਦੀ ਜੋਤ ਵੀ ਗੁਆ ਚੁੱਕੀ ਸੀ।
ਮਹਾਰਾਜਾ ਦਲੀਪ ਸਿੰਘ 1861 ਈ. ਵਿੱਚ ਆਪਣੀ ਮਾਂ ਨੂੰ ਮਿਲਣ ਲਈ ਕਲਕੱਤਾ ਦੇ ਸਪੈਸਿਜ ਹੋਟਲ ਵਿੱਚ ਪਹੁੰਚਿਆ। ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੇ ਆਉਣ ਦੀ ਖ਼ਬਰ ਸੁਣ ਕੇ ਬਹੁਤ ਖ਼ੁਸ਼ ਹੋਈ। ਮਹਾਰਾਣੀ ਜਿੰਦਾਂ ਤੇ ਦਲੀਪ ਸਿੰਘ ਦੀ ਮਿਲਣੀ ਦਾ ਦ੍ਰਿਸ਼ ਬਹੁਤ ਹੀ ਭਾਵੁਕ ਸੀ। ਜਿੰਦਾਂ ਨੇ ਦਲੀਪ ਸਿੰਘ ਦਾ ਮੱਥਾ ਚੁੰਮਿਆ ਤੇ ਜਦ ਸਿਰ ’ਤੇ ਹੱਥ ਫੇਰਿਆ ਤਾਂ ਉਸ ਨੂੰ ਬਹੁਤ ਝਟਕਾ ਲੱਗਾ। ਫਿਰ ਦਲੀਪ ਸਿੰਘ ਨੇ ਰੋ-ਰੋ ਕੇ ਦੱਸਿਆ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਉਸ ਦੇ ਬਾਲਪਣ ਦਾ ਫ਼ਾਇਦਾ ਉਠਾ ਕੇ ਉਸਦੇ ਵਾਲ ਕਟਵਾਏ ਤੇ ਉਸ ਨੂੰ ਸਿੱਖ ਧਰਮ ਤੇ ਪੰਜਾਬ ਨਾਲੋਂ ਦੂਰ ਕੀਤਾ।
ਮਹਾਰਾਣੀ ਜਿੰਦਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਤੋਂ ਆਪਣੀ ਮਾਂ ਨੂੰ ਆਪਣੇ ਨਾਲ ਿਲਜਾਣ ਦੀ ਆਗਿਆ ਲੈ ਲਈ। 31 ਜੁਲਾਈ 1863 ਈ. ਨੂੰ ਮਹਾਰਾਣੀ ਦੀ ਤਬੀਅਤ ਵਧੇਰੇ ਖਰਾਬ ਹੋ ਗਈ। ਮਹਾਰਾਣੀ ਨੇ ਦਲੀਪ ਸਿੰਘ ਨੂੰ ਆਪਣੀ ਆਖ਼ਰੀ ਇੱਛਾ ਦੱਸੀ ਕਿ ਮਰਨ ਤੋਂ ਬਾਅਦ ਉਸ ਦੇ ਮ੍ਰਿਤਕ ਸਰੀਰ ਨੂੰ ਲਾਹੌਰ ਲਿਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਸੰਸਕਾਰ ਕੀਤਾ ਜਾਵੇ। 1 ਅਗਸਤ 1863 ਈ. ਵਾਲੇ ਦਿਨ ਮਹਾਰਣੀ ਜਿੰਦਾਂ ਅਕਾਲ ਚਲਾਣਾ ਕਰ ਗਈ। ਪਰ ਮਹਾਰਾਣੀ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਲਿਜਾਣ ਦੀ ਆਗਿਆ ਨਾ ਮਿਲੀ। ਇੰਝ ਲੱਗਦਾ ਸੀ ਕਿ ਅੰਗਰੇਜ਼ ਮਰ ਚੁੱਕੀ ਮਹਾਰਾਣੀ ਕੋਲੋਂ ਵੀ ਡਰ ਰਹੇ ਸਨ। ਮ੍ਰਿਤਕ ਸਰੀਰ ਨੂੰ ਸਿਰਫ਼ ਭਾਰਤ ਲਿਜਾਣ ਦੀ ਆਗਿਆ ਮਿਲੀ। ਦਲੀਪ ਸਿੰਘ ਨੇ ਨਾਸਿਕ ਦੇ ਸਥਾਨ ’ਤੇ ਮਹਾਰਾਣੀ ਦਾ ਸੰਸਕਾਰ ਕੀਤਾ ਤੇ ਸਮਾਧੀ ਬਣਵਾਈ।
ਅੰਤਿਮ ਇੱਛਾ ਕੀਤੀ ਪੂਰੀ – ਮਹਾਰਾਣੀ ਦੀ ਅੰਤਿਮ ਇੱਛਾ ਉਨ੍ਹਾਂ ਦੀ ਪੋਤੀ ਸ਼ਹਿਜ਼ਾਦੀ ਸੋਫ਼ੀਆ ਨੇ 60 ਸਾਲ ਬਾਦ ਪੂਰੀ ਕੀਤੀ। ਉਸ ਨੇ ਨਾਸਿਕ ਵਾਲੀ ਸਮਾਧ ‘ਚੋਂ ਅਸਥੀਆਂ ਕਢਵਾ ਕੇ ਲਾਹੌਰ ਲਿਆਂਦੀਆਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨੇੜੇ ਪੂਰੀ ਗੁਰਮਰਿਆਦਾ ਅਨੁਸਾਰ ਅਸਥੀਆਂ ਰੱਖ ਕੇ ਸਮਾਧ ਬਣਾਈ। ਇਸ ਪ੍ਰਕਾਰ ਮਹਾਰਾਣੀ ਜਿੰਦਾਂ ਇੰਨੀਆਂ ਦੁੱਖ-ਤਕਲੀਫ਼ਾਂ ਨਾਲ ਜੂੰਝਦੀ ਹੋਈ ਪੰਜਾਬ ਦੀ ਨਾਇਕਾ ਹੋ ਨਿੱਬੜੀ।
ਆਭਾਰ : https://www.punjabijagran.com/lifestyle/sahit-and-sabhyachar-heroine-of-punjab-maharami-jinda-9389502.html
test