ਭੀਮ ਰਾਜ ਗਰਗ
ਪੰਜਾਬੀ ਸਿਨੇਮਾ ਦਾ 90 ਸਾਲਾ ਸਫ਼ਰ
ਵੀਹਵੀਂ ਸਦੀ ਦੇ ਚਮਤਕਾਰ ਸਿਨੇਮਾ ਦੀ ਸ਼ੁਰੂਆਤ ਭਾਰਤ ’ਚ 7 ਜੁਲਾਈ, 1896 ਨੂੰ ਹੋਈ ਸੀ। ਤਦ ਬੰਬਈ (ਹੁਣ ਮੁੰਬਈ) ਦੇ ਵਾਟਸਨ ਹੋਟਲ ’ਚ ਲੂਮੀਅਰ ਬ੍ਰਦਰਜ਼ ਨੇ ਛੇ ਨਿੱਕੀਆਂ ਫਿਲਮਾਂ ਪਰਦਾ-ਏ-ਸਕਰੀਨ ’ਤੇ ਚਲਾਈਆਂ ਸਨ। ਉਸ ਤੋਂ ਬਾਅਦ ਪੰਜਾਬੀ ਦੀ ਪਹਿਲੀ ਫੀਚਰ ਫਿਲਮ ਆਉਣ ’ਚ ਚਾਰ ਦਹਾਕੇ ਲੱਗ ਗਏ ਸਨ। ਹਿੰਦਮਾਤਾ ਸਿਨੇਟੋਨ, ਬੰਬਈ ਦੇ ਬੈਨਰ ਹੇਠ ਤਿਆਰ ਹੋਈ ਪੰਜਾਬੀ ਦੀ ਪਹਿਲੀ ਫੀਚਰ ਫਿਲਮ ‘ਇਸ਼ਕ-ਏ-ਪੰਜਾਬ’ (ਮਿਰਜ਼ਾ ਸਾਹਿਬਾਂ) ਸਾਲ 1935 ’ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ 29 ਮਾਰਚ, 1935 ਨੂੰ ਲਾਹੌਰ ਦੀ ਨਿਰੰਜਣ ਟਾਕੀਜ਼ ’ਚ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਜੀਆਰ ਸੇਠੀ ਨੇ ਕੀਤਾ ਸੀ ਤੇ ਉਸ ਵੇਲੇ ਦੇ ਪ੍ਰਸਿੱਧ ਪੰਜਾਬੀ ਗਾਇਕਾਂ ਭਾਈ ਛੈਲਾ, ਭਾਈ ਦੇਸਾ ਅਤੇ ਕੁਮਾਰੀ ਖ਼ੁਰਸ਼ੀਦ ਨੇ ਹੀ ਉਸ ਫਿਲਮ ’ਚ ਕੰਮ ਕੀਤਾ ਸੀ। ਉਹ ਫਿਲਮ ਕੋਈ ਬਹੁਤਾ ਨਹੀਂ ਸੀ ਚੱਲ ਸਕੀ ਕਿਉਂਕਿ ਉਸ ਦੀ ਆਵਾਜ਼ ਤੇ ਫਿਲਮਾਂਕਣ ਦਾ ਮਿਆਰ ਕੋਈ ਬਹੁਤਾ ਵਧੀਆ ਨਹੀਂ ਸੀ, ਫਿਰ ਵੀ ਉਹ ਪੰਜਾਬੀ ਫਿਲਮਾਂ ਲਈ ਇੱਕ ਇਤਿਹਾਸਕ ਸ਼ੁਰੂਆਤ ਤਾਂ ਹੈ ਹੀ ਸੀ।
ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਸਿਨੇਮਾ ਦਾ ਕੇਂਦਰ ਲਾਹੌਰ ਹੁੰਦਾ ਸੀ। ਉਨ੍ਹੀਂ ਦਿਨੀਂ ਲੋਕ-ਕਥਾਵਾਂ ਨੂੰ ਆਧਾਰ ਬਣਾ ਕੇ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਬਹੁਤ ਵਾਰ ਕੌਮਾਂਤਰੀ ਵਿਸ਼ੇ ਵੀ ਛੋਹੇ ਜਾਂਦੇ ਸਨ। ਪੰਜਾਬੀ ਸਿਨੇਮਾ ਦੇ ਵਿਕਾਸ ਦੇ ਕਈ ਵਿਲੱਖਣ ਪੜਾਅ ਹਨ, ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਭੂ-ਦ੍ਰਿਸ਼ ਨੂੰ ਸਜਾਇਆ ਹੈ। ਅਨੇਕ ਚੁਣੌਤੀਆਂ ਦੇ ਬਾਵਜੂਦ ਜਨੂੰਨੀ ਕਿਸਮ ਦੇ ਫਿਲਮਸਾਜ਼ਾਂ, ਆਲ੍ਹਾ ਦਰਜੇ ਦੇ ਕਲਾਕਾਰਾਂ, ਤਕਨੀਸ਼ੀਅਨਾਂ ਤੇ ਸੂਝਵਾਨ ਦਰਸ਼ਕਾਂ ਨੇ ਪੰਜਾਬੀ ਸਿਨੇਮਾ ਨੂੰ ਪ੍ਰਫੁੱਲਿਤ ਕੀਤਾ ਹੈ। ਇਸੇ ਲਈ ਹੁਣ ਭਾਰਤ ਦੇ ਪਹਿਲੇ 10 ਖੇਤਰੀ ਸਿਨੇਮਿਆਂ ’ਚ ਪੰਜਾਬੀ ਸਿਨੇਮਾ ਦਾ ਸ਼ੁਮਾਰ ਹੁੰਦਾ ਹੈ।
ਸਾਲ 1924 ’ਚ ਲਾਹੌਰ ਦੇ ਇੱਕ ਰੇਲਵੇ ਅਧਿਕਾਰੀ ਜੀ.ਕੇ. ਮਹਿਤਾ ਨੇ ‘ਡਾਟਰਜ਼ ਆਫ ਟੂਡੇ’ (ਅਜੋਕੀਆਂ ਧੀਆਂ) ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਸੀ; ਉਸ ਫਿਲਮ ਨੂੰ ਤਿਆਰ ਹੋਣ ’ਚ ਤਦ ਚਾਰ ਸਾਲਾਂ ਦਾ ਸਮਾਂ ਲੱਗ ਗਿਆ ਸੀ। ਪੰਜਾਬ ਦੀ ਪਹਿਲੀ ਟਾਕੀ ‘ਰਾਧੇ ਸ਼ਿਆਮ’ ਆਰ.ਐੱਲ. ਸ਼ੋਰੀ ਨੇ ਤਿਆਰ ਕੀਤੀ ਸੀ, ਜਿਸ ਨੂੰ 2 ਸਤੰਬਰ, 1932 ਨੂੰ ਰਿਲੀਜ਼ ਕੀਤਾ ਗਿਆ ਸੀ। ਇੱਕ ਹਫ਼ਤੇ ਬਾਅਦ ਏਆਰ ਕਾਰਦਾਰ ਦੀ ਫਿਲਮ ‘ਹੀਰ ਰਾਂਝਾ’ ਰਿਲੀਜ਼ ਹੋਈ ਸੀ। ਫਿਲਮ ਨਿਰਮਾਣ ਦਾ ਕੰਮ ਤਦ ਲਾਹੌਰ ’ਚ ਕਾਫ਼ੀ ਭਖ ਗਿਆ ਸੀ ਕਿਉਂਕਿ ਉੱਥੇ ਪੰਜਾਬ ਆਰਟ ਸਟੂਡੀਓਜ਼, ਐਲੀਫੈਂਟਾ ਮੂਵੀਟੋਨ ਤੇ ਰਵੀ ਟਾਕੀਜ਼ ਜਿਹੇ ਵੱਕਾਰੀ ਸਟੂਡੀਓ ਸਥਾਪਤ ਹੋ ਗਏ ਸਨ।
ਪੰਜਾਬੀ ਫਿਲਮ ਉਦਯੋਗ ’ਚ ਖ਼ੂਬ ਗਹਿਮਾ-ਗਹਿਮੀ ਵਾਲਾ ਮਾਹੌਲ ਬਣ ਗਿਆ ਸੀ। ਉਸ ਦਹਾਕੇ ਕੇ.ਡੀ. ਮਹਿਰਾ ਦੀ ਫਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ (1936) ਰਿਲੀਜ਼ ਹੋਈ ਸੀ, ਜੋ ਸੁਪਰਹਿੱਟ ਰਹੀ ਸੀ। ਇਸ ਦਾ ਪ੍ਰੀਮੀਅਰ ਸ਼ੋਅ ਕਲਕੱਤਾ (ਹੁਣ ਕੋਲਕਾਤਾ) ਦੇ ਕੁਰੰਥੀਅਨ ਸਿਨੇਮਾ ’ਚ ਰੱਖਿਆ ਗਿਆ ਸੀ ਤੇ ਸਿਕੰਦਰ ਹਯਾਤ ਖ਼ਾਨ ਉਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਹ ਨੂਰਜਹਾਂ ਦੀ ਵੀ ਪਹਿਲੀ ਫ਼ਿਲਮ ਸੀ, ਜਿਸ ਵਿੱਚ ਉਸ ਨੂੰ ਬੇਬੀ ਨੂਰਜਹਾਂ ਵਜੋਂ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ ਗਿਆ ਸੀ। ਉਸ ਫਿਲਮ ’ਚ ਨੂਰਜਹਾਂ ਦਾ ਗਾਇਆ ਗੀਤ ‘ਲੰਘ ਆਜਾ ਪੱਤਣ ਝਨਾਂ ਦਾ’ ਵੀ ਖ਼ੂਬ ਹਿੱਟ ਰਿਹਾ ਸੀ। ਇਹ ਫਿਲਮ ਖ਼ੂਬ ਚੱਲੀ ਸੀ ਤੇ ਬੇਹੱਦ ਕਾਮਯਾਬ ਰਹੀ ਸੀ। ਉਸ ਤੋਂ ਬਾਅਦ ਪੰਜਾਬੀ ਫਿਲਮਾਂ ਦੀ ਮੰਗ ਵਧ ਗਈ ਸੀ। ਉਸ ਤੋਂ ਬਾਅਦ ਤਾਂ ਜਿਵੇਂ ਇੱਕ ਤੋਂ ਬਾਅਦ ਇੱਕ ਕਰ ਕੇ ‘ਹੀਰ ਸਿਆਲ’, ‘ਗੁਲ-ਏ-ਬਕਾਵਲੀ’, ‘ਸੱਸੀ ਪੰਨੂੰ’, ‘ਸੋਹਣੀ ਮਹੀਂਵਾਲ’, ‘ਦੁੱਲਾ ਭੱਟੀ’ ਅਤੇ ‘ਯਮਲਾ ਜੱਟ’ ਜਿਹੀਆਂ ਸ਼ਾਨਦਾਰ ਫਿਲਮਾਂ ਦਾ ਦੌਰ ਹੀ ਸ਼ੁਰੂ ਹੋ ਗਿਆ ਸੀ। ਇਨ੍ਹਾਂ ਫਿਲਮਾਂ ਦੇ ਵਿਸ਼ੇ ਜ਼ਿਆਦਾਤਰ ਪਿਆਰ, ਅਣਖ ਤੇ ਕੁਰਬਾਨੀ ਉੱਤੇ ਆਧਾਰਿਤ ਸਨ ਤੇ ਉਨ੍ਹਾਂ ਦੀਆਂ ਜੜਾਂ ਪੰਜਾਬੀ ਲੋਕਧਾਰਾ ਤੇ ਸਾਹਿਤ ਵਿੱਚ ਡੂੰਘੀਆਂ ਲੱਥੀਆਂ ਹੋਈਆਂ ਸਨ।
ਸਾਲ 1942 ’ਚ ਰਿਲੀਜ਼ ਹੋਈ ਆਰ.ਐੱਲ. ਸ਼ੋਰੀ ਦੇ ਪੁੱਤਰ ਰੂਪ ਕੇ. ਸ਼ੋਰੀ ਦੀ ਫਿਲਮ ‘ਮੰਗਤੀ’ ਨੇ ਸਿਨੇਮਾ ਘਰਾਂ ’ਚ ਲਗਾਤਾਰ 75 ਹਫ਼ਤੇ ਚੱਲ ਕੇ ਸ਼ਾਨਦਾਰ ਪਲੈਟੀਨਮ ਜੁਬਲੀ ਮਨਾਈ ਸੀ। ਉਹ ਰਿਕਾਰਡ ਹਾਲੇ ਤੱਕ ਵੀ ਕੋਈ ਫਿਲਮ ਨਹੀਂ ਤੋੜ ਸਕੀ। ਇੰਝ ‘ਮਹਿਰਾ-ਸ਼ੋਰੀ-ਪੰਚੋਲੀ’ ਦੀ ਤਿੱਕੜੀ ਦੀਆਂ ਉੱਦਮੀ ਪਹਿਲਕਦਮੀਆਂ ਤੇ ਸਿਰਜਣਾਤਮਕ ਯਤਨਾਂ ਸਦਕਾ ਪੰਜਾਬੀ ਸਿਨੇਮਾ ਦੇ ਵਿਕਾਸ ਦੀ ਇੱਕ ਮਜ਼ਬੂਤ ਨੀਂਹ ਰੱਖੀ ਗਈ। ਬਾਅਦ ’ਚ ਦਲਸੁਖ ਪੰਚੋਲੀ ਨੇ ਲਾਹੌਰ ਵਿਖੇ ਆਪਣਾ ਇੱਕ ਵਿਸ਼ਾਲ ਸਟੂਡੀਓ ‘ਪੰਚੋਲੀ ਆਰਟ ਪਿਕਚਰਜ਼’ ਵੀ ਸਥਾਪਤ ਕੀਤਾ ਤੇ ਉਹ ਭਾਰਤੀ ਸਿਨੇਮਾ ਲਈ ਵੀ ਕਈ ਪੱਖੋਂ ਇੱਕ ਵੱਡੀ ਪਹਿਲ ਸੀ।
ਫਿਰ 1947 ’ਚ ਦੇਸ਼ ਦੀ ਵੰਡ ਕਾਰਨ ਪੰਜਾਬੀ ਫਿਲਮ ਉਦਯੋਗ ਨੂੰ ਬਹੁਤ ਵੱਡਾ ਝਟਕਾ ਲੱਗਾ। ਵੱਡੇ ਵੱਡੇ ਸਟੂਡੀਓਜ਼ ਦੇ ਮਾਲਕ, ਡਾਇਰੈਕਟਰ, ਤਕਨੀਸ਼ੀਅਨ ਤੇ ਕਲਾਕਾਰ ਲਾਹੌਰ ਛੱਡ ਗਏ ਤੇ ਉਹ ਫਿਲਮ ਸਿਟੀ ਸੁੰਨੀ ਹੋ ਕੇ ਰਹਿ ਗਈ। ਆਜ਼ਾਦ ਭਾਰਤ ’ਚ ਪਹਿਲੀ ਪੰਜਾਬੀ ਫਿਲਮ ਸੀ ‘ਚਮਨ’। ਇਹ ਫਿਲਮ ਪਹਿਲਾਂ 1948 ’ਚ ਪਾਕਿਸਤਾਨ ਵਿੱਚ ਰਿਲੀਜ਼ ਹੋਈ ਸੀ ਜੋ ਹਿੱਟ ਰਹੀ ਸੀ। ਦੇਸ਼ ਦੀ ਵੰਡ ਦੇ ਝੰਬੇ ਹੋਏ ਫਿਲਮਸਾਜ਼ਾਂ ਤੇ ਕਲਾਕਾਰਾਂ ਨੇ ਪੰਜਾਬੀ ਫਿਲਮ ਨੂੰ ਦੁਬਾਰਾ ਖੜ੍ਹਾ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਤੇ ਇਸ ਦੌਰਾਨ ਉਨ੍ਹਾਂ ਨੇ ‘ਲੱਛੀ’, ‘ਛਾਈ’, ‘ਮਦਾਰੀ’, ‘ਪੋਸਤੀ’, ‘ਜੁਗਨੀ’, ‘ਕੌਡੇ ਸ਼ਾਹ’ ਅਤੇ ‘ਵਣਜਾਰਾ’ ਆਦਿ ਜਿਹੀਆਂ ਫਿਲਮਾਂ ਦਾ ਨਿਰਮਾਣ ਕੀਤਾ।
1950 ਤੇ 1960 ਦੇ ਦੋਵੇਂ ਦਹਾਕੇ ਭਾਖੜੀ ਭਰਾਵਾਂ ਦੀ ਚੜ੍ਹਤ ਬਣੀ ਰਹੀ। ਉਸੇ ਦੌਰ ਨੂੰ ਹੁਣ ਪੰਜਾਬੀ ਸਿਨੇਮਾ ਦਾ ਸੁਨਹਿਰੀ ਯੁੱਗ ਆਖਿਆ ਜਾਂਦਾ ਹੈ। ਸਾਲ 1959 ’ਚ ਆਈ ਫਿਲਮ ‘ਭੰਗੜਾ’ ਨੇ ਪੰਜਾਬੀ ਫਿਲਮਾਂ ’ਚ ਭੰਗੜਾ ਆਧਾਰਿਤ ਗੀਤਾਂ ਦਾ ਇੱਕ ਨਵਾਂ ਰੁਝਾਨ ਸਥਾਪਤ ਕੀਤਾ। ‘ਚੌਧਰੀ ਕਰਨੈਲ ਸਿੰਘ’, ‘ਜੱਗਾ’, ‘ਸਤਲੁਜ ਦੇ ਕੰਢੇ’ ਅਤੇ ‘ਸੱਸੀ ਪੰਨੂੰ’ ਜਿਹੀਆਂ ਫਿਲਮਾਂ ਨੇ ਪੰਜਾਬੀ ਸਿਨੇਮਾ ਦੇ ਨਵੇਂ ਬਿਰਤਾਂਤਾਂ ਤੇ ਸ਼ੈਲੀਆਂ ਨੂੰ ਸਿਰਜਿਆ। ਫਿਰ 1969 ’ਚ ਜਦੋਂ ‘ਨਾਨਕ ਨਾਮ ਜਹਾਜ਼ ਹੈ’ ਨੇ ਸਫਲਤਾ ਦੇ ਝੰਡੇ ਗੱਡੇ ਤਾਂ ਉਸ ਤੋਂ ਬਾਅਦ ‘ਨਾਨਕ ਦੁਖੀਆ ਸਭ ਸੰਸਾਰ’ ਤੇ ‘ਦੁੱਖ ਭੰਜਨ ਤੇਰਾ ਨਾਮ’ ਜਿਹੀਆਂ ਧਾਰਮਿਕ ਫਿਲਮਾਂ ਵੀ ਬਣਨ ਲੱਗੀਆਂ।
ਧਾਰਮਿਕ ਫਿਲਮਾਂ ਨੇ ਸੱਭਿਆਚਾਰਕ ਮਾਣ ਅਤੇ ਅਧਿਆਤਮਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਭੂਮਿਕਾ ਨਿਭਾਈ, ਜਦ ਕਿ ਕਾਮੇਡੀ ਫਿਲਮਾਂ ਆਪਣੇ ਦ੍ਰਿਸ਼ਾਂ ਤੇ ਕਹਾਣੀ ਵਿੱਚ ਹਾਜ਼ਰ-ਜਵਾਬੀ, ਹਾਸਾ-ਠੱਠਾ ਤੇ ਵਿਲੱਖਣ ਕਿਸਮ ਦੇ ਕਿਰਦਾਰਾਂ ਕਾਰਨ ਹਰਮਨਪਿਆਰੀਆਂ ਹੋਈਆਂ। ‘ਕਣਕਾਂ ਦੇ ਓਹਲੇ’, ‘ਤੇਰੀ ਮੇਰੀ ਇੱਕ ਜਿੰਦੜੀ’, ‘ਦਾਜ’, ‘ਜਿੰਦੜੀ ਯਾਰ ਦੀ’, ‘ਸਰਪੰਚ’ ਅਤੇ ‘ਪੁੱਤ ਜੱਟਾਂ ਦੇ’ ਜਿਹੀਆਂ ਫਿਲਮਾਂ ਨੂੰ ਨੌਜਵਾਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਉਨ੍ਹਾਂ ਦਿਨਾਂ ’ਚ ਵਰਿੰਦਰ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੁੰਦਾ ਸੀ, ਪਰ ਮੰਦੇਭਾਗੀਂ 1988 ’ਚ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਅਗਲੇ ਦਹਾਕੇ ’ਚ ‘ਉਡੀਕਾਂ’, ‘ਮੁਗ਼ਲਾਨੀ ਬੇਗਮ’, ‘ਚੰਨ ਪ੍ਰਦੇਸੀ’ ਅਤੇ ‘ਮੜ੍ਹੀ ਦਾ ਦੀਵਾ’ ਜਿਹੀਆਂ ਫਿਲਮਾਂ ਦੀ ਆਮਦ ਨਾਲ ਪੌਲੀਵੁੱਡ ’ਚ ਸਮਾਨੰਤਰ ਸਿਨੇਮਾ ਦਾ ਉਭਾਰ ਹੋਇਆ। ਇਨ੍ਹਾਂ ਫਿਲਮਾਂ ’ਚ ਰਾਜ ਬੱਬਰ, ਦੀਪਤੀ ਨਵਲ, ਪ੍ਰੀਕਸ਼ਤ ਸਾਹਨੀ, ਅਮਰੀਸ਼ ਪੁਰੀ, ਓਮ ਪੁਰੀ ਤੇ ਕੁਲਭੂਸ਼ਨ ਖਰਬੰਦਾ ਜਿਹੇ ਚੋਟੀ ਦੇ ਅਦਾਕਾਰਾਂ ਨੇ ਆਪੋ-ਆਪਣੀ ਕਲਾ ਦੇ ਜੌਹਰ ਵਿਖਾਏ।
1980ਵਿਆਂ ਦੌਰਾਨ ‘ਜੱਟ ਜਿਉਣਾ ਮੌੜ’, ‘ਜੱਟ ਸੂਰਮੇ’, ‘ਅਣਖ ਜੱਟਾਂ ਦੀ’, ‘ਜੱਟ ਦਾ ਗੰਡਾਸਾ’, ‘ਜੱਟ ਪੰਜਾਬ ਦਾ’ ਆਦਿ ਜਿਹੀਆਂ ਫਿਲਮਾਂ ਨੇ ਜੱਟ ਸੱਭਿਆਚਾਰ ਦੇ ਸੋਹਿਲੇ ਗਾਉਣ ਤੇ ਉਸ ਦੀ ਵਡਿਆਈ ਕਰਨ ਨੂੰ ਉਭਾਰਿਆ। ਇਨ੍ਹਾਂ ਫਿਲਮਾਂ ਨੇ ਪਿੰਡਾਂ ਵਿੱਚ ਅਕਸਰ ਵਾਪਰਦੀਆਂ ਹਿੰਸਕ ਘਟਨਾਵਾਂ, ਬਦਲਾਖੋਰੀ ਦੀ ਭਾਵਨਾ ਦੀਆਂ ਕਹਾਣੀਆਂ ਪੇਸ਼ ਕਰਦਿਆਂ ਅਸ਼ਲੀਲਤਾ ਦੇ ਵੀ ਸਾਰੇ ਹੱਦਾਂ-ਬੰਨੇ ਪਾਰ ਕਰ ਛੱਡੇ ਸਨ। ਇਨ੍ਹਾਂ ਫਿਲਮਾਂ ਦੇ ਨਾਇਕ ਤੇ ਹੋਰ ਸਹਾਇਕ ਕਿਰਦਾਰ ਆਮ ਤੌਰ ’ਤੇ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਵਿਖਾਈ ਦਿੰਦੇ ਸਨ ਅਤੇ ਅਜਿਹੀਆਂ ਫਿਲਮਾਂ ਤੋਂ ਹੀ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਜਿਹੇ ਅਦਾਕਾਰ ਸਟਾਰ ਬਣ ਕੇ ਨਿਕਲੇ। ਹਿੰਸਾ ਦੇ ਇਸ ਤੂਫ਼ਾਨ ਨੂੰ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਅਤੇ ‘ਮਾਹੌਲ ਠੀਕ ਹੈ’ (ਇਹ ਦੋਵੇਂ ਫਿਲਮਾਂ 1999 ’ਚ ਰਿਲੀਜ਼ ਹੋਈਆਂ) ਜਿਹੀਆਂ ਫਿਲਮਾਂ ਦੀ ਤਾਜ਼ੀ ਹਵਾ ਨੇ ਠੱਲ੍ਹ ਪਾਈ ਅਤੇ ਦਰਸ਼ਕ ਸਿਨੇਮਾ ਹਾਲਾਂ ਵੱਲ ਪਰਤਣ ਲੱਗੇ।
ਪੰਜਾਬੀ ਫਿਲਮ ਉਦਯੋਗ ਦੀ ਪੁਨਰ-ਜਾਗ੍ਰਿਤੀ ਦਾ ਸੈਲੇਬ੍ਰਿਟੀ ਜੇ ਮਨਮੋਹਨ ਸਿੰਘ ਹੁਰਾਂ ਨੂੰ ਆਖ ਲਈਏ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਸਾਲ 2002 ’ਚ ਰਿਲੀਜ਼ ਹੋਈ ‘ਜੀ ਆਇਆਂ ਨੂੰ’ ਅਤੇ ‘ਅਸਾਂ ਨੂੰ ਮਾਣ ਵਤਨਾਂ ਦਾ’ (2004) ਨਾਲ ਇੱਕ ਵਾਰ ਫਿਰ ਰੁਮਾਂਟਿਕ ਤੇ ਜਜ਼ਬਾਤੀ ਨਾਟਕੀ ਕਹਾਣੀਆਂ ਨਾਲ ਓਤ-ਪ੍ਰੋਤ ਫਿਲਮਾਂ ਦੀ ਇੱਕ ਨਵੀਂ ਹਵਾ ਰੁਮਕਦੀ ਮਹਿਸੂਸ ਹੋਈ ਸੀ। ਇਨ੍ਹਾਂ ਫਿਲਮਾਂ ਨੇ ਸਿਨੇਮਾ ਦੀਆਂ ਸਿਲਵਰ-ਸਕਰੀਨਾਂ ਨੂੰ ਪੰਜਾਬ ਦੇ ਵਿਸ਼ਾਲ ਫਾਰਮ-ਹਾਊਸਜ਼ ਤੇ ਆਧੁਨਿਕ ਐਸ਼ੋ-ਆਰਾਮ ਦੇ ਸਾਧਨਾਂ ਨਾਲ ਸਰਾਬੋਰ ਕਰਦਿਆਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਹੱਲਾਸ਼ੇਰੀ ਦਿੱਤੀ ਅਤੇ ਸਮਕਾਲੀ ਸੰਵੇਦਨਾਵਾਂ ਨੂੰ ਟੁੰਬਿਆ। ਇੰਝ ਪੰਜਾਬੀ ਸਿਨੇਮਾ ਦੇ ਰਵਾਇਤੀ ਦਰਸ਼ਕਾਂ ਨਾਲ ਕੁਝ ਵਿਸ਼ੇਸ਼ ਕਿਸਮ ਦੇ ਸੁਹਜ-ਸੁਆਦ ਵਾਲੇ ਦਰਸ਼ਕ ਵੀ ਆ ਜੁੜੇ।
2012 ’ਚ ਅਨੁਰਾਗ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਜੱਟ ਤੇ ਜੂਲੀਅਟ’ ਨਾਲ ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ ਇੱਕ ਡੂੰਘਾ ਮੋੜ ਆਇਆ। ਇਸੇ ਲੜੀ ਦੀਆਂ ਅਗਲੇਰੀਆਂ ਫਿਲਮਾਂ ਨੇ ਵੀ ਬਾਕਸ-ਆਫ਼ਿਸ ’ਤੇ ਸਫਲਤਾ ਦੇ ਝੰਡੇ ਗੱਡੇ ਅਤੇ ਇੰਝ ਸੀਕੁਏਲਜ਼ ਤੇ ਫਰੈਂਚਾਈਜ਼ੀ ਫਿਲਮਾਂ ਦਾ ਰੁਝਾਨ ਸਥਾਪਤ ਹੋਇਆ। ‘ਬਲੂ-ਰੇਅ’ ਅਤੇ ‘ਜੱਟ ਐਂਡ ਜੂਲੀਅਟ-2’ ਨਾਲ ਪੰਜਾਬੀ ਫਿਲਮਾਂ ਵੀ ਤਾਮਿਲ ਤੇ ਤੇਲਗੂ ਸਿਨੇਮਾ ਦੀ ਲੀਗ ਵਿੱਚ ਦਾਖਲ ਹੋ ਗਈਆਂ। ਫਿਰ ‘ਕੈਰੀ ਆਨ ਜੱਟਾ-3’ 30 ਦੇਸ਼ਾਂ ’ਚ ਰਿਲੀਜ਼ ਹੋਈ, ਜੋ ਸੁਪਰ-ਡੁਪਰ ਹਿੱਟ ਰਹੀ; ਇੱਥੋਂ ਤੱਕ ਕਿ ਇਹ ਸਪੈਨਿਸ਼ ਸਬ-ਟਾਈਟਲਜ਼ ਨਾਲ ਸਪੇਨ ’ਚ ਵੀ ਰਿਲੀਜ਼ ਹੋਈ ਤੇ ਇੰਝ ਕੌਮਾਂਤਰੀ ਪੱਧਰ ’ਤੇ ਵੀ ਪੰਜਾਬੀ ਸਿਨੇਮਾ ਦੇ ਦਰਸ਼ਕ ਬਣੇ।
ਪੰਜਾਬੀ-ਹਿੰਦੀ ਫਿਲਮਸਾਜ਼ਾਂ ਨੇ ਜੱਟ-ਸਿੱਖ ਸਰਦਾਰੀ ਨੂੰ ਚੁਣੌਤੀ ਦਿੰਦਿਆਂ ਆਪਣੀਆਂ ਨਵ-ਹਕੀਕੀ ਫਿਲਮਾਂ ਦੇ ਨਿਰਮਾਣ ਨਾਲ ਕੌਮਾਂਤਰੀ ਪੱਧਰ ’ਤੇ ਆਲੋਚਕਾਂ ਦੀ ਸ਼ਲਾਘਾ ਖੱਟੀ। ਗੁਰਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਬਣੀਆਂ ਗ਼ੈਰ-ਰਵਾਇਤੀ ਫਿਲਮਾਂ ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਨੇ ਪੰਜਾਬੀ ਸਿਨੇਮਾ ਦਾ ਇੱਕ ਨਵਾਂ ਗੰਭੀਰ ਮਾਹੌਲ ਸਿਰਜਿਆ; ਇਨ੍ਹਾਂ ’ਚੋਂ ਪਹਿਲੀ ਫਿਲਮ ਨੇ ਤਾਂ ਆਬੂ ਧਾਬੀ ਦੇ ਫਿਲਮ ਮੇਲੇ ’ਚ ‘ਬਲੈਕ ਟਰਾਫੀ’ ਜਿੱਤੀ।
ਰਾਸ਼ਟਰੀ ਪੁਰਸਕਾਰ ਜਿੱਤ ਕੇ ਦੇਸ਼ ਭਰ ’ਚ ਨਾਮਣਾ ਖੱਟਣ ਵਾਲੀ ‘ਚੌਧਰੀ ਕਰਨੈਲ ਸਿੰਘ’ (1962) ਪਹਿਲੀ ਪੰਜਾਬੀ ਫਿਲਮ ਸੀ। ਉਸ ਤੋਂ ਬਾਅਦ ‘ਜੱਗਾ’, ‘ਸਤਲੁਜ ਦੇ ਕੰਢੇ’, ‘ਨਾਨਕ ਨਾਮ ਜਹਾਜ਼ ਹੈ’, ‘ਚੰਨ ਪ੍ਰਦੇਸੀ’, ‘ਮੜ੍ਹੀ ਦਾ ਦੀਵਾ’, ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਅਤੇ ‘ਹਰਜੀਤਾ’ ਨੇ ਵੀ ਰਾਸ਼ਟਰੀ ਪੁਰਸਕਾਰ ਜਿੱਤੇ। ਰਾਜੀਵ ਕੁਮਾਰ ਵੱਲੋਂ ਨਿਰਦੇਸ਼ਿਤ ਫਿਲਮ ‘ਚੰਮ’ ਨੂੰ ਕਾਨ ਫਿਲਮ ਮੇਲੇ ਅਤੇ ਈਵਾਨ ਆਇਰ ਵੱਲੋਂ ਨਿਰਦੇਸ਼ਿਤ ਫਿਲਮ ‘ਮੀਲ ਪੱਥਰ’ (2020) ਨੂੰ ਵੈਨਿਸ, ਚੀਨ ਤੇ ਦੱਖਣੀ ਕੋਰੀਆ ਦੇ ਫਿਲਮ ਮੇਲਿਆਂ ਵਿੱਚ ਵਿਖਾਇਆ ਗਿਆ। ਵੀਐੱਫਐਕਸ ਤੇ ਸੀਜੀਆਈ ਨਾਲ ਥ੍ਰੀ-ਡੀ ਐਨੀਮੇਸ਼ਨ ਪੀਰੀਅਡ-ਡਰਾਮਾ ‘ਚਾਰ ਸਾਹਿਬਜ਼ਾਦੇ’ ਆਪਣੀ ਕਿਸਮ ਦੀ ਪਹਿਲੀ ਫਿਲਮ ਸੀ।
ਹੁਣ ਹੰਬਲ ਮੋਸ਼ਨ ਪਿਕਚਰਜ਼, ਵ੍ਹਾਈਟ ਹਿਲ ਸਟੂਡੀਓਜ਼, ਰਿਦਮ ਬੁਆਏਜ਼ ਐਂਟਰਟੇਨਮੈਂਟ, ਓਹਰੀ ਪ੍ਰੋਡਕਸ਼ਨਜ਼ ਅਤੇ ਵਿਹਲੀ ਜਨਤਾ ਜਿਹੇ ਵੱਡੇ ਪ੍ਰੋਡਕਸ਼ਨ ਹਾਊਸਜ਼ ਭਾਰੀ ਮਾਤਰਾ ’ਚ ਸਰਮਾਇਆ ਲਾਉਣ ਦੇ ਯੋਗ ਹਨ ਅਤੇ ਉਨ੍ਹਾਂ ਦਾ ਮੁਨਾਫ਼ਾ ਵੀ ਰਿਕਾਰਡ ਤੋੜ ਹੁੰਦਾ ਹੈ। ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਪੰਜਾਬੀ ਸੰਗੀਤ ਉਦਯੋਗ ਇਸ ਵੇਲੇ ਨਵੇਂ ਸਿਖ਼ਰ ਛੋਹ ਰਿਹਾ ਹੈ। ਹਿੱਟ ਓਟੀਟੀ ਫਿਲਮਾਂ/ਸ਼ੋਅਜ਼ ਦੇ ਯਥਾਰਥਵਾਦ ਨੇ ਪੰਜਾਬੀ ਸਿਨੇਮਾ ਨੂੰ ਇੱਕ ਨਵੇਂ ਮੁਕਾਮ ’ਤੇ ਲੈ ਆਂਦਾ ਹੈ।
ਫਿਲਮਾਂ ਦੀ ਸ਼ੂਟਿੰਗ ਲਈ ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ, ਪਟਿਆਲਾ ਤੇ ਨਾਭਾ ਪ੍ਰਮੁੱਖ ਕੇਂਦਰ ਬਣੇ ਹੋਏ ਹਨ; ਜਿੱਥੇ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਹੁੰਦੀ ਹੈ, ਸ਼ੂਟਿੰਗ ਲਈ ਸ਼ਾਨਦਾਰ ਤੇ ਮਨਮੋਹਕ ਸਥਾਨ ਮੌਜੂਦ ਹਨ ਤੇ ਤਕਨੀਕੀ ਪੱਖੋਂ ਬੇਹੱਦ ਮਜ਼ਬੂਤ ਤੇ ਪੇਸ਼ੇਵਰ ਕਿਸਮ ਦੇ ਮਾਹਿਰ ਵਧੀਆ ਫਿਲਮਾਂ ਬਣਾਉਣ ਦੇ ਸਮਰੱਥ ਹਨ। ਚੰਡੀਗੜ੍ਹ ’ਚ ਸੈਂਸਰ ਬੋਰਡ ਤੇ ‘ਇੰਪਾ’ ਦਫਤਰਾਂ ਦੀ ਸਥਾਪਨਾ ਨਾਲ ਫਿਲਮ ਨਿਰਮਾਣ ਨੂੰ ਚਿਰੋਕਣਾ ਲੋੜੀਂਦਾ ਹਾਂ-ਪੱਖੀ ਮਾਹੌਲ ਮਿਲੇਗਾ। ਪੰਜਾਬ ਸਰਕਾਰ ਨੂੰ ਇੱਕ ਪ੍ਰਗਤੀਸ਼ੀਲ ਫਿਲਮ ਨੀਤੀ ਉਲੀਕ ਕੇ ਫਿਲਮ ਉਦਯੋਗ ਨੂੰ ਜ਼ਰੂਰ ਉਤਸ਼ਾਹਿਤ ਕਰਨਾ ਚਾਹੀਦਾ ਹੈ; ਇਸ ਲਈ ਭਾਵੇਂ ਕੋਈ ਫਿਲਮ ਸਿਟੀ ਵਿਕਸਤ ਕੀਤੀ ਜਾਵੇ ਤੇ ਚਾਹੇ ਕੋਈ ਸਬੰਧਤ ਸਰਬਉੱਚ ਸੰਸਥਾਨ ਕਾਇਮ ਕੀਤਾ ਜਾਵੇ ਤੇ ਵਧੀਆ ਫਿਲਮਾਂ ਨੂੰ ਰਾਜ ਪੱਧਰ ’ਤੇ ਸਰਕਾਰੀ ਇਨਾਮ-ਸਨਮਾਨ ਵੀ ਮਿਲਣੇ ਚਾਹੀਦੇ ਹਨ।
ਪੰਜਾਬੀ ਫਿਲਮਾਂ ਸਮੁੱਚੇ ਭਾਰਤ ’ਚ ਰਿਲੀਜ਼ ਕੀਤੇ ਜਾਣ ਦੇ ਇੰਤਜ਼ਾਮਾਂ ਨਾਲ ਪੰਜਾਬੀ ਸਿਨੇਮਾ ਨੂੰ ਆਪਣੇ ਪੈਰ ਵੱਧ ਤੋਂ ਵੱਧ ਖੇਤਰਾਂ ਤੱਕ ਪਸਾਰਨ ਦਾ ਮੌਕਾ ਮਿਲਿਆ ਹੈ; ਜਦ ਕਿ ਪਹਿਲਾਂ ਸਿਰਫ਼ ਪੰਜਾਬ ਤੇ ਕੁੱਝ ਕੁ ਹੋਰ ਦੇਸ਼ਾਂ ’ਚ ਫਿਲਮਾਂ ਰਿਲੀਜ਼ ਕਰ ਕੇ ਸਬਰ ਕਰਨਾ ਪੈਂਦਾ ਸੀ। ਹੁਣ ਆਸਟਰੇਲੀਆ, ਸਿੰਗਾਪੁਰ, ਬੈਲਜੀਅਮ, ਫਰਾਂਸ, ਇਟਲੀ, ਮਲੇਸ਼ੀਆ ਅਤੇ ਨੀਦਰਲੈਂਡਜ਼ ਜਿਹੇ ਦੇਸ਼ਾਂ ’ਚ ਵੀ ਪੰਜਾਬੀ ਫਿਲਮਾਂ ਲਈ ਨਵੇਂ ਰਾਹ ਖੁੱਲ੍ਹਣ ਲੱਗੇ ਹਨ। ਇੰਝ ਪੰਜਾਬੀ ਸਿਨੇਮਾ ਭਾਰਤ ਹੀ ਨਹੀਂ ਸਗੋਂ ਕੌਮਾਂਤਰੀ ਸਿਨੇਮਾ ’ਚ ਵੀ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਹੋਇਆ ਹੈ।
ਆਭਾਰ : https://www.punjabitribuneonline.com/news/satrang/this-is-how-punjabi-cinema-reached-the-international-level/
test