ਆੜ੍ਹਤੀਏ ਵਿਚਾਲੇ ਫਸੇ, ਫਸਲ ਦੇ ਲੱਗੇ ਅੰਬਾਰ
ਫ਼ਰੀਦਕੋਟ ਦੀਆਂ ਮੰਡੀਆਂ ਦੇ ਆੜ੍ਹਤੀਏ ਮਜ਼ਦੂਰਾਂ ਅਤੇ ਟਰਾਂਸਪੋਰਟ ਠੇਕੇਦਾਰਾਂ ਦੇ ਦੋ ਗੁੱਟਾਂ ਵਿਚਕਾਰ ਚੱਲ ਰਹੀ ਆਪਸੀ ਖਹਿਬਾਜ਼ੀ ‘ਚ ਫਸ ਗਏ ਹਨ, ਜਿਸ ਕਰਕੇ ਕਣਕ ਦੀ ਚੁਕਾਈ ਬਹੁਤ ਸੁਸਤ ਹੋ ਗਈ ਹੈ ਅਤੇ ਖਰੀਦ ਸੀਜ਼ਨ ਦੇ ਸਿਖਰ ‘ਤੇ ਅਨਾਜ ਮੰਡੀਆਂ ਵਿੱਚ ਕਣਕ।।।
22 ਅਪ੍ਰੈਲ, 2026 – ਫ਼ਰੀਦਕੋਟ : ਫ਼ਰੀਦਕੋਟ ਦੀਆਂ ਮੰਡੀਆਂ ਦੇ ਆੜ੍ਹਤੀਏ ਮਜ਼ਦੂਰਾਂ ਅਤੇ ਟਰਾਂਸਪੋਰਟ ਠੇਕੇਦਾਰਾਂ ਦੇ ਦੋ ਗੁੱਟਾਂ ਵਿਚਕਾਰ ਚੱਲ ਰਹੀ ਆਪਸੀ ਖਹਿਬਾਜ਼ੀ ‘ਚ ਫਸ ਗਏ ਹਨ, ਜਿਸ ਕਰਕੇ ਕਣਕ ਦੀ ਚੁਕਾਈ ਬਹੁਤ ਸੁਸਤ ਹੋ ਗਈ ਹੈ ਅਤੇ ਖਰੀਦ ਸੀਜ਼ਨ ਦੇ ਸਿਖਰ ‘ਤੇ ਅਨਾਜ ਮੰਡੀਆਂ ਵਿੱਚ ਕਣਕ ਦੇ ਵੱਡੇ ਅੰਬਾਰ ਲੱਗ ਗਏ ਹਨ।
ਕਈ ਦਿਨਾਂ ਤੋਂ ਜਾਰੀ ਇਸ ਰੁਕਾਵਟ ਕਾਰਨ ਖਰੀਦੀ ਗਈ ਕਣਕ ਨੂੰ ਸਰਕਾਰੀ ਗੋਦਾਮਾਂ ਤੱਕ ਪਹੁੰਚਾਉਣ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ ਹੈ, ਜਿਸ ਨਾਲ ਮੰਡੀ ਪ੍ਰਣਾਲੀ ‘ਤੇ ਭਾਰੀ ਦਬਾਅ ਪੈ ਰਿਹਾ ਹੈ। ਕਿਸਾਨ ਆਪਣੀ ਫਸਲ ਦੀ ਖਰੀਦ ਅਤੇ ਚੁਕਾਈ ਕਰਵਾਉਣ ਲਈ ਤਿੰਨ ਤੋਂ ਚਾਰ ਦਿਨਾਂ ਦੀ ਉਡੀਕ ਕਰਨ ਲਈ ਮਜਬੂਰ ਹਨ, ਜਦਕਿ ਮੰਡੀਆਂ ਵਿੱਚ ਕਣਕ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਫਸਲ ਰੱਖਣ ਲਈ ਖਾਲੀ ਜਗ੍ਹਾ ਘਟਦੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇੱਕ ਠੇਕੇਦਾਰ ਗੁੱਟ (ਜਿਸ ਨੂੰ ਕਥਿਤ ਤੌਰ ‘ਤੇ ਸਿਆਸੀ ਸਰਪ੍ਰਸਤੀ ਹਾਸਲ ਹੈ) ਦੂਜੇ ਠੇਕੇਦਾਰ ਦੀਆਂ ਗੱਡੀਆਂ ਲਗਾਉਣ ‘ਤੇ ਇਤਰਾਜ਼ ਕਰ ਰਿਹਾ ਹੈ। ਉੱਥੇ ਹੀ ਦੂਜੇ ਗਰੁੱਪ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਦੇ ਕੇ ਦਾਅਵਾ ਕੀਤਾ ਹੈ ਕਿ ਖਰੀਦੀ ਗਏ ਕਣਕ ਦੀ ਢੋਆ-ਢੁਆਈ ਲਈ ਉਨ੍ਹਾਂ ਦੀਆਂ ਗੱਡੀਆਂ ਤਿਆਰ ਹਨ, ਪਰ ਮੰਡੀਆਂ ਵਿੱਚ ਬੋਰੀਆਂ ਲੱਦਣ (ਲੋਡਿੰਗ) ਲਈ ਲੇਬਰ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਸ਼ਿਕਾਇਤ ਮਿਲਣ ਤੋਂ ਬਾਅਦ ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਅੱਜ ਸਾਰੇ ਆੜ੍ਹਤੀਆਂ ਨੂੰ ਇੱਕ ਸਾਂਝਾ ਚਿਤਾਵਨੀ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਹੁਕਮ ਦਿੱਤਾ ਗਿਆ ਹੈ ਕਿ ਖਰੀਦੀ ਗਈ ਕਣਕ ਦੀ ਚੁਕਾਈ (ਲਿਫਟਿੰਗ) ਹਰ ਹਾਲ ਵਿੱਚ 72 ਘੰਟਿਆਂ ਦੇ ਅੰਦਰ ਯਕੀਨੀ ਬਣਾਈ ਜਾਵੇ। ਏਜੰਸੀਆਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜੇਕਰ ਚੁਕਾਈ ਵਿੱਚ ਦੇਰੀ ਹੋਣ ਕਾਰਨ ਕਣਕ ਦੇ ਭਾਰ ਵਿੱਚ ਕੋਈ ਕਮੀ ਆਈ ਜਾਂ ਸਟਾਕ ਦਾ ਨੁਕਸਾਨ ਹੋਇਆ, ਤਾਂ ਇਸ ਲਈ ਸਿੱਧੇ ਤੌਰ ‘ਤੇ ਆੜ੍ਹਤੀਏ ਜ਼ਿੰਮੇਵਾਰ ਹੋਣਗੇ।
ਕਈ ਪਰੇਸ਼ਾਨ ਆੜ੍ਹਤੀਆਂ ਨੇ ਦੁੱਖ ਸਾਂਝਾ ਕਰਦਿਆਂ ਕਿਹਾ, “ਅਸੀਂ ਦੋਵਾਂ ਪਾਸਿਆਂ ਦੇ ਵਿਚਕਾਰ ਫਸੇ ਹੋਏ ਹਾਂ। ਇੱਕ ਪਾਸੇ, ਇੱਕ ਠੇਕੇਦਾਰ ਦੇ ਗੁੰਡੇ ਸਾਡੀ ਲੇਬਰ ਨੂੰ ਡਰਾ-ਧਮਕਾ ਰਹੇ ਹਨ ਅਤੇ ਲੋਡਿੰਗ ਨਹੀਂ ਕਰਨ ਦੇ ਰਹੇ, ਅਤੇ ਦੂਜੇ ਪਾਸੇ, ਸਰਕਾਰੀ ਏਜੰਸੀਆਂ ਸਾਨੂੰ ਦੇਰੀ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਸਾਡਾ ਇਸ ਸਥਿਤੀ ‘ਤੇ ਕੋਈ ਕੰਟਰੋਲ ਨਹੀਂ ਹੈ।”
ਇਸ ਵਿਵਾਦ ਕਾਰਨ ਮੰਡੀਆਂ ਵਿੱਚ ਭੀੜ ਹੋਰ ਜ਼ਿਆਦਾ ਵਧ ਗਈ ਹੈ। ਕਣਕ ਦੇ ਢੇਰ ਖੁੱਲ੍ਹੇ ਅਸਮਾਨ ਹੇਠ ਪਏ ਹਨ ਅਤੇ ਕਿਸਾਨਾਂ ਨੂੰ ਖਰਾਬ ਮੌਸਮ ਕਾਰਨ ਨੁਕਸਾਨ ਦਾ ਡਰ ਸਤਾ ਰਿਹਾ ਹੈ। ਮੀਂਹ ਪੈਣ ਦੀ ਸੰਭਾਵਨਾ ਦੇ ਚਲਦਿਆਂ, ਚੁਕਾਈ ਵਿੱਚ ਦੇਰੀ ਕਿਸਾਨਾਂ ਲਈ ਚਿੰਤਾ ਦਾ ਵੱਡਾ ਕਾਰਨ ਬਣ ਗਈ ਹੈ।
ਕਈ ਮੰਡੀਆਂ ਵਿੱਚ ਸੁਰੱਖਿਆ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਆੜ੍ਹਤੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਦੇ ਟੋਲੇ ਅਨਾਜ ਮੰਡੀਆਂ ਵਿੱਚ ਘੁੰਮ ਰਹੇ ਹਨ ਅਤੇ ਕਣਕ ਦੀਆਂ ਬੋਰੀਆਂ ਚੋਰੀ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਫਸਲ ਦੀ ਰਾਖੀ ਲਈ ਰਾਤ ਭਰ ਜਾਗਣਾ ਪੈਂਦਾ ਹੈ।
ਅਧਿਕਾਰੀਆਂ ਨੇ ਇਸ ਸੰਕਟ ਦੀ ਗੱਲ ਕਬੂਲੀ ਹੈ ਅਤੇ ਕਿਹਾ ਹੈ ਕਿ ਰੁਕਾਵਟ ਨੂੰ ਦੂਰ ਕਰਨ ਅਤੇ ਚੁਕਾਈ ਨੂੰ ਆਮ ਵਾਂਗ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਫ਼ਰੀਦਕੋਟ ਦੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਨੇ ਕਿਹਾ ਕਿ ਜੋ ਵੀ ਚੁਕਾਈ ਅਤੇ ਖਰੀਦ ਵਿੱਚ ਢਿੱਲ ਵਰਤੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ