ਅਮਨਿੰਦਰ ਸਿੰਘ ਕੁਠਾਲਾ
ਜਦੋਂ ਕਿਤੇ ਵੀ ਕਿਸੇ ਸੱਭਿਅਤਾ ਦਾ ਜ਼ਿਕਰ ਛਿੜਦਾ ਹੈ ਤਾਂ ਹੜੱਪਾ ਸੱਭਿਅਤਾ ਜਾਂ ਸਿੰਧੂ ਘਾਟੀ ਸੱਭਿਅਤਾ ਦਾ ਜ਼ਿਕਰ ਆਪ ਮੁਹਾਰੇ ਹੀ ਜ਼ਿਹਨ ਵਿਚ ਆ ਜਾਂਦਾ ਹੈ। 2500 ਈ. ਪੂ. ਤੋਂ 1700 ਈ. ਪੂ. ਤਕ ਇਹ ਸੱਭਿਅਤਾ ਆਪਣੇ ਪੂਰੇ ਜੋਬਨ ’ਤੇ ਸੀ। ਸਿੰਧ ਨਦੀ ’ਤੇ ਪ੍ਰਫੁੱਲਤ ਹੋਈ ਸੱਭਿਅਤਾ ਨੂੰ ਆਮ ਤੌਰ ’ਤੇ ਸਿੰਧੂ ਘਾਟੀ ਸੱਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਦੀਆਂ ਹੋਰ ਮਹਾਨ ਸੱਭਿਅਤਾਵਾਂ ਦੀ ਗੱਲ ਕਰੀਏ ਤਾਂ ਮੈਸੋਪੋਟਾਮੀਆ (3300 ਤੋਂ 700 ਈ, ਪੂ.), ਈਜਿੰਪਟੀਅਨ (3000ਤੋਂ 350 ਈ. ਪੂ.), ਰੋਮਨ (600 ਈ. ਪੂ. ਤੋਂ 400 ਈ),ਪਰਸੀਅਨ (2700 ਤੋਂ 1500 ਈ. ਪੂ.) ਆਦਿ ਸੱਭਿਅਤਾਵਾਂ ਲਗਭਗ ਹੜੱਪਾ ਸੱਭਿਅਤਾ ਦੇ ਸਮਕਾਲੀ ਹੀ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰਾਚੀਨ ਸੱਭਿਅਤਾ ਨੂੰ ਸ਼ਹਿਰੀ ਸੱਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਜਾਨ ਮਾਰਸ਼ਲ ਪਹਿਲਾ ਇਤਿਹਾਸਕਾਰ ਹੋਇਆ ਜਿਸ ਨੇ ਇਸ ਸੱਭਿਅਤਾ ਨੂੰ ਸਿੰਧ ਸੱਭਿਅਤਾ ਦਾ ਨਾਂ ਦਿੱਤਾ। ਇਹ ਸੱਭਿਅਤਾ ਆਪਣੇ ਆਪ ’ਚ ਹੈਰਤ ਅੰਗੇਜ਼ ਇਤਿਹਾਸ ਸਮੋਏ ਬੈਠੀ ਹੈ। ਹਜ਼ਾਰਾ ਸਾਲ ਪਹਿਲਾਂ ਪਣਪੀ ਇਹ ਸੱਭਿਅਤਾ ਨੇ ਹਰ ਖੇਤਰ ’ਚ ਜੋ ਤਰੱਕੀ ਕੀਤੀ ਉਹ ਸੱਚਮੁਚ ਹੀ ਅਚੰਭੇ ਵਾਲੀ ਗੱਲ ਲਗਦੀ ਹੈ ਅਤੇ ਇਹ ਸਮੁੱਚੇ ਹਿੰਦ ਅਤੇ ਪਾਕਿ ਦੀ ਮਹਾਨ ਸੱਭਿਅਤਾ ਦੀ ਪੈਰਵੀ ਕਰਦੀ ਹੈ।
ਪਹਿਲੀ ਸੰਸਾਰ ਜੰਗ ਤੋਂ ਬਾਅਦ 1921 ਦੇ ਕਰੀਬ ਆਵਾਜਾਈ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਪੂਰੇ ਸੰਸਾਰ ’ਚ ਤੇਜ਼ੀ ਨਾਲ ਰੇਲ ਪਟੜੀਆਂ ਵਿਛਾਈਆਂ ਜਾ ਰਹੀਆਂ ਸਨ ਤਾਂ ਮਜ਼ਦੂਰਾਂ ਵੱਲੋਂ ਖੁਦਾਈ ਦੌਰਾਨ ਜ਼ਿਲ੍ਹਾ ਮਿੰਟਗੁਮਰੀ ਦੇ ਹੜੱਪਾ ਅਤੇ ਜ਼ਿਲ੍ਹਾ ਲਰਕਾਨਾ ਦੇ ਮੋਹਿੰਜੋਦੜੋ (ਦੋਵੇਂ ਅੱਜ ਕੱਲ੍ਹ ਪਾਕਿਸਤਾਨ) ਨਾਮੀ ਸਥਾਨ ’ਤੇ ਕਈ ਦੁਰਲੱਭ ਵਸਤੂਆਂ ਪ੍ਰਾਪਤ ਕੀਤੀਆਂ ਗਈਆਂ।
ਪ੍ਰਸਿੱਧ ਇਤਿਹਾਸਕਾਰ ਦਿਆ ਰਾਮ ਸਾਹਨੀ ਅਤੇ ਰਖਾਲ ਦਾਸ ਬੈਨਰਜੀ ਦੁਆਰਾ ਸਾਰੇ ਤੱਥਾਂ ਨੂੰ ਬਹੁਤ ਹੀ ਗਹਿਰਾਈ ਨਾਲ ਘੋਖਿਆ ਗਿਆ ਅਤੇ ਉਨ੍ਹਾਂ ਅੰਦਾਜ਼ਾ ਲਗਾਇਆ ਗਿਆ ਕਿ ਇਹ ਮਹਿਜ਼ ਇਕ ਇਤਫ਼ਾਕ ਨਹੀਂ ਹੈ ਸਗੋਂ ਇਕ ਅਜਿਹੀ ਸੱਭਿਅਤਾ ਦੇ ਅਵਿਸ਼ੇਸ ਹਨ ਜੋ ਪ੍ਰਾਚੀਨ ਅਤੇ ਬਹੁਤ ਵੱਡੇ ਖੇਤਰ ’ਚ ਫੈਲੀ ਹੋਈ ਹੋ ਸਕਦੀ ਹੈ। ਬਹੁਤ ਹੀ ਜਲਦੀ ਦੁਨੀਆ ਭਰ ਦੇ ਇਤਿਹਾਸਕਾਰਾਂ ਅਤੇ ਪੁਰਾਤੱਤਵ ਵਿਭਾਗਾਂ ਦਾ ਧਿਆਨ ਇਸ ਮਹਾਨ ਸੱਭਿਅਤਾ ਵੱਲ ਆਕਰਸ਼ਤ ਹੋਇਆ ਜੋ ਮੈਸੋਪੋਟਾਮੀਅਮ ਅਤੇ ਰੋਮਨ ਜਿਹੀਆਂ ਅਦੁੱਤੀ ਸੱਭਿਅਤਾਵਾਂ ਨੂੰ ਬਰਾਬਰ ਦੀ ਟੱਕਰ ਦੇ ਰਹੀ ਸੀ। ਬਰੀਕੀ ਨਾਲ ਖੋਜ ਕਰਨ ਉਪਰੰਤ ਇਕ ਦੇ ਬਾਅਦ ਇਕ ਸਥਾਨ ਖੋਜੇ ਗਏ। ਇਹ ਸੱਭਿਅਤਾ ਸੱਪ ਵਾਗ ਵਲੇਵੇਂ ਖਾਂਦੀ ਸਿੰਧ ਨਦੀ ਦੇ ਨਾਲ-ਨਾਲ ਅੱਜ ਕੱਲ੍ਹ ਦੇ ਸਮੁੱਚੇ ਉੱਤਰੀ ਭਾਰਤ ਅਤੇ ਪਾਕਿ ਦੇ ਕਈ ਇਲਾਕਿਆਂ ’ਚ ਫੈਲੀ ਹੋਈ ਸੀ। ਘਰਾਂ ਤੇ ਗਲੀਆਂ ਦੀ ਬਨਾਵਟ ਲਈ ਅਪਣਾਈ ਉੱਤਮ ਕਲਾ ਦੀ ਗਰਿੱਡ ਪ੍ਰਣਾਲੀ, ਆਧੁਨਿਕ ਜ਼ਮੀਨੀ ਪਾਣੀ ਨਿਕਾਸ ਪ੍ਰਣਾਲੀ, ਪੱਕੀਆਂ ਇੱਟਾਂ ਦੀ ਵਰਤੋਂ ਉਸ ਪ੍ਰਾਚੀਨ ਸਮੇਂ ਦੀ ਬਹੁਤ ਹੀ ਅਜੀਬ ਅਤੇ ਸ਼ਾਨਦਾਰ ਵਿਲੱਖਣਤਾ ਪੇਸ਼ ਕਰਦੀ ਹੈ। ਜਦੋਂ ਅਸੀਂ ਇਸ ਮਹਾਨ ਸੱਭਿਅਤਾ ਦੇ ਸਮਾਜਿਕ ਜੀਵਨ, ਕੰਮ ਧੰਦਿਆਂ, ਵਪਾਰ, ਧਾਰਮਿਕ ਰੀਤੀ ਰਿਵਾਜਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਆਪ ਮੁਹਾਰੇ ਹੀ ਇਸ ਅਦੁੱਤੀ ਸੱਭਿਅਤਾ ਅਤੇ ਮਹਾਨ ਵਿਰਾਸਤ ’ਤੇ ਮਾਣ ਮਹਿਸੂਸ ਕਰਦੇ ਹਾਂ। ਸਮਾਜਕ ਜੀਵਨ ’ਚ ਲੋਕ ਮਿਲ ਜੁਲ ਕੇ ਰਹਿੰਦੇ ਸਨ। ਆਮ ਤੌਰ ਤੇ ਕਣਕ, ਜਵਾਰ, ਕਪਾਹ, ਸਰ੍ਹੋਂ, ਖਜੂਰਾਂ ਆਦਿ ਦੀ ਪੈਦਾਵਾਰ ਕਰਦੇ ਸਨ। ਗਾਂ, ਸ਼ੇਰ ਅਤੇ ਲੋਹੇ ਤੋਂ ਇਹ ਲੋਕ ਪੂਰੀ ਤਰ੍ਹਾਂ ਅਣਜਾਣ ਸਨ।
ਆਪਣੇ ਧਾਰਮਿਕ ਜੀਵਨ ’ਚ ਇਹ ਲੋਕ ਮਾਤਾ ਦੇਵੀ, ਪਸ਼ੂਪਤੀ ਮਹਾਦੇਵ (ਸ਼ਿਵ), ਦਰੱਖ਼ਤਾਂ, ਅਗਨੀ, ਆਦਿ ਦੀ ਪੂਜਾ ਕਰਦੇ ਸਨ ਪਰ ਇਨ੍ਹਾਂ ਨੇ ਕੋਈ ਮੰਦਰ ਨਹੀਂ ਬਣਾਏ ਸਨ। ਵਪਾਰ ਦੇ ਸਬੰਧ ’ਚ ਵੀ ਬਹੁਤ ਹੀ ਅਚੰਭੇ ਵਾਲੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਨ੍ਹਾਂ ਵਿਕਸਤ ਲੋਕਾਂ ਨੇ ਪਰਸ਼ੀਆ, ਅਫਗਾਨਿਸਤਾਨ, ਸੁਮੇਰੀਆ, ਬਹਿਰੀਨ, ਮੱਧ ਏਸ਼ੀਆ ਆਦਿ ਅਨੇਕਾਂ ਹੀ ਦੂਰ ਦੁਰਾਡੇ ਦੇ ਮੁਲਕਾਂ ਨਾਲ ਵਪਾਰ ਸਬੰਧ ਕਾਇਮ ਕੀਤੇ ਹੋਏ ਸਨ। ਪ੍ਰਾਪਤ ਵਸਤੂਆਂ ਦੀ ਗੱਲ ਕਰੀਏ ਤਾਂ ਹੜੱਪਾ ਤੋਂ ਪ੍ਰਾਪਤ ਦੇਵੀ ਦੀ ਮੂਰਤੀ, ਵੱਡੇ ਅਨਾਜ ਭੰਡਾਰ, ਸ਼ਿੰਗਾਰ ਡੱਬਾ, ਲੱਕੜ ਦੇ ਭਾਂਡੇ ’ਚ ਅਨਾਜ ਦੇ ਦਾਣੇ, ਸ਼ਿਵਲਿੰਗ ਮੋਹਿੰਜੋਦੜੋ ਤੋਂ ਪ੍ਰਾਪਤ ਵੱਡਾ ਇਸ਼ਨਾਨ ਘਰ, ਪ੍ਰਾਥਨਾ ਸਭਾ, ਪਸ਼ੂਪਤੀ ਮਹਾਦੇਵ(ਸ਼ਿਵ) ਦੀ ਮੂਰਤੀ, ਕਾਸੇ ਦੀ ਨਗਨ ਔਰਤ ਦੀ ਮੂਰਤੀ, ਕਬਰ ਵਿੱਚ ਇਕੱਠੇ ਜੁੜੇ ਹੋਏ ਮਾਨਵੀ ਕੰਕਾਲ, ਪੱਕੀਆਂ ਇੱਟਾਂ, ਮੈਸੋਪੋਟਾਮੀਆ ਦੀਆਂ 2 ਮੋਹਰਾਂ, 1398 ਕੱੁਲ ਮੋਹਰਾਂ, ਚੰਨਹੰੁਦੜੋ ਤੋਂ ਦਵਾਤ, ਸੁਰਖੀ, ਨਾਈ ਦੀ ਦੁਕਾਨ, ਕਾਂਸੀ ਦੀ ਖਿਡੌਣਾ ਬੈਲਗੱਡੀ ਲੋਥਲ ਤੋਂ ਵਿਸ਼ਾਲ ਬੰਦਰਗਾਹ, ਚੋਲਾ ਦਾ ਫੂਸ, ਅੰਗੀਠੀ, ਮਰਦ-ਔਰਤ ਦੀ ਇਕੱਠੀ ਕਬਰ, ਪਰਸੀਅਨ ਤੇ ਬਹਿਰੀਨ ਦੀਆਂ ਮੋਹਰਾਂ, ਪੰਛੀ ਅਤੇ ਲੂੰਬੜੀ ਦੀ ਚਿੱਤਰਕਾਰੀ ਵਾਲੇ ਬਰਤਮਾਨ, ਕਾਲੀਬੰਗਾਂ ਤੋਂ ਜੋਤਿਆ ਹੋਇਆ ਖੇਤ, ਸਜਾਵਟੀ ਇੱਟਾਂ, ਖਿਡੌਣਾ ਗੱਡੀ ਦੇ ਚੱਕੇ, ਧੋਲਾਵੀਰਾ ਤੋਂ ਬਹੁਤ ਵਿਸ਼ਾਲ ਜਲ ਡੈਮ, ਵਿਸ਼ਾਲ ਪਾਣੀ ਨਿਕਾਸ ਪ੍ਰਣਾਲੀ, ਵਿਸ਼ਾਲ ਖੇਡ ਮੈਦਾਨ, ਸਰਕੋਤੜਾ ਤੋਂ ਘੋੜੇ ਦੀਆਂ ਹੱਡੀਆਂ, ਦੇਮਾਵਾਦ ਤੋਂ ਕਾਂਸੀ ਦੀਆ ਤਸਵੀਰਾਂ ਪ੍ਰਾਪਤ ਹੋਈਆਂ
ਰੋਪੜ ਤੋਂ ਆਦਮੀ ਤੇ ਕੁੱਤੇ ਦੀ ਇਕੱਠੀ ਕਬਰ ਆਦਿ ਅਨੇਕਾਂ ਹੀ ਸਥਾਨਾਂ ਤੋਂ ਹਜ਼ਾਰਾਂ ਵਸਤਾਂ ਪ੍ਰਾਪਤ ਹੋਈਆਂ ਹਨ ਜੋ ਕਿ ਬਹੁਤ ਹੀ ਦਿਲਚਸਪ ਇਤਿਹਾਸਕ ਫਲਸਫ਼ੇ ਅਤੇ ਅਦੁੱਤੀ ਜਾਣਕਾਰੀ ਮੁਹੱਈਆ ਕਰਾਉਂਦੀਆਂ ਹਨ। ਉਸ ਪ੍ਰਾਚੀਨ ਸਮੇਂ ’ਚ ਜੋ ਲੋਕਾਂ ਨੇ ਜੀਵਨ ਨੂੰ ਜਿਊਣ ਦੇ ਵਸੀਲੇ ਬਣਾਏ ਅਤੇ ਨਵੀਂ-ਨਵੀਂ ਤਕਨੀਕ ਖੋਜੀ ਉਹ ਸੱਚਮੁੱਚ ਇਕ ਮਹਾਨ ਪ੍ਰਾਪਤੀ ਸੀ। ਲਗਪਗ 1700 ਈ. ਪੂ. 1500 ਈ. ਪੂ. ਤਕ ਇਹ ਮਹਾਨ ਸੱਭਿਅਤਾ ਕੁਦਰਤ ਦੀਆਂ ਕਰੋਪੀਆਂ ਕਾਰਨ ਅਚਾਨਕ ਕੁਦਰਤ ਦੀ ਬੁੱਕਲ ’ਚ ਹੀ ਅਲੋਪ ਹੋ ਗਈ ਪਰ ਸਾਨੂੰ ਆਪਣੇ ਪੂਰਵਜਾਂ ਦੀ ਇਹ ਮਹਾਨ ਵਿਰਾਸਤ ਹਮੇਸ਼ਾ ਹੀ ਜ਼ਿੰਦਗੀ ਦੇ ਸੰਘਰਸ਼ ਲਈ ਪ੍ਰੇਰਿਤ ਕਰਦੀ ਰਹੇਗੀ।
ਆਭਾਰ : https://www.punjabijagran.com/lifestyle/sahit-and-sabhyachar-the-rich-heritage-of-indo-pak-harappan-culture-9069338.html
test