ਲਾਭਪਾਤਰੀਆਂ ਦੀ ਗਿਣਤੀ ਵੱਧ, ਰਾਸ਼ਨ ਘੱਟ ਭੇਜਣ ਦਾ ਦੋਸ਼
26 ਅਗਸਤ, 2026 – ਜਲਾਲਾਬਾਦ : ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ (ਏਟਕ) ਜਲਾਲਾਬਾਦ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਪੰਜਾਬ ਸਰਕਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਨੇ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਕੌਰ ਬੇਦੀ ਅਤੇ ਸਰੋਜ ਛੱਪੜੀ ਵਾਲਾ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ 0 ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਲਾਭਪਾਤਰੀਆਂ ਨਾਲ ਇਨਸਾਫ਼ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਲਾਭਪਾਤਰੀਆਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਰਾਸ਼ਨ ਘੱਟ ਭੇਜਿਆ ਜਾ ਰਿਹਾ ਹੈ, ਜਦਕਿ ਵਰਕਰਾਂ ’ਤੇ ਪੋਸ਼ਣ ਟਰੈਕਟਰ ’ਤੇ ਵੱਧ ਲਾਭਪਾਤਰੀ ਔਨਲਾਈਨ ਕਰਨ ਅਤੇ ਐਡਵਾਂਸ ਐੱਫ ਆਰ ਐੱਸ ਕਰਨ ਲਈ ਦਬਾਅ ਪਾਇਆ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਐਡਵਾਂਸ ਔਨਲਾਈਨ ਕਰਨ ’ਤੇ ਲਾਭਪਾਤਰੀ ਦੇ ਫੋਨ ’ਤੇ ਰਾਸ਼ਨ ਪ੍ਰਾਪਤ ਹੋਣ ਦਾ ਸੁਨੇਹਾ ਚਲਾ ਜਾਂਦਾ ਹੈ, ਜਿਸ ਕਾਰਨ ਲੋਕ ਆਂਗਣਵਾੜੀ ਵਰਕਰਾਂ ਕੋਲ ਰਾਸ਼ਨ ਦੀ ਮੰਗ ਕਰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਾਰੇ ਲਾਭਪਾਤਰੀਆਂ ਲਈ ਪੂਰਾ ਰਾਸ਼ਨ ਨਹੀਂ ਆਉਂਦਾ, ਉਦੋਂ ਤੱਕ ਕੋਈ ਵੀ ਆਂਗਣਵਾੜੀ ਵਰਕਰ ਰਾਸ਼ਨ ਪ੍ਰਾਪਤ ਨਹੀਂ ਕਰੇਗੀ। ਧਰਨੇ ਦੌਰਾਨ ਸੀ ਡੀ ਪੀ ਓ ਦਫ਼ਤਰ ਦੀਆਂ ਸੁਪਰਵਾਈਜ਼ਰਾਂ ਗੀਤਾ ਕੰਬੋਜ ਅਤੇ ਪ੍ਰਕਾਸ਼ ਕੌਰ ਨੇ ਜਥੇਬੰਦੀ ਤੋਂ ਮੰਗ ਪੱਤਰ ਪ੍ਰਾਪਤ ਕੀਤਾ।
ਪੰਜਾਬੀ ਟ੍ਰਿਬਯੂਨ