ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਰਤਸਰ ਪਹੁੰਚੇ ਸਨ, ਜਿਸ ’ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਪ੍ਰੰਪਰਾ ਅੱਜ ਵੀ ਨਿਰੰਤਰ ਜਾਰੀ ਹੈ। ਬੰਦੀ ਛੋੜ ਦੇ ਇਤਿਹਾਸ ਨੇ ਹੱਕ ਸੱਚ ਅਤੇ ਇਨਸਾਫ ਦੀ ਇੱਕ ਵੱਡੀ ਉਦਾਹਰਣ ਪੇਸ਼ ਕੀਤੀ ਜੋ ਦੁਨੀਆ ਅੰਦਰ ਹੋਰ ਕਿਧਰੇ ਨਹੀਂ ਮਿਲਦੀ। ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜਬਰ ਸਿਖ਼ਰ ’ਤੇ ਸੀ, ਜਿਸ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਬੁਲੰਦ ਕੀਤੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਆਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦਾਨਾ ਤੇ ਬੁਲੰਦ ਸ਼ਖ਼ਸੀਅਤ ਸਮੇਂ ਦੀ ਹਕੂਮਤ ਨੂੰ ਰੜਕਣ ਲੱਗੀ। ਇਸ ਦੇ ਨਾਲ ਹੀ ਗੁਰੂ ਘਰ ਦੇ ਦੋਖੀਆਂ ਨੇ ਵੀ ਹਕੂਮਤ ਦੇ ਕੰਨ ਭਰੇ। ਬਾਦਸ਼ਾਹ ਜਹਾਂਗੀਰ ਨੇ ਕਪਟੀ ਚਾਲਾਂ ਚੱਲਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਨੂੰ ਵੀ ਕੈਦ ਰੱਖਿਆ ਹੋਇਆ ਸੀ। ਇਹ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੱੁਕੇ ਸਨ। ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ ’ਤੇ ਬਹੁਤ ਚੰਗਾ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ, ਜਿਸ ਨੂੰ ਵੇਖਦਿਆਂ ਹਕੂਮਤ ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ। ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਨੂੰ ਝੁਕਾਇਆ ਅਤੇ ਇੰਝ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਇਕ ਨਵੀਂ ਰੋਸ਼ਨੀ ਦਿੱਤੀ। ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਆਜ਼ਾਦੀ ਦੀ ਲੋਅ ਇਕ ਵਾਰ ਫਿਰ ਰੋਸ਼ਨ ਹੋ ਗਈ।
ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦਾ ਹੈ। ਸਿੱਖ ਕੌਮ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾ ਹੀ ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਜਬਰ ਜ਼ੁਲਮ ਵਿਰੁੱਧ ਸੰਘਰਸ਼ ਕੀਤਾ। ਚੁਣੌਤੀਆਂ ਅਤੇ ਸੰਘਰਸ਼ ਦੇ ਦੌਰ ਵਿਚ ਸਿੱਖਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ।
18ਵੀਂ ਸਦੀ ਦੇ ਮੁਸ਼ਕਲ ਦੌਰ ’ਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮਿ੍ਰਤਸਰ ’ਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ। ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਵੀ ਕੌਮ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ ਜਿਨ੍ਹਾਂ ਸਬੰਧੀ ਵਿਚਾਰ ਕਰਨ ਲਈ ਪੰਥਕ ਇੱਕਜੁਟਤਾ ਲਾਜ਼ਮੀ ਹੈ। ਸਿੱਖਾਂ ਵੱਲੋਂ ਕੁਰਬਾਨੀਆਂ ਨਾਲ ਸਥਾਪਤ ਕੀਤੀਆਂ ਸਿੱਖ ਸੰਸਥਾਵਾਂ ਨੂੰ ਤੋੜਣ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਕੋਝੇ ਯਤਨਾਂ ਤਹਿਤ ਚਾਲਾਂ ਚੱਲੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਕਿ ਪੰਥ ਵਿਰੋਧੀ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਚੁਣੌਤੀਆਂ ਦੇ ਟਾਕਰੇ ਲਈ ਸਿਰਜੋੜ ਬੈਠੇ।
ਨਹੀਂ ਕਬੂਲਿਆ ਇਸਲਾਮ
ਬੰਦੀ ਛੋੜ ਦਿਹਾੜੇ ਨਾਲ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਜੁੜਦਾ ਹੈ। ਸਿੱਖ ਕੌਮ ’ਤੇ ਇਕ ਸਮਾਂ ਅਜਿਹਾ ਆਇਆ ਜਦ ਹਕੂਮਤ ਨੇ ਸਿੱਖਾਂ ਨੂੰ ਖ਼ਤਮ ਕਰਨ ਦੇ ਮਨਸੂਬੇ ਬਣਾਏ। ਸਿੱਖ ਜੰਗਲਾਂ ਵਿਚ ਰਹਿ ਕੇ ਗੁਜ਼ਾਰਾ ਕਰਨ ਲੱਗੇ। ਇਸੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ ਪਾਸੋਂ ਇਜਾਜ਼ਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ ਖ਼ਤਮ ਕਰਨ ਦੀ ਸੀ। ਭਾਈ ਮਨੀ ਸਿੰਘ ਨੂੰ ਪਤਾ ਲਗਣ ’ਤੇ ਉਨ੍ਹਾਂ ਸੰਗਤਾਂ ਨੂੰ ਅੰਮਿ੍ਰਤਸਰ ਆਉਣੋਂ ਰੋਕ ਦਿੱਤਾ। ਸਰਕਾਰ ਦੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। ਇਸ ’ਤੇ ਲੋਹੀ ਲਾਖੀ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਇਆ। ਭਾਈ ਮਨੀ ਸਿੰਘ ਨੂੰ ਟੈਕਸ ਨਾ ਤਾਰਨ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫੁਰਮਾਨ ਜਾਰੀ ਕਰ ਦਿੱਤਾ। ਇਸ ’ਤੇ ਭਾਈ ਮਨੀ ਸਿੰਘ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ। ਹਕੂਮਤ ਨੇ ਉਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।
– ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ।
Courtesy : Punjabi Jagran
test