ਖੇਤੀ ਵੰਨ-ਸਵੰਨਤਾ ਨੂੰ ਸੱਟ; ਮੰਡੀਕਰਨ ਦੇ ਮਾਡ਼ੇ ਪ੍ਰਬੰਧਾਂ ਕਾਰਨ ਕਿਸਾਨਾਂ ਨੇ ਮੂੰਗਫਲੀ ਨਾ ਬੀਜੀ
09 ਜੂਨ, 2026 – ਮਾਨਸਾ : ਮਾਲਵਾ ਪੱਟੀ ਵਿਚ ਇਸ ਵਾਰ ਨਰਮੇ ਹੇਠੋਂ ਰਕਬਾ ਹੀ ਨਹੀਂ ਘਟਿਆ, ਸਗੋਂ ਖੇਤੀ ਵਿਭਿੰਨਤਾ ਤਹਿਤ ਥੋੜ੍ਹੇ ਰਕਬੇ ਵਿੱਚ ਬੀਜੀ ਜਾਂਦੀ ਮੂੰਗਫਲੀ ਤੋਂ ਵੀ ਕਿਸਾਨਾਂ ਦਾ ਮੋਹ ਭੰਗ ਹੋ ਗਿਆ। ਇਸ ਖੇਤਰ ਵਿਚ ਕਈ ਸਾਲਾਂ ਤੋਂ ਕਿਸਾਨ ਥੋੜ੍ਹਾ-ਥੋੜ੍ਹਾ ਕਰ ਕੇ ਰਕਬਾ ਮੂੰਗਫਲੀ ਹੇਠ ਬੀਜ ਲੈਂਦੇ ਸਨ, ਪਰ ਵਧੀਆ ਮੰਡੀਕਰਨ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਹੁਣ ਮੂੰਗਫਲੀ ਲਈ ਵੀ ਹੱਥ ਖੜ੍ਹੇ ਕਰ ਗਏ ਹਨ। ਦੱਖਣੀ ਪੰਜਾਬ ਦੇ ਇਸ ਖੇਤਰ ਵਿਚ ਕਈ ਸਾਲਾਂ ਤੋਂ ਸੇਂਜੂ ਹਾਲਤ ਵਿਚ ਅਤੇ ਬਰਾਨੀ ਸਥਿਤੀ ਵਿਚ ਬਹੁਤ ਸਾਰੀ ਮੂੰਗਫਲੀ ਬੀਜੀ ਜਾਂਦੀ ਸੀ, ਜਿਸ ਨੇ ਮੁਲਕ ਦੀ ਸਭ ਤੋਂ ਵੱਧ ਮੂੰਗਫਲੀ ਪੈਦਾ ਕਰਨ ਵਾਲੇ ਸੂਬੇ ਰਾਜਸਥਾਨ ਦਾ ਹਰ ਪੱਖੋਂ ਮੁਕਾਬਲਾ ਕੀਤਾ ਸੀ, ਪਰ ਇਸ ਵਾਰ ਨਹਿਰਾਂ ਵਿਚ ਸਮੇਂ ਸਿਰ ਪਾਣੀ ਨਾ ਆਉਣ ਅਤੇ ਪੰਜਾਬ ਸਰਕਾਰ ਵੱਲੋਂ ਯੋਗ ਉਪਰਾਲਾ ਕਰਨ ਕਰ ਕੇ ਕਿਸਾਨ ਇਸ ਪਾਸੇ ਪਏ ਹੀ ਨਹੀਂ। ਭਾਵੇਂ ਕਿਸਾਨਾਂ ਨੇ ਚਿੱਟੀ ਮੱਖੀ ਦੇ ਡਰੋਂ ਨਰਮੇ ਤੋਂ ਪਾਸਾ ਵੱਟ ਲਿਆ ਹੈ, ਪਰ ਨਰਮੇ ਦੇ ਬਦਲ ਵੱਜੋਂ ਖੇਤਾਂ ਵਿਚ ਮੂੰਗਫਲੀ ਲਾਉਣ ਲਈ ਵੀ ਆਪਣਾ ਮਨ ਕਰੜਾ ਨਾ ਕਰੇ ਸਕੇ।
ਮਾਲਵਾ ਪੱਟੀ ਵਿਚ ਮੂੰਗਫਲੀ ਦੀ ਮੰਗ ਵਧਣ ਦੇ ਬਾਵਜੂਦ ਇਸ ਹੇਠ ਐਂਤਕੀ ਰਕਬਾ ਘਟਣ ਦੀ ਗੱਲ ਖੁਦ ਖੇਤੀ ਵਿਭਾਗ ਵਲੋਂ ਸਵੀਕਾਰੀ ਗਈ ਹੈ। ਮਹਿਕਮੇ ਵਲੋਂ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹੇ ਵਿਚ ਪਿੰਡ ਪੇਰੋਂ ਨੂੰ ਖੇਤੀ ਵਿਭਿੰਨਤਾ ਤਹਿਤ ਅਪਨਾਉਣ ਕਰ ਕੇ ਉਥੇ ਕਾਫ਼ੀ ਰਕਬੇ ਵਿਚ ਮੂੰਗਫਲੀ ਬੀਜੀ ਜਾਂਦੀ ਸੀ, ਪਰ ਇਸ ਵਾਰ ਨਾਮਾਤਰ ਰਕਬੇ ਵਿਚ ਮੂੰਗਫਲੀ ਦੀ ਬਿਜਾਈ ਰਹਿ ਗਈ ਹੈ। ਇਸ ਵਾਰ ਖੇਤੀ ਵਿਭਾਗ ਕਿਸਾਨਾਂ ਨੂੰ ਨਰਮੇ ਲਈ ਵੀ ਪ੍ਰੇਰ ਨਾ ਸਕਿਆ ਅਤੇ ਨਾ ਹੀ ਖੇਤੀ ਵਿਭਿੰਨਤਾ ਵਜੋਂ ਮੂੰਗਫਲੀ ਵਾਲੇ ਪਾਸੇ ਪਾਉਣ ਲਈ ਉਤਸ਼ਾਹਿਤ ਕਰ ਸਕਿਆ। ਮੂੰਗਫਲੀ ਅਤੇ ਨਰਮੇ ਦੀ ਬਿਜਾਈ ਦਾ ਢੁੱਕਵਾਂ ਸਮਾਂ ਇਕੋ ਹੀ ਮੰਨਿਆ ਜਾਂਦਾ ਹੈ।
ਦੂਜੇ ਪਾਸੇ ਕਿਸਾਨਾਂ ਤੋਂ ਮੂੰਗਫਲੀ ਦੇ ਮੰਡੀਕਰਨ ਸਬੰਧੀ ਮਾੜੇ ਹਾਲ ਬਾਰੇ ਪਤਾ ਲੱਗਿਆ ਹੈ। ਕਈ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਮਾਰਕਫੈੱਡ ਨਾਲ ਮੂੰਗਫਲੀ ਦੀ ਖਰੀਦ ਬਾਰੇ, ਜੋ ਸਮਝੌਤਾ ਕੀਤਾ ਸੀ, ਉਹ ਠੁੱਸ ਹੋ ਕੇ ਰਹਿ ਗਿਆ ਹੈ। ਇਹ ਵੀ ਦੱਸਿਆ ਕਿ ਪੰਜਾਬ ਐਗਰੋਂ ਵਲੋਂ ਵੀ ਖੇਤੀ ਵਿਭਿੰਨਤਾ ਤਹਿਤ ਮੂੰਗਫਲੀ ਖਰੀਦਣ ਦੇ, ਜੋ ਦਾਅਵੇ ਕੀਤੇ ਜਾਂਦੇ ਸਨ, ਉਹ ਸਭ ਠੁੱਸ ਹੋ ਕੇ ਰਹਿਣ ਤੋਂ ਪਿਛੋਂ ਹੀ ਕਿਸਾਨਾਂ ਨੇ ਦੂਜੇ ਪਾਸੇ ਮੂੰਹ ਫੇਰਿਆ ਹੈ।
ਜ਼ਿਕਰਯੋਗ ਹੈ ਕਿ ਮੂੰਗਫਲੀ ਦੀ ਬਿਜਾਈ ਲਈ ਢੁੱਕਵਾਂ ਸਮਾਂ ਅਪਰੈਲ ਦੇ ਅਖੀਰਲੇ ਹਫ਼ਤੇ ਤੋਂ ਮਈ ਦੇ ਦੂਜੇ ਪੰਦਰਵਾੜੇ ਨੂੰ ਮੰਨਿਆ ਜਾਂਦਾ ਹੈ।
ਸਾਬਕਾ ਜ਼ਿਲ੍ਹਾ ਖੇਤੀ ਅਫ਼ਸਰ ਸੱਤਪਾਲ ਸਿੰਘ ਰਾਏਕੋਟੀ ਨੇ ਵੀ ਕਿਸਾਨਾਂ ਵਲੋਂ ਮੂੰਗਫਲੀ ਵਾਲੇ ਪਾਸੇ ਤੋਂ ਮੂੰਹ ਫੇਰਨ ਨੂੰ ਬੜਾ ਮੰਦਭਾਗਾ ਦੱਸਦਿਆਂ ਕਿਹਾ ਕਿ ਮੂੰਗਫਲੀ ਨਾਲ ਜਿਥੇ ਖੇਤੀ ਵਿਭਿੰਨਤਾ ਆਉਂਦੀ ਹੈ, ਉਥੇ ਇਸ ਨਾਲ ਮਾਲਵਾ ਪੱਟੀ ’ਚੋਂ ਜ਼ਹਿਰਾਂ ਦਾ ਪ੍ਰਕੋਪ ਵੀ ਘਟਦਾ ਹੈ, ਜਿਸ ਨਾਲ ਅੱਗੇ ਨਰਮਾ ਪੱਟੀ ’ਚੋਂ ਮਨੁੱਖੀ ਜੀਵਨ ਵਿਚ ਕੈਂਸਰ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਖਹਿੜਾ ਛੁਟਦਾ ਹੈ।
ਪ੍ਰੇਰਨ ਦੇ ਬਾਵਜੂਦ ਕਿਸਾਨਾਂ ਨੇ ਦਿਲਚਸਪੀ ਨਹੀਂ ਦਿਖਾਈ: ਅਧਿਕਾਰੀ
ਖੇਤੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੇ ਮੂੰਗਫਲੀ ਵਾਲੇ ਪਾਸੇ ਮੂੰਹ ਹੀ ਨਹੀਂ ਕੀਤਾ। ਵਿਭਾਗ ਵੱਲੋਂ ਪ੍ਰੇਰਨ ਦੇ ਬਾਵਜੂਦ ਕਿਸੇ ਪਿੰਡ ਵਿਚ ਕਿਸਾਨ ਨੇ ਕੋਈ ਦਿਲਚਸਪੀ ਨਹੀਂ ਵਿਖਾਈ ਹੈ।
ਪੰਜਾਬੀ ਟ੍ਰਿਬਯੂਨ