2 ਪੰਜਾਬੀ ਨੌਜਵਾਨ ਗ੍ਰਿਫ਼ਤਾਰ
‘ਪ੍ਰੋਜੈਕਟ ਸੇਗਾ‘ ਤਹਿਤ ਸਤਨਾਮ ਢਿੱਲੋਂ ਅਤੇ ਰਾਜਦੀਪ ਸਿੰਘ ਕਾਬੂ; ਨਕਾਬ ਪਾ ਕੇ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
25 ਨਵੰਬਰ, 2026 – ਵਿੰਨੀਪੈੱਗ : ਕੈਨੇਡਾ ਦੇ ਪੀਲ ਖੇਤਰ ਵਿੱਚ ਰੁਜ਼ਗਾਰ ਏਜੰਸੀਆਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋ ਗਿਆ ਹੈ। ਪੀਲ ਰੀਜਨਲ ਪੁਲੀਸ ਦੇ ਸੈਂਟਰਲ ਰੌਬਰੀ ਬਿਊਰੋ ਨੇ ਆਪਣੀ ਵਿਸ਼ੇਸ਼ ਮੁਹਿੰਮ ‘ਪ੍ਰੋਜੈਕਟ ਸੇਗਾ’ ਤਹਿਤ ਕਾਰਵਾਈ ਕਰਦਿਆਂ ਬਰੈਂਪਟਨ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਦੋਵੇਂ ਮੁਲਜ਼ਮ ਮਿਸੀਸਾਗਾ ਅਤੇ ਬਰੈਂਪਟਨ ਦੇ ਵੱਖ-ਵੱਖ ਇਲਾਕਿਆਂ ਵਿੱਚ ਹਥਿਆਰਬੰਦ ਡਕੈਤੀਆਂ ਦੀਆਂ ਘਟਨਾਵਾਂ ਵਿੱਚ ਸ਼ਾਮਲ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 31 ਸਾਲਾ ਸਤਨਾਮ ਢਿੱਲੋਂ ਅਤੇ 21 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਦੋਵੇਂ ਬਰੈਂਪਟਨ ਦੇ ਰਹਿਣ ਵਾਲੇ ਹਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਅਪਰੈਲ ਤੋਂ ਅਗਸਤ ਦੇ ਦਰਮਿਆਨ ਇਨ੍ਹਾਂ ਦੋਵਾਂ ਨੇ ਕਈ ਰੁਜ਼ਗਾਰ ਏਜੰਸੀਆਂ ਵਿੱਚ ਦਾਖ਼ਲ ਹੋ ਕੇ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੰਦੂਕਾਂ ਅਤੇ ਚਾਕੂਆਂ ਦੇ ਜ਼ੋਰ ‘ਤੇ ਡਰਾਇਆ-ਧਮਕਾਇਆ। ਮੁਲਜ਼ਮ ਚਿਹਰਿਆਂ ‘ਤੇ ਨਕਾਬ ਪਾ ਕੇ ਆਉਂਦੇ ਸਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਇਨ੍ਹਾਂ ਲੁੱਟਾਂ ਦੌਰਾਨ ਮੁਲਜ਼ਮਾਂ ਨੇ ਨਕਦ ਰਾਸ਼ੀ, ਗਿਫ਼ਟ ਕਾਰਡ, ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ। ਪੁਲੀਸ ਮੁਤਾਬਕ ਇਨ੍ਹਾਂ ਵਾਰਦਾਤਾਂ ਵਿੱਚ ਕੁੱਲ ਨੁਕਸਾਨ 53,000 ਡਾਲਰ ਤੋਂ ਵੱਧ ਹੋਇਆ ਹੈ। ਇਸ ਮੁਹਿੰਮ ਦੌਰਾਨ ਪੁਲੀਸ ਨੇ ਇੱਕ ਚੋਰੀ ਕੀਤੀ ਹੋਈ ਗੱਡੀ ਵੀ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਲਗਪਗ 30,000 ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੁਲੀਸ ਨੇ ਦੋ ਨਕਲੀ ਬੰਦੂਕਾਂ ਵੀ ਜ਼ਬਤ ਕੀਤੀਆਂ ਹਨ।
ਦੋਵਾਂ ਮੁਲਜ਼ਮਾਂ ‘ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਸਤਨਾਮ ਢਿੱਲੋਂ ‘ਤੇ 4 ਵਾਰ ਲੁੱਟ-ਖੋਹ, 3 ਵਾਰ ਭੇਸ ਬਦਲ ਕੇ ਜੁਰਮ ਕਰਨ ਦੀਆਂ ਕੋਸ਼ਿਸ਼ਾਂ ਅਤੇ ਰਿਲੀਜ਼ ਆਰਡਰ ਦੀ ਉਲੰਘਣਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਮੁਲਜ਼ਮ ਰਾਜਦੀਪ ਸਿੰਘ ‘ਤੇ ਵੀ 4 ਵਾਰ ਲੁੱਟ-ਖੋਹ ਅਤੇ 4 ਵਾਰ ਭੇਸ ਬਦਲ ਕੇ ਵਾਰਦਾਤਾਂ ਕਰਨ ਦੇ ਦੋਸ਼ ਹਨ। ਦੋਵਾਂ ਨੂੰ ਫ਼ਿਲਹਾਲ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਦੀ ਸੁਣਵਾਈ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹੋਵੇਗੀ।
ਪੀਲ ਰੀਜਨਲ ਪੁਲੀਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਇਸ ਕਾਰਵਾਈ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਬਿਨਾਂ ਕਿਸੇ ਡਰ ਜਾਂ ਹਿੰਸਾ ਦੇ ਕੰਮ ਕਰਨ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ ‘ਪ੍ਰੋਜੈਕਟ ਸੇਗਾ’ ਦੀ ਬਦੌਲਤ ਇਲਾਕੇ ਵਿੱਚ ਵਪਾਰਕ ਲੁੱਟਾਂ ਦੀਆਂ ਘਟਨਾਵਾਂ ਵਿੱਚ 2025 ਦੇ ਮੁਕਾਬਲੇ ਲਗਪਗ 52 ਫ਼ੀਸਦੀ ਦੀ ਕਮੀ ਆਈ ਹੈ।
ਇਹ ਸਫ਼ਲਤਾ ਪੀਲ ਪੁਲੀਸ, ਹਾਲਟਨ ਪੁਲੀਸ, ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰ ਪ੍ਰਸ਼ਾਸਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਸਾਂਝੇ ਯਤਨਾਂ ਸਦਕਾ ਸੰਭਵ ਹੋਈ ਹੈ। ਪੁਲੀਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਸੈਂਟਰਲ ਰੌਬਰੀ ਬਿਊਰੋ ਨਾਲ ਸੰਪਰਕ ਕਰਨ।
ਪੰਜਾਬੀ ਟ੍ਰਿਬਯੂਨ