‘ਮਨ ਕੀ ਬਾਤ’ ਵਿੱਚ ਪੰਜਾਬ ਦੀ ਜੈਵਿਕ ਕਪਾਹ ਦੀ ਸ਼ਲਾਘਾ
ਮੋਦੀ ਵੱਲੋਂ ਕੁਦਰਤੀ ਖੇਤੀ ਨਾਲ ਔਰਤਾਂ ਦੀ ਬਦਲਦੀ ਜ਼ਿੰਦਗੀ ਦਾ ਜ਼ਿਕਰ; ‘ਨਵ-ਤ੍ਰਿੰਞਣ’ ਪਹਿਲਕਦਮੀ ਦਾ ਹਵਾਲਾ ਦਿੱਤਾ
26 ਅਕਤੂਬਰ, 2026 – ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 139ਵੀਂ ਕਿਸ਼ਤ ਵਿੱਚ ਅੱਜ ਪੰਜਾਬ ਦੀ ਨਰਮਾ ਪੱਟੀ ’ਚ ਜੈਵਿਕ ਕਪਾਹ ਦੀ ਖੇਤੀ ਅਤੇ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਖੇਤੀ ਵਿਰਾਸਤ ਮਿਸ਼ਨ ਦੇ ਹਵਾਲੇ ਨਾਲ ਪੰਜਾਬ ਦੀਆਂ ਔਰਤਾਂ ਵੱਲੋਂ ਕੁਦਰਤੀ ਖੇਤੀ ਅਪਣਾਉਣ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ‘ਨਵ-ਤ੍ਰਿੰਝਣ’ ਨਾਮ ਹੇਠ ਕੁਦਰਤੀ ਖੇਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਬਿਨਾਂ ਰਸਾਇਣਾਂ ਤੋਂ ਜੈਵਿਕ ਕਪਾਹ ਉਗਾਈ ਜਾਂਦੀ ਹੈ, ਜਿਸ ਕਰ ਕੇ ਧਾਗੇ ਅਤੇ ਕੱਪੜੇ ਨੂੰ ਰੰਗਣ ਲਈ ਕਿਸੇ ਰਸਾਇਣ ਦੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਬੁਣਾਈ ਸਿਖਾਉਣ ਵਾਲਾ ਸਕੂਲ ਸ਼ੁਰੂ ਕੀਤਾ ਗਿਆ ਹੈ, ਜਿਸ ਨੇ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਨ੍ਹਾਂ ਰਮਨਦੀਪ ਕੌਰ ਦੀ ਮਿਸਾਲ ਦਿੱਤੀ, ਜੋ ਪਹਿਲਾਂ ਮਜ਼ਦੂਰੀ ਕਰਦੀ ਸੀ ਪਰ ਹੁਣ ਮਾਹਿਰ ਬੁਣਕਰ ਬਣ ਗਈ ਹੈ। ਰੇਖਾ ਰਾਣੀ ਨੇ ਵੀ ਬੁਣਾਈ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਉਸ ਵੱਲੋਂ ਤਿਆਰ ਕੀਤੀ ਸ਼ਾਲ ਰਾਸ਼ਟਰਪਤੀ ਨੂੰ ਭੇਟ ਕੀਤੀ ਗਈ। ਇਸੇ ਤਰ੍ਹਾਂ ਘਰਾਂ ਵਿੱਚ ਕੰਮ ਕਰਨ ਵਾਲੀ ਸੁਨੇਹਾ ਦੇਵੀ ਹੁਣ ਖੱਡੀ ਦੇ ਕੰਮ ਵਿੱਚ ਮਾਹਿਰ ਹੈ ਅਤੇ ਖੇਤਾਂ ਵਿੱਚ ਮਿਹਨਤ ਕਰਨ ਵਾਲੀ ਰਜਨੀ ਕੌਰ ਵੀ ਨਵਾਂ ਹੁਨਰ ਸਿੱਖ ਕੇ ਘਰ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿੰਨੀਆਂ ਹੀ ਔਰਤਾਂ ਦੇਸੀ ਜੈਵਿਕ ਕਪਾਹ ਤੋਂ ਬਣੇ ਧਾਗਿਆਂ ਦੀ ਵਰਤੋਂ ਕਰ ਕੇ ਸ਼ਾਲ, ਤੌਲੀਏ ਤੇ ਹੋਰ ਕੱਪੜੇ ਤਿਆਰ ਕਰ ਰਹੀਆਂ ਹਨ।
ਦੂਜੇ ਪਾਸੇ ਦੇਖੀਏ ਤਾਂ ਪੰਜਾਬ ’ਚ ਪਿਛਲੇ ਸਾਲਾਂ ’ਚ ਨਰਮੇ ਦੀ ਖੇਤੀ ਨੂੰ ਵੱਡੀ ਸੱਟ ਵੱਜੀ ਹੈ। ਖੇਤੀ ਵੰਨ-ਸੁਵੰਨਤਾ ਦਾ ਮਿਸ਼ਨ ਹੀ ਲੀਹੋਂ ਲਹਿ ਗਿਆ ਹੈ। ਸੂਬੇ ਵਿੱਚ ਨਰਮੇ ਹੇਠਲਾ ਰਕਬਾ ਸਾਲ 2023-24 ਦੇ 2.49 ਲੱਖ ਹੈਕਟੇਅਰ ਦੇ ਮੁਕਾਬਲੇ ਘਟ ਕੇ ਸਿਰਫ਼ 80 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਪਿਛਲੇ ਵਰ੍ਹੇ ਇਹ ਰਕਬਾ 1.28 ਲੱਖ ਹੈਕਟੇਅਰ ਸੀ ਤੇ ਇੱਕੋ ਸਾਲ ’ਚ ਰਕਬਾ 37 ਫ਼ੀਸਦੀ ਘਟਿਆ ਹੈ। ਸਾਲ 1990-91 ਵਿੱਚ ਇਹ ਰਕਬਾ 7.01 ਲੱਖ ਹੈਕਟੇਅਰ ਸੀ। ਰਕਬਾ ਘਟਣ ਕਾਰਨ ਹੁਣ ਨਰਮਾ ਪੱਟੀ ਵਿੱਚ ਝੋਨਾ ਲਾਇਆ ਜਾ ਰਿਹਾ ਹੈ, ਜੋ ਖੇਤੀ ਵੰਨ-ਸੁਵੰਨਤਾ ਲਈ ਚਿੰਤਾ ਦਾ ਵਿਸ਼ਾ ਹੈ।
‘ਨਵ-ਤ੍ਰਿੰਞਣ’ ਰਾਹੀਂ ਸੁਰਜੀਤ ਹੋ ਰਹੀ ਹੈ ਪੰਜਾਬ ਦੀ ਵਿਰਾਸਤ
ਜੈਤੋ (ਸ਼ਗਨ ਕਟਾਰੀਆ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪੰਜਾਬ ਦੀ ਜਿਸ ‘ਨਵ-ਤ੍ਰਿੰਝਣ’ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ ਹੈ, ਉਸ ਸਬੰਧੀ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਦੱਸਿਆ ਕਿ ‘ਨਵ-ਤ੍ਰਿੰਝਣ’ ਦਾ ਨਾਂ ਪੰਜਾਬ ਦੀ ਪੁਰਾਤਨ ਤ੍ਰਿੰਝਣ ਪਰੰਪਰਾ ਤੋਂ ਲਿਆ ਗਿਆ ਹੈ, ਜਿੱਥੇ ਔਰਤਾਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ, ਲੋਕ-ਗੀਤ ਗਾਉਂਦੀਆਂ ਅਤੇ ਦੁੱਖ-ਸੁੱਖ ਸਾਂਝੇ ਕਰਦੀਆਂ ਸਨ। ਇਸ ਉੱਦਮ ਰਾਹੀਂ ਉਸੇ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਦੇਸੀ ਅਤੇ ਗ਼ੈਰ-ਬੀ ਟੀ ਕਪਾਹ ਕੁਦਰਤੀ ਖੇਤੀ ਕਰਨ ਵਾਲੇ ਪ੍ਰਮਾਣਿਤ ਕਿਸਾਨਾਂ ਤੋਂ ਖ਼ਰੀਦੀ ਜਾਂਦੀ ਹੈ ਅਤੇ ਇਸ ਨੂੰ ‘ਕਰਾਫਟਮਾਰਕ’ ਸਰਟੀਫਿਕੇਟ ਵੀ ਮਿਲਿਆ ਹੋਇਆ ਹੈ। ‘ਨਵ-ਤ੍ਰਿੰਝਣ ਬੁਣਕਰ ਪਾਠਸ਼ਾਲਾ’ ਵਿੱਚ ਮਾਸਟਰ ਕਾਰੀਗਰ ਸ਼ਿੰਦਰ ਕੌਰ ਅਤੇ ਗੁਰਮੀਤ ਕੌਰ ਨੌਜਵਾਨਾਂ ਨੂੰ ਬੁਣਾਈ ਦੀ ਵਿਸ਼ੇਸ਼ ਸਿਖਲਾਈ ਦੇ ਰਹੀਆਂ ਹਨ। ਖੇਤੀ ਵਿਰਾਸਤ ਮਿਸ਼ਨ ਦੀ ਡਾਇਰੈਕਟਰ ਰੂਪਸੀ ਗਰਗ ਨੇ ਮਾਣ ਮਹਿਸੂਸ ਕਰਦਿਆਂ ਕਿਹਾ, ‘‘ਜਿਨ੍ਹਾਂ ਔਰਤਾਂ ਨੇ ਸਾਲ ਪਹਿਲਾਂ ਚਰਖਾ ਜਾਂ ਖੱਡੀ ਤੱਕ ਨਹੀਂ ਸੀ ਦੇਖੀ, ਅੱਜ ਉਹ ਆਪਣੇ ਹੁਨਰ ਸਦਕਾ ਕੌਮੀ ਪੱਧਰ ਉੱਤੇ ਪੰਜਾਬ ਦੀ ਸ਼ਾਨਦਾਰ ਨੁਮਾਇੰਦਗੀ ਕਰ ਰਹੀਆਂ ਹਨ।’’
ਵਿਗਿਆਨੀ ਨਰਿੰਦਰ ਸਿੰਘ ਕਪਾਨੀ ਨੂੰ ਸਲਾਮ
ਪ੍ਰਧਾਨ ਮੰਤਰੀ ਨੇ ਮੋਗਾ ਜ਼ਿਲ੍ਹੇ ਦੇ ਜੰਮਪਲ ਮਹਾਨ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਨੂੰ ਵੀ ਉਨ੍ਹਾਂ ਦੀ 100ਵੀਂ ਜਨਮ ਸ਼ਤਾਬਦੀ ’ਤੇ ਸਲਾਮ ਕੀਤਾ। ‘ਫਾਦਰ ਆਫ ਫਾਈਬਰ ਆਪਟਿਕਸ’ ਵਜੋਂ ਜਾਣੇ ਜਾਂਦੇ ਕਪਾਨੀ ਨੇ ਆਪਣੀਆਂ ਖੋਜਾਂ ਨਾਲ ਸੰਚਾਰ ਦੀ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ ਸੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਜਿਹੇ ਮਹਾਨ ਵਿਗਿਆਨੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ।
Mann Ki Baat: ਦੇਸ਼ ਭਰ ’ਚ ਸੁਣਾਈ ਦਿੱਤੀ ਪੰਜਾਬ ਦੀਆਂ ਪੇਂਡੂ ਬੀਬੀਆਂ ਵੱਲੋਂ ਕੱਤੇ ਗਏ ਸੂਤ ਦੀ ਗੂੰਜ
ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ’ਚ ਛਾਇਆ ਜੈਤੋ ਦਾ ‘ਨਵ-ਤ੍ਰਿੰਜਣ’
26 ਅਕਤੂਬਰ, 2026 – ਜੈਤੋ (ਫ਼ਰੀਦਕੋਟ) : ਫ਼ਰੀਦਕੋਟ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਜੈਤੋ ਦੀਆਂ ਪੇਂਡੂ ਬੀਬੀਆਂ ਵੱਲੋਂ ਕੱਤੇ ਗਏ ਸੂਤ ਦੀ ਗੂੰਜ ਅੱਜ ਦੇਸ਼ ਭਰ ਵਿੱਚ ਸੁਣਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ ਸ਼ੁਰੂਆਤ ਜੈਤੋ ਸਥਿਤ ‘ਖੇਤੀ ਵਿਰਾਸਤ ਮਿਸ਼ਨ’ (KVM) ਦੀ ਜੈਵਿਕ ਕਪਾਹ ਅਤੇ ਹੱਥ-ਖੱਡੀ ਪਹਿਲਕਦਮੀ ‘ਨਵ-ਤ੍ਰਿੰਜਣ’ ਦੀ ਸ਼ਲਾਘਾ ਨਾਲ ਕੀਤੀ ਅਤੇ ਇਸ ਨੂੰ ਤਕਰੀਬਨ ਤਿੰਨ ਮਿੰਟ ਦਾ ਸਮਾਂ ਦਿੱਤਾ।
ਪ੍ਰਧਾਨ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਬਿਨਾਂ ਕਿਸੇ ਰਸਾਇਣਕ ਖਾਦਾਂ ਜਾਂ ਜ਼ਹਿਰਾਂ ਦੇ ਕੁਦਰਤੀ ਤੌਰ ’ਤੇ ਉਗਾਈ ਗਈ ਕਪਾਹ ਨੂੰ ਹੱਥੀਂ ਕੱਤਿਆ ਤੇ ਬੁਣਿਆ ਜਾਂਦਾ ਹੈ ਅਤੇ ਫਿਰ ਕੁਦਰਤੀ ਰੰਗਾਂ ਨਾਲ ਰੰਗਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉੱਦਮ ਲੋਕਾਂ ਨੂੰ ਰਸਾਇਣ-ਮੁਕਤ ਅਤੇ ਸੁਰੱਖਿਅਤ ਕੱਪੜਾ ਮੁਹੱਈਆ ਕਰਵਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਰਵਾਇਤੀ ਖੇਤੀ ਤਰੀਕਿਆਂ ਨੂੰ ਸੁਰਜੀਤ ਕਰਨ, ਕਿਸਾਨਾਂ ਦਾ ਸਾਥ ਦੇਣ ਅਤੇ ਪੇਂਡੂ ਔਰਤਾਂ ਨੂੰ ਰੁਜ਼ਗਾਰ ਦੇ ਕੇ ਸਵੈ-ਨਿਰਭਰ ਬਣਾਉਣ ਲਈ ਇਸ ਪ੍ਰੋਜੈਕਟ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਮੋਦੀ ਨੇ ‘ਨਵ-ਤ੍ਰਿੰਜਣ’ ਨਾਲ ਜੁੜੀਆਂ ਚਾਰ ਔਰਤਾਂ- ਰਮਨਦੀਪ ਕੌਰ, ਰਜਨੀ ਕੌਰ, ਰੇਖਾ ਰਾਣੀ ਅਤੇ ਸਨੇਹਾ ਦੇਵੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ, ਜਿਨ੍ਹਾਂ ਨੇ ਰਾਸ਼ਟਰੀ ਹੱਥ-ਖੱਡੀ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਨੂੰ ਹੱਥੀਂ ਬੁਣਿਆ ‘ਨਵ-ਤ੍ਰਿੰਜਣ’ ਸ਼ਾਲ ਭੇਟ ਕੀਤਾ ਗਿਆ ਸੀ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਦੱਸਿਆ ਕਿ ਇਹ ਨਾਂ ਪੰਜਾਬ ਦੀ ਪੁਰਾਤਨ ‘ਤ੍ਰਿੰਜਣ’ ਪਰੰਪਰਾ ਤੋਂ ਲਿਆ ਗਿਆ ਹੈ, ਜਿੱਥੇ ਪਿੰਡਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ, ਲੋਕ ਗੀਤ ਗਾਉਂਦੀਆਂ ਅਤੇ ਆਪਣੇ ਸੁਖ-ਦੁੱਖ ਸਾਂਝੇ ਕਰਦੀਆਂ ਸਨ। ਉਦਯੋਗੀਕਰਨ ਕਾਰਨ ਇਹ ਰਵਾਇਤ ਅਲੋਪ ਹੋ ਗਈ ਸੀ, ਪਰ ‘ਨਵ-ਤ੍ਰਿੰਜਣ’ ਨੇ ਇਸ ਨੂੰ ਮੁੜ ਜੀਵਤ ਕਰਕੇ ਕੁਦਰਤੀ ਬੀਜਾਂ ਤੋਂ ਲੈ ਕੇ ਕੱਪੜਾ ਤਿਆਰ ਕਰਨ ਤੱਕ ਦੇ ਸਾਰੇ ਕਾਰਜਾਂ ਵਿੱਚ ਔਰਤਾਂ ਨੂੰ ਕੇਂਦਰੀ ਭੂਮਿਕਾ ਦਿੱਤੀ ਹੈ।
ਇਸ ਪ੍ਰੋਜੈਕਟ ਲਈ ਕਪਾਹ ਪੀ.ਜੀ.ਐੱਸ.-ਇੰਡੀਆ ਤੋਂ ਪ੍ਰਮਾਣਿਤ ਕੁਦਰਤੀ ਕਿਸਾਨਾਂ ਤੋਂ ਲਈ ਜਾਂਦੀ ਹੈ, ਜੋ ਦੇਸੀ (ਗ਼ੈਰ-ਬੀਟੀ) ਕਿਸਮਾਂ ਉਗਾਉਂਦੇ ਹਨ। ਇਸ ਪਹਿਲਕਦਮੀ ਨੂੰ ਹੱਥੀਂ ਬਣੇ ਉਤਪਾਦਾਂ ਦੀ ਪ੍ਰਮਾਣਿਕਤਾ ਲਈ ‘ਕਰਾਫਟਮਾਰਕ’ (CRAFTMARK) ਸਰਟੀਫ਼ਿਕੇਟ ਵੀ ਮਿਲਿਆ ਹੋਇਆ ਹੈ। ਇਸ ਅੰਦੋਲਨ ਦੇ ਕੇਂਦਰ ਵਿੱਚ ‘ਨਵ-ਤ੍ਰਿੰਜਣ ਬੁਣਕਰ ਪਾਠਸ਼ਾਲਾ’ (ਬੁਣਾਈ ਸਕੂਲ) ਹੈ, ਜਿੱਥੇ ਮਾਸਟਰ ਕਾਰੀਗਰ ਸ਼ਿੰਦਰ ਕੌਰ ਅਤੇ ਗੁਰਮੀਤ ਕੌਰ, ਜੋ ਭਾਵੇਂ ਬਹੁਤੀਆਂ ਪੜ੍ਹੀਆਂ-ਲਿਖੀਆਂ ਨਹੀਂ ਹਨ, ਪਰ ਖੱਡੀ ਦੇ ਕੰਮ ਦਾ ਦਹਾਕਿਆਂ ਦਾ ਤਜਰਬਾ ਰੱਖਦੀਆਂ ਹਨ, ਬੁਣਕਰ ਪਰਿਵਾਰਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਸਿਖਲਾਈ ਦੇ ਰਹੀਆਂ ਹਨ।
ਚੈਣਾ ਪਿੰਡ ਦੀ ਰਮਨਦੀਪ ਕੌਰ ਇਸ ਸਿਖਲਾਈ ਸਕੂਲ ਦੀਆਂ ਸਭ ਤੋਂ ਸਫ਼ਲ ਸਿਖਿਆਰਥਣਾਂ ਵਿੱਚੋਂ ਇੱਕ ਹੈ। ਤਿੰਨ ਬੱਚਿਆਂ ਦੀ ਮਾਂ ਰਮਨਦੀਪ, ਜੋ ਪਹਿਲਾਂ ਮਨਰੇਗਾ ਦਿਹਾੜੀ ’ਤੇ ਨਿਰਭਰ ਸੀ, ਨੇ 2024 ਤੋਂ ਪਹਿਲਾਂ ਕਦੇ ਹੱਥ-ਖੱਡੀ ਨਹੀਂ ਸੀ ਦੇਖੀ। ਅੱਜ ਉਹ ਇੱਥੋਂ ਸਥਾਈ ਆਮਦਨ ਕਮਾ ਰਹੀ ਹੈ, ਜਿਸ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਹੀ ਹੈ। ਜੈਤੋ ਦੀ ਘਰੇਲੂ ਔਰਤ ਰੇਖਾ ਰਾਣੀ, ਜਿਸ ਦਾ ਪਹਿਲਾਂ ਕੋਈ ਦਸਤਕਾਰੀ ਪਿਛੋਕੜ ਨਹੀਂ ਸੀ, ਨੂੰ ਵੀ ਇੱਥੇ ਪਹਿਲੀ ਵਾਰ ਰੁਜ਼ਗਾਰ ਮਿਲਿਆ। ਇਹ ਦੋਵੇਂ ਔਰਤਾਂ ਕੇਂਦਰੀ ਟੈਕਸਟਾਈਲ ਮੰਤਰਾਲੇ ਵੱਲੋਂ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਪਹਿਲਕਦਮੀ ਤਹਿਤ ਦਿੱਲੀ ਵਿੱਚ ਆਯੋਜਿਤ ਦੋ ਰੋਜ਼ਾ ਕੌਮੀ ਵਰਕਸ਼ਾਪ ਲਈ ਵੀ ਚੁਣੀਆਂ ਗਈਆਂ ਸਨ।
ਖੇਤੀ ਵਿਰਾਸਤ ਮਿਸ਼ਨ ਦੇ ਦਿਹਾਤੀ ਵਿਕਾਸ ਅਤੇ ਵਿਰਾਸਤ ਸੰਭਾਲ ਵਿੰਗ ਦੀ ਡਾਇਰੈਕਟਰ ਰੂਪਸੀ ਗਰਗ ਨੇ ਦੱਸਿਆ, “ਜਿਨ੍ਹਾਂ ਔਰਤਾਂ ਨੇ ਸਾਲ ਪਹਿਲਾਂ ਚਰਖਾ ਜਾਂ ਖੱਡੀ ਤੱਕ ਨਹੀਂ ਸੀ ਦੇਖੀ, ਅੱਜ ਉਹ ਕੌਮੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੀਆਂ ਹਨ।” ਹਾਲ ਹੀ ਵਿੱਚ ਜੈਤੋ ਵਿਖੇ ਲਗਾਈ ਗਈ 9-ਰੋਜ਼ਾ ਨਵ-ਤ੍ਰਿੰਜਣ ਪ੍ਰਦਰਸ਼ਨੀ ਦੌਰਾਨ ਜੈਵਿਕ ਕਪਾਹ ਦੇ ਕੱਪੜੇ, ਹੱਥੀਂ ਕੱਤਿਆ ਸੂਤ, ਖੱਦਰ, ਦੁਪੱਟੇ ਅਤੇ ਕੁਦਰਤੀ ਰੰਗਾਂ ਨਾਲ ਤਿਆਰ ਫੈਬਰਿਕ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ, ਜਿਨ੍ਹਾਂ ਵਿੱਚੋਂ ਹਰ ਇੱਕ ਉਤਪਾਦ ਕਿਸਾਨ, ਕੱਤਣ ਵਾਲੀ, ਰੰਗਰੇਜ਼ ਅਤੇ ਬੁਣਕਰ ਦੀ ਮਿਹਨਤ ਦੀ ਕਹਾਣੀ ਬਿਆਨ ਕਰਦਾ ਹੈ।
ਜੈਤੋ ਦੇ ਲੋਕਾਂ ਲਈ ਅੱਜ ਦਾ ਇਹ ਪ੍ਰਸਾਰਣ ਬੇਹੱਦ ਮਾਣ ਵਾਲਾ ਪਲ ਰਿਹਾ। ਬੀਜ, ਚਰਖੇ ਅਤੇ ਕੁਝ ਔਰਤਾਂ ਨਾਲ ਸ਼ੁਰੂ ਹੋਇਆ ਇਹ ਸਫ਼ਰ ਅੱਜ ਪੂਰੇ ਦੇਸ਼ ਲਈ ਪੇਂਡੂ ਪੁਨਰ-ਸੁਰਜੀਤੀ ਦਾ ਵੱਡਾ ਮਾਡਲ ਬਣ ਕੇ ਉੱਭਰਿਆ ਹੈ।
ਪੰਜਾਬੀ ਟ੍ਰਿਬਯੂਨ