ਪਰਵਿੰਦਰ ਦੀ ਹੱਤਿਆ ਮਗਰੋਂ ਨਸ਼ੇ ਦਾ ਮੁੱਦਾ ਸਿਆਸਤ ਦਾ ਕੇਂਦਰ ਬਿੰਦੂ ਬਣਿਆ
21 ਅਕਤੂਬਰ, 2026 – ਚੰਡੀਗੜ੍ਹ : ਪੰਜਾਬ ਦੀ ਸਿਆਸਤ ’ਚ ਹੁਣ ਅਗਾਮੀ ਚੋਣਾਂ ਦੇ ਮੱਦੇਨਜ਼ਰ ਨਸ਼ਾ ਇੱਕ ਕੇਂਦਰੀ ਮੁੱਦੇ ਵਜੋਂ ਗੂੰਜੇਗਾ। ਕਰੀਬ ਬਾਰਾਂ ਸਾਲਾਂ ਤੋਂ ਪੰਜਾਬ ਦੀ ਹਰ ਛੋਟੀ ਵੱਡੀ ਚੋਣ ’ਚ ਨਸ਼ਾ ਇੱਕ ਮੁੱਦੇ ਵਜੋਂ ਉੱਭਰਿਆ ਹੈ। ਜਦੋਂ ਹੁਣ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਠੀਕ ਉਸ ਤੋਂ ਪਹਿਲਾਂ ਮਾਨਸਾ ’ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੇ ਨਸ਼ੇ ਦੇ ਮੁੱਦੇ ਨੂੰ ਸਿਆਸਤ ਦੇ ਕੇਂਦਰ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਨੇ ਪੰਜਾਬ ’ਚ ਨਸ਼ਿਆਂ ਦੀ ਮੁੱਦੇ ਨੂੰ ਕੌਮੀ ਪੱਧਰ ’ਤੇ ਉਭਾਰ ਦੇ ਦਿੱਤਾ ਹੈ।
ਪੰਜਾਬ ’ਚ ਪਹਿਲੀ ਵਾਰ ਲੋਕ ਸਭਾ ਚੋਣਾਂ 2015 ’ਚ ਚਿੱਟੇ ਦੀ ਗੂੰਜ ਕੌਮੀ ਪੱਧਰ ’ਤੇ ਪਈ ਸੀ ਜਦੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪੰਜਾਬ ’ਚ ਦਸ ’ਚੋਂ ਸੱਤ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ’ਚ ਹਨ। ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਪੰਜਾਬ ਦੀ ਤੌਹੀਨ ਕਰਾਰ ਦਿੱਤਾ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਤਤਕਾਲੀ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਜਨਤਕ ਰੈਲੀ ’ਚ ਸਹੁੰ ਚੁੱਕ ਕੇ ਚਾਰ ਹਫ਼ਤੇ ’ਚ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ। 2022 ਦੀਆਂ ਅਸੈਂਬਲੀ ਚੋਣਾਂ ’ਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚਾਰ ਮਹੀਨੇ ’ਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ। ‘ਆਪ’ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਦੇ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਵੱਲੋਂ ਨਸ਼ਾ ਤਸਕਰੀ ’ਤੇ ਚੁੱਕੇ ਸਵਾਲ ਹੀ ਉਸ ਦੀ ਜਾਨ ਦਾ ਕਾਰਨ ਬਣ ਗਏ। ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੇ ਨਸ਼ਿਆਂ ਦੇ ਮੁੱਦੇ ਨੂੰ ਇਕਦਮ ਸਿਖਰ ਦੇ ਦਿੱਤਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖ਼ਰ ਪਰਵਿੰਦਰ ਕਤਲ ਕਾਂਡ ਦੀ ਜਾਂਚ ਸੀ ਬੀ ਆਈ ਨੂੰ ਸੌਂਪਣੀ ਪਈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਮੁੱਚੇ ਪੰਜਾਬ ’ਚ ‘ਡਰੱਗ ਸਰਵੇਖਣ’ ਵੀ ਕਰਾਇਆ ਹੈ।
ਮੌਜੂਦਾ ਸਿਆਸੀ ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਆਗਾਮੀ ਚੋਣਾਂ ’ਚ ਨਸ਼ੇ ਅਤੇ ਕਾਨੂੰਨ ਵਿਵਸਥਾ ਮੁੱਖ ਮੁੱਦੇ ਵਜੋਂ ਉੱਭਰਨਗੇ। ਕਾਂਗਰਸ ਪਾਰਟੀ ਦੇ ਨਵੇਂ ਪੰਜਾਬ ਇੰਚਾਰਜ ਪੰਜ ਦਿਨਾਂ ਦੌਰਾ ਕਰ ਕੇ ਗੈਂਗਸਟਰਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਫੇਰੀ ਦੌਰਾਨ ਭਾਜਪਾ ਅਤੇ ‘ਆਪ’ ਦੀ ਲੀਡਰਸ਼ਿਪ ਆਪਸ ’ਚ ਭਿੜ ਪਈ ਹੈ। ਇੱਕ ਦੂਜੇ ’ਤੇ ਤੁਹਮਤਾਂ ਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹਰ ਸਿਆਸੀ ਪਾਰਟੀ ਨਸ਼ਿਆਂ ਦੇ ਮੁੱਦੇ ’ਤੇ ਨਾਇਕ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਲੱਗੀ ਹੈ। ਇਸੇ ਦੌਰਾਨ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਟਿੱਪਣੀ ਕੀਤੀ ਹੈ ਕਿ ‘ਹਾਲੇ ਤਾਂ ਅਮਿਤ ਸ਼ਾਹ ਜੀ ਦਿੱਲੀ ਤੋਂ ਪੰਜਾਬ ਆਉਣ ਲਈ ਤੁਰੇ ਵੀ ਨਹੀਂ ਸੀ, ਮੁੱਖ ਮੰਤਰੀ ਨੇ ਆਪ ਹੀ ਸੀ ਬੀ ਆਈ ਜਾਂਚ ਮੰਗ ਲਈ। ਜਿਨ੍ਹਾਂ ਤੋਂ ਮੁੱਖ ਮੰਤਰੀ ਚੱਲਦਾ/ਦੱਬਦਾ ਹੋਵੇ, ਸੋਚੋ ਉਹ ਨਸ਼ਾ ਵੇਚਣ ਵਾਲਿਆਂ ਦਾ ਕੀ ਹਾਲ ਕਰਨਗੇ। ਪੰਜਾਬ ਇਸ ਵਾਰ ਭਾਜਪਾ ਨੂੰ ਮੌਕਾ ਜ਼ਰੂਰ ਦੇਵੇਗਾ।’
ਮਾਨ ਸਾਬ੍ਹ, ਬਹੁਤ ਦੇਰ ਕਰ ਦਿੱਤੀ: ਜਾਖੜ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਇਸ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਭਗਵੰਤ ਮਾਨ ਜੀ! ਬਹੁਤ ਦੇਰ ਕਰ ’ਤੀ, ਸੀ ਬੀ ਆਈ ਦੇ ਆਰਡਰ ਕਰਦੇ ਕਰਦੇ।’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਖ਼ਰਕਾਰ ਲੋਕ ਰੋਹ ਅੱਗੇ ਝੁਕਣਾ ਪਿਆ ਹੈ ਅਤੇ ਪਰਵਿੰਦਰ ਝੋਟਾ ਕਤਲ ਕਾਂਡ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਲਈ ਮਜਬੂਰ ਹੋਣਾ ਪਿਆ ਹੈ।
ਪੰਜਾਬੀ ਟ੍ਰਿਬਯੂਨ