01 ਸਿਤੰਬਰ, 2022 – ਭਾਰਤੀ ਹਾਕੀ ਦੇ ਸੁਨਹਿਰੀ ਇਤਿਹਾਸ ’ਤੇ ਝਾਤ ਮਾਰੀਏ ਤਾਂ ਦੇਸ਼ ਨੂੰ ਇਸ ਖੇਡ ਰਾਹੀਂ ਦੁਨੀਆ ਦੇ ਨਕਸ਼ੇ ’ਤੇ ਉਭਾਰਨ ਲਈ ਦੋਆਬੇ ਦੇ ਪਿੰਡ ਸੰਸਾਰਪੁਰ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਨਾ ਸਿਰਫ ਭਾਰਤ ਬਲਕਿ ਦੁਨੀਆ ਦੇ ਹੋਰ ਕਈ ਦੇਸ਼ਾਂ ਨੂੰ ਆਹਲਾ ਦਰਜੇ ਦੇ ਹਾਕੀ ਖਿਡਾਰੀ ਦੇਣ ਵਾਲੇ ਇਸ ਪਿੰਡ ਦਾ ਨਾਂ ਸੁਣ ਕੇ ਹਾਕੀ ਪ੍ਰੇਮੀਆਂ ਦਾ ਸਿਰ ਸਤਿਕਾਰ ’ਚ ਝੁਕ ਜਾਂਦਾ ਸੀ। ਭਾਰਤ ਦੇ ਵੱਖ-ਵੱਖ ਵਿਭਾਗਾਂ, ਅਦਾਰਿਆਂ, ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ’ਚ ਖੇਡੀ ਜਾਂਦੀ ਹਾਕੀ ਦੀ ਜਾਗ ਇਸ ਪਿੰਡ ਤੋਂ ਹੀ ਲੱਗੀ ਸੀ। ਇੱਥੋਂ ਨਾ ਸਿਰਫ਼ ਓਲੰਪੀਅਨ ਪੈਦਾ ਹੋਏ ਬਲਕਿ ਕੌਮਾਂਤਰੀ, ਕੌਮੀ ਤੇ ਸੂਬਾਈ ਪੱਧਰ ਦੇ ਸੈਂਕੜੇ ਹਾਕੀ ਖਿਡਾਰੀ ਸੰਸਾਰਪੁਰ ਦੀ ਪੈਦਾਇਸ਼ ਸਨ। ਭਾਰਤੀ ਹਾਕੀ ਦੇ ਸੁਨਹਿਰੀ ਦੌਰ ਦੀ ਗਾਥਾ ਲਿਖਣ ਵਾਲੇ ਇਸੇ ਹੀ ਪਿੰਡ ਦੇ ਖਿਡਾਰੀ ਸਨ।
20ਵੀਂ ਸਦੀ ਦੇ ਸ਼ੁਰੂਆਤੀ ਦੌਰ ’ਚ ਸੰਸਾਰਪੁਰ ਵਿਖੇ ਹਾਕੀ ਦਾ ਪੌਦਾ ਲੱਗਿਆ ਅਤੇ ਪੌਣੀ ਸਦੀ ਤਕ ਇਹ ਹਾਕੀ ਦੀ ਨਰਸਰੀ ਵਜੋਂ ਵਿਸ਼ਵ ਭਰ ’ਚ ਪ੍ਰਸਿੱਧ ਹੋ ਚੁੱਕਾ ਸੀ। 1970 ਤਕ ਸੰਸਾਰ ਹਾਕੀ ਖੇਡ ’ਚ ਬੁਲੰਦੀਆਂ ’ਤੇ ਰਿਹਾ ਪਰ 70ਵਿਆਂ ਦੇ ਬਾਅਦ ਇੱਥੋਂ ਦੇ ਜੰਮੇ ਜਾਏ ਹੋਰਨਾਂ ਦੇਸ਼ਾਂ ਤੇ ਸ਼ਹਿਰਾਂ ਦੀ ਹਾਕੀ ਦਾ ਸ਼ਿੰਗਾਰ ਬਣਨ ਲੱਗੇ। ਹੌਲੀ-ਹੌਲੀ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਮਾਲੀ ਇੱਥੋਂ ਬਾਹਰ ਨੂੰ ਰੁਖ ਕਰਨ ਲੱਗੇ ਤਾਂ ਇਸ ਦਾ ਨਿਘਾਰ ਸ਼ੁਰੂ ਹੋ ਗਿਆ। ਹੁਣ ਹਾਲਾਤ ਇਹ ਹਨ ਕਿ ਹਾਕੀ ਨਰਸਰੀ ਵਜੋਂ ਪ੍ਰਸਿੱਧ ਸੰਸਾਰਪੁਰ ਇਸ ਖੇਡ ’ਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜੂਝ ਰਿਹਾ ਹੈ। ਪਿੰਡ ਦੇ ਕੁਝ ਪੁਰਾਣੇ ਖਿਡਾਰੀ ਅਤੇ ਓਲੰਪੀਅਨਾਂ ਤੋਂ ਇਲਾਵਾ ਕੌਮਾਂਤਰੀ ਖਿਡਾਰੀਆਂ ਦੀ ਅਗਲੀ ਪੀੜ੍ਹੀ ਆਪਣੇ ਦਮ ’ਤੇ ਇਸ ਨਰਸਰੀ ਨੂੰ ਬਚਾਉਣ ਲਈ ਯਤਨਸ਼ੀਲ ਹੈ।
ਸੰਸਾਰਪੁਰ ’ਚ ਹਾਕੀ ਦਾ ਆਗ਼ਾਜ਼
ਵਿਸ਼ਵ ਨੂੰ ਹਾਕੀ ਖਿਡਾਰੀ ਦੇਣ ਵਾਲੇ ਸੰਸਾਰਪੁਰ ’ਚ ਇਸ ਖੇਡ ਦਾ ਆਗ਼ਾਜ਼ 20ਵੀਂ ਸਦੀ ਦੇ ਸ਼ੁਰੂ ’ਚ 1908 ’ਚ ਹੋਇਆ ਸੀ। ਸੰਸਾਰਪੁਰ ਦੇ ਨੌਜਵਾਨ ਜਦੋਂ ਛਾਉਣੀ ’ਚ ਫ਼ੌਜ ਵੱਲੋਂ ਤਿਆਰ ਕੀਤੇ ਗਏ ਪਰੇਡ ਮੈਦਾਨ ’ਤੇ ਅੰਗਰੇਜ਼ਾਂ ਨੂੰ ਖੇਡਦੇ ਦੇਖਦੇ ਸਨ ਤਾਂ ਉਨ੍ਹਾਂ ਅੰਦਰ ਵੀ ਹਾਕੀ ਖੇਡਣ ਦੀ ਤਾਂਘ ਪੈਦਾ ਹੋਣ ਲੱਗੀ। ਭਾਵੇਂ ਉਸ ਵੇਲੇ ਉਹ ਅੰਗਰੇਜ਼ੀ ਫ਼ੌਜ ਦੇ ਖਿਡਾਰੀਆਂ ਵਾਂਗ ਹਾਕੀਆਂ ਨਹੀਂ ਲੈ ਸਕਦੇ ਹਨ ਪਰ ਉਨ੍ਹਾਂ ਨੇ ਆਪਣੀ ਹਾਕੀ ਖੇਡਣ ਦੀ ਰੀਝ ਪੂਰੀ ਕਰਨ ਲਈ ਤੂਤਾਂ ਦੇ ਮੁੜੇ ਹੋਏ ਡੰਡੇ ਵੱਢ ਕੇ ਖੁੱਦੋਂ ਨਾਲ ਖੇਡਣਾ ਸ਼ੁਰੂ ਕੀਤਾ। ਆਪਣੇ ਲਾਡਲਿਆਂ ਦੀ ਰੀਝ ਪੂਰੀ ਕਰਨ ਲਈ ਮਾਵਾਂ ਨੇ ਘਰਾਂ ’ਚ ਖਿੱਦੋਂ ਤਿਆਰ ਕਰ ਕੇ ਦਿੱਤੀਆਂ ਤੇ ਖੇਡਣ ਲਈ ਉਤਸ਼ਾਹਤ ਕੀਤਾ। ਹਾਕੀ ਖੇਡਣ ਦਾ ਜਨੂੰਨ ਇੱਥੋਂ ਤਕ ਸਿਰ ਚੜ੍ਹ ਕੇ ਬੋਲਣ ਲੱਗਿਆ ਕਿ ਪਿੰਡ ਦੇ ਪੜ੍ਹੇ-ਲਿਖੇ ਤਾਂ ਕੀ ਅਨਪੜ੍ਹ ਮੁੰਡੇ ਵੀ ਮੈਦਾਨ ’ਚ ਖੇਡਣ ਵਾਸਤੇ ਆਉਣ ਲੱਗੇ। ਪਿੰਡ ਦੇ ਮੁੰਡਿਆਂ ’ਚ ਖੇਡਣ ਪ੍ਰਤੀ ਲਗਨ ਏਨੀ ਸੀ ਕਿ 600 ਗਜ ਲੰਬੇ ਤੇ 300 ਗਜ ਚੌੜੇ ਖੇਡ ਮੈਦਾਨ ’ਚ ਸਵੇਰੇ ਸੂਰਜ ਨਿਕਲਣ ਵੇਲੇ ਖੇਡਣਾ ਸ਼ੁਰੂ ਕਰਦੇ ਅਤੇ ਰਾਤ ਤਕ ਚਾਨਣੀ ਦੀ ਲੋਅ ’ਚ ਵੀ ਖੇਡਦੇ। ਇਸ ਦੌਰਾਨ ਕਿਸੇ ਨੂੰ ਵੀ ਸੱਟ-ਪੇਟ ਲੱਗਣ ਦੀ ਪਰਵਾਹ ਨਾ ਕਰਦੇ। ਖੇਡ ਕੇ ਆਏ ਪੁੱਤਾਂ ਨੂੰ ਮਾਵਾਂ ਵੀ ਰੱਜ ਕੇ ਦੁੱਧ ਪਿਆਉਂਦੀਆਂ ਤੇ ਚੰਗੀ ਖੁਰਾਕ ਦੇ ਕੇ ਹੋਰ ਵਧੀਆ ਖੇਡਣ ਲਈ ਹੌਸਲਾ ਅਫਜਾਈ ਕਰਦੀਆਂ। ਲਗਨ ਅਤੇ ਮਿਹਨਤ ਨਾਲ ਹਾਕੀ ਖੇਡਣ ਕਰਕੇ ਉਹ ਚੰਗੇ ਖਿਡਾਰੀ ਬਣਨ ਲੱਗੇ। 1912 ਤੋਂ ਸੰਸਾਰਪੁਰ ਦੇ ਹਾਕੀ ਖਿਡਾਰੀ ਦੂਜੇ ਸ਼ਹਿਰਾਂ, ਸੂਬਿਆਂ ਤੇ ਦੇਸ਼ਾਂ ’ਚ ਵੱਖ-ਵੱਖ ਟੀਮਾਂ ਨਾਲ ਖੇਡਣ ਲਈ ਜਾਣ ਲੱਗ ਪਏ। ਸੰਸਾਰਪੁਰ ਬਾਰੇ ਇਹ ਗੱਲ ਬਹੁਤ ਪ੍ਰਸਿੱਧ ਹੋਈ ਸੀ ਕਿ ‘ਜਦੋਂ ਕੋਈ ਮਾਂ ਆਪਣੇ ਲੜਕੇ ਨੂੰ ਜਨਮ ਦਿੰਦੀ ਤਾਂ ਉਹ ਆਪਣੇ ਬੱਚੇ ਦਾ ਮੂੰਹ ਹਾਕੀ ਗਰਾਊਂਡ ਵੱਲ ਕਰ ਕੇ ਕਹਿੰਦੀ ਕਿ ਮੇਰਾ ਪੁੱਤਰ ਵੱਡਾ ਹੋ ਕੇ ਹਾਕੀ ਖੇਡੇ, ਘਰ ਦਾ ਤੇ ਪਿੰਡ ਦਾ ਨਾਂ ਰੌਸ਼ਨ ਕਰੇ।’ 1914 ’ਚ ਅੰਗਰੇਜ਼ਾਂ ਦੀ ਮਾਨਚੈਸਟਰ ਗਾਰਡਨੀਅਨ ਰੈਜਮੈਂਟ ਜਲੰਧਰ ਛਾਉਣੀ ਆਈ। ਉਨ੍ਹਾਂ ਦੀ ਹਾਕੀ ਟੀਮ ਬਹੁਤ ਤਕੜੀ ਸੀ ਕਿਉਂਕਿ ਇੰਗਲੈਂਡ ’ਚ ਹਾਕੀ ਬਹੁਤ ਖੇਡੀ ਜਾਂਦੀ ਸੀ ਅਤੇ 1908 ਦੀ ਲੰਡਨ ਓਲੰਪਿਕ ’ਚ ਉਹ ਜੇਤੂ ਰਹੇ ਸਨ। ਇਸ ਰੈਜਮੈਂਟ ਨੇ ਪਰੇਡ ਗਰਾਊਂਡ ’ਚ 10060 ਗਜ ਦੀ ਹਾਕੀ ਗਰਾਊਂਡ ਤਿਆਰ ਕੀਤੀ। ਇਹ ਖੇਡ ਮੈਦਾਨ ਸੰਸਾਰਪੁਰੀਆਂ ਲਈ ਵਰਦਾਨ ਸਾਬਤ ਹੋਇਆ। ਜਿੰਨੇ ਖਿਡਾਰੀ ਇਸ ਮੈਦਾਨ ਨੇ ਪੈਦਾ ਕੀਤੇ, ਓਨੇ ਕਿਸੇ ਹੋਰ ਥਾਂ ਪੈਦਾ ਨਹੀਂ ਹੋਏ।
ਟੂਰਨਾਮੈਂਟ ਖੇਡਣ ਵਾਲੇ ਸੰਸਾਰਪੁਰ ਦੇ ਪਹਿਲੇ ਖਿਡਾਰੀ ਈਸ਼ਰ ਸਿੰਘ ਕੁਲਾਰ
ਈਸ਼ਰ ਸਿੰਘ ਕੁਲਾਰ ਫ਼ੌਜ ਦੀ 36 ਸਿੱਖ ਰੈਜਮੈਂਟ ਵੱਲੋਂ ਖੇਡਦੇ ਸਨ (ਜੋ ਅੱਜ-ਕੱਲ੍ਹ 4 ਸਿੱਖ ਹੈ)। ਉਹ ਪਿੰਡ ਦੇ ਪਹਿਲੇ ਖਿਡਾਰੀ ਸਨ, ਜਿਨ੍ਹਾਂ ਨੇ 1912 ਦੌਰਾਨ ਦਿੱਲੀ ਦਰਬਾਰੀ ਹਾਕੀ ਟੂਰਨਾਮੈਂਟ ’ਚ ਹਿੱਸਾ ਲਿਆ। ਇਹ ਟੂਰਨਾਮੈਂਟ ਸਿਰਫ਼ ਫ਼ੌਜ ਦੀਆਂ ਟੀਮਾਂ ਲਈ ਸੀ। ਇਹ ਪਿੰਡ ਦੇ ਹਾਕੀ ਖਿਡਾਰੀਆਂ ਦੀ ਪਹਿਲੀ ਸ਼ੁਰੂਆਤ ਸੀ। ਇਸ ਟੂਰਨਾਮੈਂਟ ਦੌਰਾਨ ਈਸ਼ਰ ਸਿੰਘ ਕੁਲਾਰ ਨੇ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਈਸ਼ਰ ਸਿੰਘ ਕੁਲਾਰ ਦੀ ਹਾਕੀ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਡਰਮ ਮੇਜਰ’ ਵੀ ਆਖਿਆ ਜਾਂਦਾ ਸੀ। ਉਨ੍ਹਾਂ ਤੋਂ ਬਾਅਦ ਠਾਕੁਰ ਸਿੰਘ ਕੁਲਾਰ ਨੇ ਇੰਡੀਅਨ ਆਰਮੀ ਟੀਮ ਵੱਲੋਂ ਨਿਊਜ਼ੀਲੈਂਡ ਦਾ ਦੌਰਾ ਕੀਤਾ ਅਤੇ ਗੁਰਮੀਤ ਸਿੰਘ ਕੁਲਾਰ ਨੇ 1932 ਦੀਆਂ ਲਾਸ ਏਂਜਲਸ ਓਲੰਪਿਕ ’ਚ ਭਾਰਤੀ ਟੀਮ ਵੱਲੋਂ ਖੇਡ ਕੇ ਸੋਨੇ ਦਾ ਤਮਗਾ ਜਿੱਤਿਆ। ਇਹ ਤਿੰਨੋਂ ਖਿਡਾਰੀ ਪਿੰਡ ਦੇ ਨੌਜਵਾਨ ਤੇ ਉਭਰਦੇ ਹਾਕੀ ਖਿਡਾਰੀਆਂ ਵਾਸਤੇ ਮੀਲ ਦਾ ਪੱਥਰ ਸਾਬਤ ਹੋਏ।
ਪਹਿਲੇ ਹਾਕੀ ਓਲੰਪੀਅਨ ਤੇ ਆਜ਼ਾਦੀ ਘੁਲਾਟੀਏ ਗੁਰਮੀਤ ਸਿੰਘ ਕੁਲਾਰ
ਪਿੰਡ ਦੇ ਪਹਿਲੇ ਹਾਕੀ ਓਲੰਪੀਅਨ ਬਣਨ ਦਾ ਮਾਣ ਗੁਰਮੀਤ ਸਿੰਘ ਕੁਲਾਰ ਨੂੰ ਹਾਸਲ ਹੋਇਆ ਸੀ। ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਪੰਜਾਬ ਦੇ ਕੇਹਰ ਸਿੰਘ ਨੇ 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਵੱਲੋਂ ਹਿੱਸਾ ਲਿਆ ਸੀ ਪਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਤੇ ਉਨ੍ਹਾਂ ਨੂੰ ਮੈਡਲ ਵੀ ਨਹੀਂ ਮਿਲ ਸਕਿਆ। ਦੂਸਰੇ ਵਿਸ਼ਵ ਯੁੱਧ ਦੌਰਾਨ ਉਹ ਬਰਤਾਨਵੀ ਹਕੂਮਤ ਦੀ ਇੰਡੀਅਨ ਆਰਮੀ ਛੱਡ ਕੇ ਭਾਰਤ ਦੀ ਆਜ਼ਾਦੀ ਲਈ ਹੋਂਦ ’ਚ ਆਈ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਈਐੱਨਏ ’ਚ ਸ਼ਾਮਲ ਹੋ ਗਏ ਅਤੇ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ 1932 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਵੱਲੋਂ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਓਲੰਪਿਕ ’ਚ ਭਾਰਤ ਨੇ ਸੋਨੇ ਦਾ ਮੈਡਲ ਜਿੱਤਿਆ। ਗੁਰਮੀਤ ਸਿੰਘ ਕੁਲਾਰ ਨੇ ਐੱਨਡੀ ਵਿਕਟਰ ਹਾਈ ਸਕੂਲ ਜਲੰਧਰ ਛਾਉਣੀ ਅਤੇ ਦੋਆਬਾ ਖਾਲਸਾ ਹਾਈ ਸਕੂਲ ਤੋਂ ਸਕੂਲੀ ਵਿੱਦਿਆ ਹਾਸਲ ਕੀਤੀ। ਕਾਲਜ ਦੀ ਪੜ੍ਹਾਈ ਖਾਲਸਾ ਕਾਲਜ ਅੰਮਿ੍ਰਤਸਰ ਅਤੇ ਖੇਤੀਬਾੜੀ ਕਾਲਜ ਲਾਇਲਪੁਰ (ਹੁਣ ਪਾਕਿਸਤਾਨ ’ਚ) ਤੋਂ ਬੀਐੱਸਸੀ ਕੀਤੀ। ਫੌਜ ਦੀ ਨੌਕਰੀ ਦੌਰਾਨ ਆਈਐੱਮਏ ਦੇਹਰਾਦੂਨ ਤੋਂ ਵੀ ਵਿੱਦਿਆ ਹਾਸਲ ਕੀਤੀ। ਉਨ੍ਹਾਂ ਨੇ 1932 ਦੇ ਓਲੰਪਿਕ ਤੋਂ ਇਲਾਵਾ ਪੰਜਾਬ ਦੀ ਟੀਮ ਵੱਲੋਂ ਨੈਸ਼ਨਲ ਹਾਕੀ ਟੂਰਨਾਮੈਂਟ ਖੇਡਿਆ। ਇਸ ਤੋਂ ਇਲਾਵਾ ਕੰਬਾਈਨਡ ਯੂਨੀਵਰਸਿਟੀਜ ਵੱਲੋਂ 1932 ’ਚ ਅਤੇ ਆਈਐੱਮਏ ਦੇਹਰਾਦੂਰ ਤੇ ਆਈਐੱਨਏ ਸਿੰਘਾਪੁਰ ਵੱਲੋਂ ਭਾਰਤ ਖ਼ਿਲਾਫ਼ ਮੈਚ ਖੇਡੇ।
ਅਰਜੁਨ ਐਵਾਰਡੀ ਤੇ ਚਾਰ ਵਾਰ ਦੇ ਜੇਤੂ ਓਲੰਪੀਅਨ ਊਧਮ ਸਿੰਘ ਕੁਲਾਰ
ਅਰਜੁਨ ਐਵਾਰਡੀ ਊਧਮ ਸਿੰਘ ਕੁਲਾਰ ਦਾ ਜਨਮ 31 ਜੁਲਾਈ 1928 ਨੂੰ ਪਿਤਾ ਹਜਾਰਾ ਸਿੰਘ ਕੁਲਾਰ ਤੇ ਮਾਤਾ ਹੁਕਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਐੱਨਡੀ ਵਿਕਟਰ ਸਕੂਲ ਜਲੰਧਰ ਛਾਉਣੀ ਤੇ ਕਾਲਜ ਦੀ ਪੜ੍ਹਾਈ ਡੀਏਵੀ ਕਾਲਜ ਜਲੰਧਰ ਤੋਂ ਕੀਤੀ। ਉਹ ਹਰਿਆਣਾ ਪੁਲਿਸ ਤੋਂ ਐੱਸਪੀ ਵਜੋਂ ਸੇਵਾਮੁਕਤ ਹੋਏ। ਊਧਮ ਸਿੰਘ ਕੁਲਾਰ ਨੂੰ ਭਾਰਤ ਵੱਲੋਂ ਚਾਰ ਓਲੰਪਿਕ ਖੇਡਾਂ ’ਚ ਆਪਣੀ ਹਾਕੀ ਕਲਾ ਦਿਖਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ 1952 ਹਿਲਸਿੰਕੀ, 1956 ਮੈਲਬੋਰਨ, 1960 ਰੋਮ ਅਤੇ 1964 ਟੋਕੀਓ ਓਲੰਪਿਕ ’ਚ ਭਾਰਤ ਵੱਲੋਂ ਹਾਕੀ ਖੇਡੀ। ਇਨ੍ਹਾਂ ਚਾਰਾਂ ਓਲੰਪਿਕ ਖੇਡਾਂ ਦੌਰਾਨ ਭਾਰਤ ਨੇ ਤਿੰਨ ਸੋਨੇ ਤੇ ਇਕ ਚਾਂਦੀ ਦਾ ਮੈਡਲ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 1958 ਟੋਕੀਓ ਤੇ 1970 ਬੈਂਕਾਕ ਵਿਖੇ ਹੋਈਆ ਏਸ਼ੀਅਨ ਖੇਡਾਂ ਦੌਰਾਨ ਭਾਰਤ ਵੱਲੋਂ ਹਾਕੀ ਖੇਡੀ ਤੇ ਭਾਰਤ ਚਾਂਦੀ ਦੇ ਮੈਡਲ ਹਾਸਲ ਕੀਤੇ ਸਨ। 1986 ’ਚ ਲੰਡਨ ਵਿਖੇ ਹੋਏ ਵੈਟਰਨ ਹਾਕੀ ਵਿਸ਼ਵ ਕੱਪ ਦੌਰਾਨ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਤੇ ਭਾਰਤ ਨੇ ਇਸ ਵਿਸ਼ਵ ਕੱਪ ’ਚ ਕਾਂਸੇ ਦਾ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਮੈਚ ਖੇਡੇ। 1965 ’ਚ ਉਨ੍ਹਾਂ ਅਰਜੁਨ ਐਵਾਰਡ ਤੇ 1976 ’ਚ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਚਾਰ ਓਲੰਪਿਕ ’ਚ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਬਣਨ ਕਰਕੇ ਊਧਮ ਸਿੰਘ ਕੁਲਾਰ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡਜ਼ ’ਚ ਵੀ ਦਰਜ ਹੈ।
ਹਾਕੀ ਐਸੋਸੀਏਸ਼ਨ ਸੰਸਾਰਪੁਰ ਦਾ ਯੋਗਦਾਨ
ਸੰਸਾਰਪੁਰ ਨੂੰ ਹਾਕੀ ਵਜੋਂ ਵਿਕਸਤ ਕਰਨ ’ਚ ਸਭ ਤੋਂ ਵੱਡਾ ਯੋਗਦਾਨ ਸੰਸਾਰਪੁਰ ਹਾਕੀ ਐਸੋਸੀਏਸ਼ਨ ਦਾ ਰਿਹਾ ਹੈ। ਇਸ ਐਸੋਸੀਏਸ਼ਨ ਦਾ ਗਠਨ 1926 ’ਚ ਕੀਤਾ ਗਿਆ, ਜਿਸ ਦੇ ਪਹਿਲੇ ਪ੍ਰਧਾਨ ਕੈਪਟਨ ਮਲੂਕ ਸਿੰਘ ਕੁਲਾਰ ਸਨ। ਉਨ੍ਹਾਂ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਹਾਕੀ ਖਿਡਾਰੀਆਂ ਨੂੰ ਵਧੀਆ ਸਿਖਲਾਈ ਦੇਣ ਦੇ ਨਾਲ ਉਨ੍ਹਾਂ ਦੇ ਖਾਣ-ਪੀਣ ਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਉਣ ’ਚ ਹਾਕੀ ਐਸੋਸੀਏਸ਼ਨ ਨੇ ਬਹੁਤ ਯੋਗਦਾਨ ਦਿੱਤਾ। ਐਸੋਸੀਏਸ਼ਨ ਦੇ ਸੰਗਠਨਾਤਮਕ ਯਤਨਾਂ ਸਦਕਾ ਹੀ ਸੰਸਾਰਪੁਰ ਦੇ ਹਾਕੀ ਖਿਡਾਰੀਆਂ ਦੀ ਖੇਡ ਅੱਵਲ ਦਰਜੇ ਦੀ ਬਣੀ ਅਤੇ ਉਹ ਹਰ ਪੱਧਰ ਦੇ ਹਾਕੀ ਟੂਰਨਾਮੈਂਟਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਯੋਗ ਬਣੇ। ਹਾਕੀ ਐਸੋਸੀਏਸ਼ਨ ਦੇ ਪ੍ਰਧਾਨਾਂ ’ਚ 1936 ’ਚ ਸ਼ਾਮ ਸਿੰਘ ਰਾਏ (ਖੁਸਰੋਪੁਰ), 1937 ਤੋਂ 1963 ਤਕ ਮਾਸਟਰ ਮੁਕੰਦ ਲਾਲ ਸ਼ਰਮਾ, 1964 ਤੋਂ 1967 ਤਕ ਗੁਰਬਖ਼ਸ਼ ਸਿੰਘ ਕੁਲਾਰ (ਪੀਸੀਐੱਸ), 1968 ਤੋਂ 1982 ਮੇਜਰ ਅਜੀਤ ਸਿੰਘ ਕੁਲਾਰ, 1983 ਤੋਂ 1992 ਤਕ ਕਰਨਲ ਗੁਰਮੀਤ ਸਿੰਘ ਕੁਲਾਰ ਓਲੰਪੀਅਨ, 1993 ’ਚ ਬਲਬੀਰ ਸਿੰਘ ਕੁਲਾਰ ਓਲੰਪੀਅਨ (ਡੀਆਈਜੀ), ਊਧਮ ਸਿੰਘ ਕੁਲਾਰ ਓਲੰਪੀਅਨ 1994 ਤੋਂ 2000, ਕਰਨਲ ਬਲਬੀਰ ਸਿੰਘ ਕੁਲਾਰ ਓਲੰਪੀਅਨ 2000 ਤੋਂ 2010।
ਸੰਸਾਰਪੁਰ ਦੀ ਹਾਕੀ ਦਾ ਸਿਖ਼ਰ ਤੇ ਗਿਰਾਵਟ ਦਾ ਦੌਰ
ਹਾਕੀ ਦੀ ਨਰਸਰੀ ਸੰਸਾਰਪੁਰ ’ਚ ਤਿੰਨ ਦੌਰ ਬਹੁਤ ਅਹਿਮ ਰਹੇ ਹਨ। ਪਹਿਲਾ ਦੌਰ 1932 ਤੋਂ 1936 ਤਕ ਦਾ ਸੀ, ਜਦੋਂ ਹਾਕੀ ਪੂਰੇ ਜੋਬਨ ’ਤੇ ਪੁੱਜ ਗਈ ਸੀ। ਉਸ ਵੇਲੇ ਖਿਡਾਰੀਆਂ ਅੰਦਰ ਅਥਾਹ ਜੋਸ਼, ਕੁਝ ਕਰ ਦਿਖਾਉਣ ਦਾ ਜਜ਼ਬਾ ਤੇ ਸਾਰਿਆਂ ਦਾ ਮੁੱਖ ਟੀਚਾ ਆਪਣੇ ਘਰ, ਪਰਿਵਾਰ ਤੇ ਪਿੰਡ ਨੂੰ ਕੁਝ ਕਰਕੇ ਦਿਖਾਉਣਾ ਸੀ ਤੇ ਸਾਰੇ ਹੀ ਅੱਵਲ ਦਰਜੇ ਦੇ ਖਿਡਾਰੀ ਸਨ। ਇਸ ਦੌਰ ਦੇ ਮਹਾਨ ਖਿਡਾਰੀਆਂ ’ਚ ਗੁਰਮੀਤ ਸਿੰਘ ਕੁਲਾਰ ਓਲੰਪੀਅਨ ਤੋਂ ਇਲਾਵਾ ਗੋਪਾਲ ਸਿੰਘ, ਸ਼ਮਸ਼ੇਰ ਸਿੰਘ, ਬਾਬੂ ਮੋਹਨ ਸਿੰਘ, ਆਤਮਾ ਸਿੰਘ, ਸਾਧੂ ਸਿੰਘ, ਚੰਨਣ ਸਿੰਘ ਬਿੱਲਾ, ਰਾਮ ਚੰਦ ਸ਼ਾਮਲ ਸਨ। ਦੂਸਰਾ ਦੌਰ 1948 ਤੋਂ 1964 ਤਕ ਦਾ ਸੀ, ਜਿਸ ਦੌਰਾਨ ਊਧਮ ਸਿੰਘ, ਰਣਧੀਰ ਸਿੰਘ ਰਾਣਾ, ਗੁਰਦੇਵ ਸਿੰਘ, ਬਲਬੀਰ ਸਿੰਘ (ਜੂਨੀਅਰ), ਗੁਰਜੀਤ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਸੇਠੀ ਅੱਵਲ ਦਰਜੇ ਦੇ ਖਿਡਾਰੀ ਪੈਦਾ ਹੋਏ। ਇਹ ਸਾਰੇ ਬਹੁਤ ਹੀ ਲਗਨ ਤੇ ਮਿਹਨਤ ਨਾਲ ਹਾਕੀ ਖੇਡਦੇ ਸਨ ਹਾਲਾਂਕਿ ਉਸ ਵੇਲੇ ਸਹੂਲਤਾਂ ਘੱਟ ਸਨ ਤੇ ਨੰਗੇ ਪੈਰੀਂ ਹਾਕੀ ਖੇਡ ਕੇ ਵੀ ਕਾਮਯਾਬੀ ਦੇ ਸਿਖ਼ਰ ਤਕ ਪੁੱਜੇ। ਤੀਸਰਾ ਦੌਰ 1965 ਤੋਂ 1974 ਤਕ ਰਿਹਾ। ਇਸ ਦੌਰਾਨ ਬਲਬੀਰ ਸਿੰਘ (ਪੰਜਾਬ), ਜਗਜੀਤ ਸਿੰਘ, ਬਲਬੀਰ ਸਿੰਘ (ਸਰਵਿਸਿਜ਼), ਤਰਸੇਮ ਸਿੰਘ, ਅਜੀਤਪਾਲ ਸਿੰਘ, ਮੋਹਿੰਦਰਪਾਲ ਸਿੰਘ ਆਸੀ ਮਹਾਨ ਖਿਡਾਰੀ ਹਾਕੀ ਦੀ ਦੁਨੀਆਂ ਦੇ ਨਕਸ਼ੇ ’ਤੇ ਸਿਤਾਰੇ ਬਣ ਕੇ ਚਮਕੇ। ਇਸ ਦੌਰਾਨ ਭਾਰਤੀ ਹਾਕੀ ਟੀਮ ’ਚ 4 ਜਾਂ 5 ਖਿਡਾਰੀ ਸੰਸਾਰਪੁਰ ਦੇ ਹੁੰਦੇ ਸਨ। ਇਸ ਤੋਂ ਬਾਅਦ ਸੰਸਾਰਪੁਰ ਦੀ ਹਾਕੀ ’ਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਜੋ ਕਿ ਲਗਾਤਾਰ ਜਾਰੀ ਰਿਹਾ। ਮੌਜੂਦਾ ਸਮੇਂ ਸਥਿਤੀ ਇਹ ਹੈ ਕਿ ਸੰਸਾਰਪੁਰ ਹਾਕੀ ਦੀ ਵਿਰਾਸਤ ਨੂੰ ਬਚਾਉਣ ਲਈ ਜੂਝ ਰਿਹਾ ਹੈ।
ਸਰਕਾਰਾਂ ਤੇ ਆਪਣਿਆਂ ਦੀ ਬੇਰੁਖੀ ਕਾਰਨ ਉਜਾੜ ਹੋਈ ਹਾਕੀ ਦੀ ਨਰਸਰੀ
ਦੇਸ਼ ਤੇ ਬਾਹਰਲੇ ਮੁਲਕਾਂ ਨੂੰ ਹਾਕੀ ਦੇ ਮਹਾਨ ਖਿਡਾਰੀ ਦੇਣ ਵਾਲੀ ਹਾਕੀ ਦੀ ਨਰਸਰੀ ਇਸ ਵੇਲੇ ਉਜੜਨ ਕੰਢੇ ਪੁੱਜ ਚੁੱਕੀ ਹੈ। ਸੰਸਾਰਪੁਰ ਦੀ ਹਾਕੀ ਦੇ ਉਜਾੜੇ ਦਾ ਇਕ ਮੁੱਖ ਕਾਰਨ ਮਹਾਨ ਖਿਡਾਰੀਆਂ ਦਾ ਹੌਲੀ-ਹੌਲੀ ਪਿੰਡ ਤੋਂ ਬਾਹਰ ਦੂਜੇ ਸ਼ਹਿਰ, ਸੂਬਿਆਂ ਤੇ ਵਿਦੇਸ਼ਾਂ ’ਚ ਜਾਣਾ ਵੀ ਹੈ। ਦੋਆਬੇ ਦੇ ਹੋਰਨਾਂ ਪਿੰਡਾਂ ਵਾਂਗ ਸੰਸਾਰਪੁਰ ਦੇ ਲੋਕ ਵੀ ਵਿਦੇਸ਼ਾਂ ਵੱਲ ਨੂੰ ਕੂਚ ਕਰ ਗਏ ਅਤੇ ਇਸ ਵੇਲੇ ਪਿੰਡ ’ਚ ਬਹੁਤ ਘੱਟ ਲੋਕ ਹਨ। ਇੱਥੋਂ ਪੈਦਾ ਹੋਏ ਓਲੰਪੀਅਨਾਂ ’ਚੋਂ ਕੁਝ ਨੂੰ ਛੱਡ ਕੇ ਬਹੁਤਿਆਂ ਨੇ ਇਸ ਨਰਸਰੀ ਨੂੰ ਸਿੰਜਣ ਦੇ ਯਤਨ ਨਹੀਂ ਕੀਤੇ, ਜਿਸ ਕਾਰਨ ਇੱਥੋਂ ਦੇ ਵਧੀਆ ਖਿਡਾਰੀਆਂ ਨੂੰ ਆਪਣੀ ਖੇਡ ਦਿਖਾਉਣ ਦਾ ਸਹੀ ਮੌਕਾ ਨਹੀਂ ਮਿਲ ਸਕਿਆ। ਬਹੁਤੇ ਖਿਡਾਰੀ ਨਿਰਾਸ਼ਤਾਵੱਸ ਵਿਦੇਸ਼ਾਂ ਵੱਲ ਕੂਚ ਕਰ ਗਏ। ਮੁੱਠੀ ਭਰ ਸੰਸਾਰਪੁਰ ਦੇ ਕੁਝ ਹਾਕੀ ਖਿਡਾਰੀ ਆਪਣੀ ਇਸ ਮਾਣਮੱਤੀ ਵਿਰਾਸਤ ਨੂੰ ਬਚਾਉਣ ਲਈ ਜੂਝ ਰਹੇ ਹਨ ਪਰ ਸਾਧਨਾਂ ਦੀ ਘਾਟ ਅਤੇ ਸਰਕਾਰਾਂ ਤੇ ਆਪਣਿਆਂ ਦੀ ਬੇਰੁਖੀ ਕਾਰਨ ਉਹ ਚਾਹ ਕੇ ਵੀ ਇਸ ਨਰਸਰੀ ’ਚ ਹਾਕੀ ਦੀ ਨਵੀਂ ਪੌਦ ਤਿਆਰ ਕਰਨ ਲਈ ਬੇਵੱਸ ਹਨ। ਸੰਸਾਰਪੁਰ ਦੇ ਯੂਨੀਵਰਸਿਟੀ ਪੱਧਰ ਦੇ ਹਾਕੀ ਖਿਡਾਰੀ ਰਹੇ ਅਤੇ ਸੰਸਾਰਪੁਰ ਦੇ ਹਾਕੀ ਇਤਿਹਾਸ ਬਾਰੇ ਪੀਐੱਚਡੀ ਕਰਨ ਵਾਲੇ ਸੇਵਾਮੁਕਤ ਪ੍ਰੋਫੈਸਰ ਡਾ. ਪੋਪਿੰਦਰ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਹਾਕੀ ਦੀ ਨਰਸਰੀ ਨੂੰ ਬਚਾਉਣ ਲਈ ਕਿਸੇ ਨੇ ਅੱਗੇ ਹੱਥ ਨਹੀਂ ਵਧਾਇਆ ਅਤੇ ਸਾਡੇ ਦੇਸ਼ ਤੇ ਸੂਬੇ ਦੀਆਂ ਸਾਰੀਆਂ ਖੇਡ ਸੰਸਥਾਵਾਂ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ ਤੇ ਹਾਕੀ ਦੀ ਨਰਸਰੀ ਉਜੜਦੀ ਹੀ ਗਈ। ਉਨ੍ਹਾਂ ਦਾ ਮੰਨਣਾ ਹੈ ਕਿ ਸੰਸਾਰਪੁਰ ਦੀ ਮਿੱਟੀ ’ਚ ਹਾਲੇ ਵੀ ਉੱਚ ਪੱਧਰ ਦੇ ਹਾਕੀ ਖਿਡਾਰੀ ਪੈਦਾ ਕਰਨ ਦੀ ਸ਼ਕਤੀ ਹੈ ਪਰ ਉਸ ਨੂੰ ਸਿੰਜਣ ਲਈ ਸਮੇਂ ਦੀਆਂ ਸਰਕਾਰਾਂ ਤੇ ਖੇਡ ਸੰਸਥਾਵਾਂ ਨੂੰ ਇਸ ਨਰਸਰੀ ਦੀ ਪੈਰਵੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
1976 ਤੋਂ ਬਾਅਦ ਦੇਸ਼ ਲਈ ਸੰਸਾਰਪੁਰ ’ਚੋਂ ਨਹੀਂ ਨਿਕਲਿਆ ਕੋਈ ਓਲੰਪੀਅਨ
ਹਾਕੀ ਦੀ ਨਰਸਰੀ ਦੀ ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ 13 ਓਲੰਪੀਅਨ ਪੈਦਾ ਕਰਨ ਵਾਲੇ ਇਸ ਪਿੰਡ ’ਚੋਂ 1976 ਤੋਂ ਬਾਅਦ ਭਾਰਤ ਲਈ ਕੋਈ ਓਲੰਪੀਅਨ ਨਹੀਂ ਪੈਦਾ ਹੋ ਸਕਿਆ। ਹਾਲਾਂਕਿ ਕੀਨੀਆ ਵੱਲੋਂ ਹਰਵਿੰਦਰ ਸਿੰਘ ਕੁਲਾਰ 1984 ਅਤੇ ਕੈਨੇਡਾ ਵੱਲੋਂ ਬਿੰਦੀ ਸਿੰਘ ਕੁਲਾਰ 2000 ਤੇ 2008 ’ਚ ਓਲੰਪਿਕ ਖੇਡੇ ਸਨ। ਉਹ ਵੀ ਸਮਾਂ ਸੀ ਜਦੋਂ 1968 ਦੀ ਮੈਕਸੀਕੋ ਓਲੰਪਿਕ ’ਚ ਸੰਸਾਰਪੁਰ ਦੇ 7 ਹਾਕੀ ਖਿਡਾਰੀ ਸ਼ਾਮਲ ਸਨ। ਇਨ੍ਹਾਂ ’ਚ 5 ਖਿਡਾਰੀ ਭਾਰਤੀ ਟੀਮ ਤੇ ਦੋ ਖਿਡਾਰੀ ਕੀਨੀਆ ਦੀ ਟੀਮ ’ਚ ਸ਼ਾਮਲ ਹਨ। ਕਿਸੇ ਪਿੰਡ ਲਈ ਇਸ ਤੋਂ ਵੱਡੀ ਮਾਣ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ। ਹੁਣ ਹਾਲਾਤ ਇਹ ਹਨ ਕਿ ਸੰਸਾਰਪੁਰ ਦਾ ਕੋਈ ਹਾਕੀ ਖਿਡਾਰੀ ਭਾਰਤੀ ਟੀਮ ’ਚ ਵੀ ਥਾਂ ਨਹੀਂ ਬਣਾ ਸਕਿਆ। 2014 ’ਚ ਜਸਜੀਤ ਸਿੰਘ ਕੁਲਾਰ ਨੇ ਭਾਰਤੀ ਹਾਕੀ ਟੀਮ ’ਚ ਥਾਂ ਬਣਾਈ ਸੀ ਤੇ ਵਿਸ਼ਵ ਕੱਪ ਖੇਡਿਆ ਸੀ। ਉਸ ਦੇ ਵਿਸ਼ਵ ਕੱਪ ’ਚ ਖੇਡਣ ਨਾਲ ਸੰਸਾਰਪੁਰ ਦੀ ਹਾਕੀ ਨਰਸਰੀ ਦਾ ਨਾਂ ਮੁੜ ਦੁਨੀਆ ਦੇ ਨਕਸ਼ੇ ’ਤੇ ਚਮਕਣ ਦੀ ਆਸ ਜਾਗੀ ਸੀ ਪਰ ਜਸਜੀਤ ਸਿੰਘ ਕੁਲਾਰ ਨੂੰ ਇਸ ਉਪਰੰਤ ਭਾਰਤੀ ਹਾਕੀ ਟੀਮ ’ਚ ਥਾਂ ਨਹੀਂ ਮਿਲ ਸਕੀ।
ਕੈਨੇਡੀਆਈ ਓਲੰਪੀਅਨ ਬਿੰਦੀ ਸਿੰਘ ਕੁਲਾਰ
ਓਲੰਪੀਅਨ ਬਿੰਦੀ ਸਿੰਘ ਕੁਲਾਰ ਦਾ ਜਨਮ ਪਿਤਾ ਪਿ੍ਰਤਪਾਲ ਸਿੰਘ ਕੁਲਾਰ ਤੇ ਗੁਰਬਖਸ਼ ਕੌਰ ਦੇ ਘਰ 1 ਨਵੰਬਰ 1976 ’ਚ ਬੀਸੀ ਸੂਬੇ ਦੇ ਰਿਚਮੰਡ ਸ਼ਹਿਰ ’ਚ ਹੋਇਆ। ਬਿੰਦੀ ਕੁਲਾਰ ਨੇ 2000 ਦੇ ਸਿਡਨੀ ਓਲੰਪਿਕ ਤੇ 2008 ਦੇ ਬੀਜਿੰਗ ਓਲੰਪਿਕ ’ਚ ਕੈਨੇਡਾ ਦੀ ਟੀਮ ਵੱਲੋਂ ਹਾਕੀ ਖੇਡੀ। 1998 ਦੇ ਹਾਲੈਂਡ ’ਚ ਹੋਏ ਹਾਕੀ ਵਿਸ਼ਵ ਕੱਪ ’ਚ ਵੀ ਉਹ ਕੈਨੇਡਾ ਹਾਕੀ ਟੀਮ ਦੇ ਮੈਂਬਰ ਰਹੇ। ਉਨ੍ਹਾਂ ਨੇ ਕੈਨੇਡਾ ਹਾਕੀ ਟੀਮ ਵੱਲੋਂ 1991 ਤੋਂ ਕੈਨੇਡਾ ਦੀ ਅੰਡਰ-18, ਅੰਡਰ-21 ਅਤੇ ਪੁਰਸ਼ ਹਾਕੀ ਟੀਮ ਵੱਲੋਂ ਖੇਡਦੇ ਹੋਏ ਕਈ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟਾਂ ’ਚ ਹਾਕੀ ਦਾ ਪ੍ਰਦਰਸ਼ਨ ਕੀਤਾ।
ਓਲੰਪੀਅਨ ਦਰਸ਼ਨ ਸਿੰਘ ਕੁਲਾਰ
ਦਰਸ਼ਨ ਸਿੰਘ ਕੁਲਾਰ ਦਾ ਜਨਮ ਪਿਤਾ ਹਰੀ ਸਿੰਘ ਕੁਲਾਰ ਤੇ ਮਾਤਾ ਗੁਰਬਚਨ ਕੌਰ ਦੇ ਘਰ 15 ਅਪ੍ਰੈਲ 1938 ਨੂੰ ਹੋਇਆ। ਉਨ੍ਹਾਂ ਨੇ ਸਕੂਲੀ ਪੜ੍ਹਾਈ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ, ਐੱਮਜੀਐੱਨ ਹਾਈ ਸਕੂਲ ਜਲੰਧਰ ਛਾਉਣੀ ਤੋਂ ਹਾਸਲ ਕੀਤੀ। ਦਰਸ਼ਨ ਸਿੰਘ ਕੁਲਾਰ ਨੇ 1964 ’ਚ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ’ਚ ਸਥਾਨ ਹਾਸਲ ਕੀਤਾ। ਇਸ ਓਲੰਪਿਕ ’ਚ ਭਾਰਤ ਨੇ ਸੋਨੇ ਦਾ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ 1962 ਦੀਆਂ ਜਕਾਰਤਾ ਏਸ਼ੀਅਨ ਖੇਡਾਂ ਦੌਰਾਨ ਚਾਂਦੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਰਹੇ। ਇਸ ਤੋਂ ਇਲਾਵਾ 1962 ਅਹਿਮਦਾਬਾਦ, 1963 ਲਿਓਂਜ ਤੇ 1966 ਵਿਚ ਹੈਮਬਰਗ ’ਚ ਹੋਏ ਕੌਮਾਂਤਰੀ ਟੂਰਨਾਮੈਂਟ ਦੌਰਾਨ ਭਾਰਤ ਵੱਲੋਂ ਹਾਕੀ ਖੇਡੀ ਅਤੇ ਸੋਨੇ ਦੇ ਮੈਡਲ ਜਿੱਤੇ।
ਜਗਜੀਤ ਸਿੰਘ ਕੁਲਾਰ
ਜਗਜੀਤ ਸਿੰਘ ਕੁਲਾਰ ਦਾ ਜਨਮ 1 ਜਨਵਰੀ 1944 ਨੂੰ ਪਿਤਾ ਤਾਰਾ ਸਿੰਘ ਕੁਲਾਰ ਤੇ ਮਾਤਾ ਚੰਨਣ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਸਕੂਲੀ ਪੜ੍ਹਾਈ ਕੈਂਟ ਬੋਰਡ ਹਾਈ ਸਕੂਲ ਤੇ ਕਾਲਜ ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਕਾਲਜ ਤੇ ਡੀਏਵੀ ਕਾਲਜ ਜਲੰਧਰ ਤੋਂ ਹਾਸਲ ਕੀਤੀ। ਆਈਐੱਨਐੱਸ ਪਟਿਆਲਾ ’ਚ ਵੀ ਉਨ੍ਹਾਂ ਵਿੱਦਿਆ ਹਾਸਲ ਕੀਤੀ ਅਤੇ ਬੀਐੱਸਐੱਫ ਤੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ 1964 ਟੋਕੀਓ ਤੇ 1968 ਮੈਕਸੀਕੋ ਓਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਵੱਲੋਂ ਹਾਕੀ ਖੇਡੀ ਅਤੇ ਸੋਨੇ ਤੇ ਕਾਂਸੀ ਮੈਡਲ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਰਹੇ। ਇਸ ਤੋਂ ਇਲਾਵਾ 1966 ਏਸ਼ੀਆਈ ਖੇਡਾਂ ਤੇ 1966 ਹੈਮਬਰਗ ਤੇ 1967 ਮੈਡਰਿਡ ’ਚ ਕੌਮਾਂਤਰੀ ਟੂਰਨਾਮੈਂਟ ਦੌਰਾਨ ਸੋਨੇ ਦੇ ਮੈਡਲ ਜਿੱਤਣ ਵਾਲੀਆਂ ਟੀਮਾਂ ’ਚ ਸ਼ਾਮਲ ਸਨ। ਜਗਜੀਤ ਸਿੰਘ ਕੁਲਾਰ ਨੂੰ 1967 ’ਚ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਦਿੱਤਾ ਗਿਆ।
ਬਲਬੀਰ ਸਿੰਘ ਕੁਲਾਰ (ਪੰਜਾਬ)
ਬਲਬੀਰ ਸਿੰਘ ਕੁਲਾਰ ਦਾ ਜਨਮ ਪਿਤਾ ਊਧਮ ਸਿੰਘ ਕੁਲਾਰ ਤੇ ਮਾਤਾ ਸਵਰਨ ਕੌਰ ਦੇ ਘਰ 27 ਫਰਵਰੀ 1941 ਨੂੰ ਹੋਇਆ। ਉਨ੍ਹਾਂ ਨੇ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ ਤੇ ਖ਼ਾਲਸਾ ਹਾਈ ਸਕੂਲ ਮਾਹਿਲਪੁਰ ਹੁਸ਼ਿਆਰਪੁਰ ਤੋਂ ਸਕੂਲੀ ਵਿੱਦਿਆ ਹਾਸਲ ਕੀਤੀ। ਡੀਏਵੀ ਕਾਲਜ ’ਚ ਵੀ ਪੜ੍ਹੇ। ਉਹ ਪੰਜਾਬ ਪੁਲਿਸ ’ਚੋਂ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। 1999 ’ਚ ਉਨ੍ਹਾਂ ਨੂੰ ਅਰਜੁਨਾ ਐਵਾਰਡ ਤੇ 2001 ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 2009 ’ਚ ਉਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਦਿੱਤੀ ਗਈ। ਬਲਬੀਰ ਸਿੰਘ ਕੁਲਾਰ ਨੇ 1964 ਟੋਕੀਏ ਤੇ 1968 ਮੈਕਸੀਕੋ ਓਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਦੇ ਮੈਂਬਰ ਬਣੇ ਅਤੇ ਸੋਨੇ ਤੇ ਕਾਂਸੇ ਦੇ ਮੈਡਲ ਹਾਸਲ ਕੀਤੇ। 1966 ’ਚ ਬੈਂਕਾਕ ਏਸ਼ੀਆਈ ਖੇਡਾਂ ਦੌਰਾਨ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਵੀ ਰਹੇ। ਇਸ ਤੋਂ ਇਲਾਵਾ 1963 ’ਚ ਲਿਓਂਜ, 1966 ਹੈਮਬਰਗ, 1967 ਮੈਡਰਿਡ ਦੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੌਰਾਨ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਟੀਮ ’ਚ ਵੀ ਉਹ ਸ਼ਾਮਲ ਸਨ।
ਬਲਬੀਰ ਸਿੰਘ ਕੁਲਾਰ (ਸਰਵਿਸਿਜ਼)
ਬਲਬੀਰ ਸਿੰਘ ਕੁਲਾਰ ਦਾ ਜਨਮ ਪਿਤਾ ਗੱਜਣ ਸਿੰਘ ਕੁਲਾਰ ਤੇ ਮਾਤਾ ਦਰਬਾਰ ਕੌਰ ਦੇ ਘਰ 5 ਅਪ੍ਰੈਲ 1945 ਨੂੰ ਹੋਇਆ। ਉਨ੍ਹਾਂ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ ਤੋਂ ਸਕੂਲ ਦੀ ਪੜ੍ਹਾਈ ਕੀਤੀ ਅਤੇ ਡੀਏਵੀ ਕਾਲਜ ਤੇ ਸਪੋਰਟਸ ਕਾਲਜ ਜਲੰਧਰ ’ਚ ਪੜ੍ਹਨ ਤੋਂ ਬਾਅਦ ਆਈਐੱਮਏ ਤੋਂ ਗਰੈਜੂਏਸ਼ਨ ਪਾਸ ਕੀਤੀ। ਐੱਨਆਈਐੱਸ ਪਟਿਆਲਾ ਤੋਂ ਸਿਖਲਾਈ ਹਾਸਲ ਕੀਤੀ। ਉਹ ਫ਼ੌਜ ਤੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। 1968 ਮੈਕਸੀਕੋ ਓਲੰਪਿਕ ’ਚ ਖੇਡਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ, ਜਿਸ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ 1966 ਦੀਆਂ ਏਸ਼ੀਅਨ ਖੇਡਾਂ, 1966 ’ਚ ਹੈਮਬਰਗ ਤੇ 1967 ’ਚ ਮੈਡਰਿਡ ਦੇ ਕੌਮਾਂਤਰੀ ਟੂਰਨਾਮੈਂਟਾਂ ਦੌਰਾਨ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ। ਉਨ੍ਹਾਂ ਨੇ ਕਈ ਟੂਰਨਾਮੈਂਟਾਂ ਦੌਰਾਨ ਭਾਰਤੀ ਹਾਕੀ ਟੀਮ ਦੇ ਕੋਚ ਤੇ ਮੈਨੇਜਰ ਵਜੋਂ ਵੀ ਸੇਵਾਵਾਂ ਨਿਭਾਈਆਂ।
ਕੀਨੀਆ ਦੇ ਓਲੰਪੀਅਨ ਜਗਜੀਤ ਸਿੰਘ ਕੁਲਾਰ
ਜਗਜੀਤ ਸਿੰਘ ਕੁਲਾਰ ਨੇ ਵੀ ਕੀਨੀਆ ਦੀ ਟੀਮ ਵੱਲੋਂ ਹਾਕੀ ਖੇਡੀ ਤੇ ਉਹ ਬਚਿੱਤਰ ਸਿੰਘ ਕੁਲਾਰ ਤੇ ਗੁਰਬਚਨ ਕੌਰ ਦੇ ਛੋਟੇ ਪੁੱਤਰ ਤੇ ਹਰਦੇਵ ਸਿੰਘ ਕੁਲਾਰ ਦੇ ਛੋਟੇ ਭਰਾ ਸਨ। ਉਨ੍ਹਾਂ ਦਾ ਜਨਮ 16 ਅਪ੍ਰੈਲ 1943 ਨੂੰ ਮੋਬਾਸਾ ਕੀਨੀਆ ’ਚ ਹੋਇਆ। ਸਕੂਲੀ ਪੜ੍ਹਾਈ ਨੈਰੋਬੀ ਦੇ ਟੈਕਨੀਕਲ ਹਾਈ ਸਕੂਲ ਤੋਂ ਕੀਤੀ ਅਤੇ ਕਾਲਜ ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੇ ਯੂਨੀਵਰਸਿਟੀ ਈਸਟ ਅਫਰੀਕਾ ਤੋਂ ਬੀਏ ਕੀਤੀ। ਉਨ੍ਹਾਂ ਨੇ ਕੈਨੇਡਾ ਦੇ ਕਿਉਬੈੱਕ ਸੂਬੇ ’ਚ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਈਆਂ। 1965 ’ਚ ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਵਧੀਆ ਕੋਚ ਦਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੇ 1968 ਮੈਕਸੀਕੋ ਤੇ 1972 ਮਿਊਨਿਖ ਓਲੰਪਿਕ ’ਚ ਕੀਨੀਆ ਵੱਲੋਂ ਹਾਕੀ ਖੇਡੀ। ਇਸ ਤੋਂ ਇਲਾਵਾ 1971 ਦੇ ਬਾਰਸੀਲੋਨਾ ਤੇ 1973 ਦੇ ਐਮਸਟਰਡਮ ਵਿਸ਼ਵ ਹਾਕੀ ਕੱਪ ’ਚ ਵੀ ਕੀਨੀਆ ਟੀਮ ਦੇ ਮੈਂਬਰ ਰਹੇ। ਉਨ੍ਹਾਂ ਨੇ ਕੀਨੀਆ ’ਚ ਹਾਕੀ ਟੀਮ ਦੇ ਸਹਾਇਕ ਕੋਚ ਤੇ ਮੈਨੇਜਰ ਵਜੋਂ ਸੇਵਾਵਾਂ ਨਿਭਾਈਆ ਅਤੇ 1975 ਤੋਂ 1996 ਤਕ ਕੈਨੇਡਾ ਦੇ ਕਿਊਬੈਕ ਸੂਬੇ ’ਚ ਕੋਚ ਵਜੋਂ ਸੇਵਾਵਾਂ ਨਿਭਾਈਆ।
ਕੀਨੀਆ ਦੇ ਓਲੰਪੀਅਨ ਹਰਦੇਵ ਸਿੰਘ ਕੁਲਾਰ
ਹਰਦੇਵ ਸਿੰਘ ਕੁਲਾਰ ਦਾ ਜਨਮ 13 ਦਸੰਬਰ 1930 ਨੂੰ ਪਿਤਾ ਬਚਿੱਤਰ ਸਿੰਘ ਕੁਲਾਰ ਤੇ ਮਾਤਾ ਗੁਰਬਚਨ ਕੌਰ ਦੇ ਘਰ ਕੀਨੀਆ ਦੇ ਸ਼ਹਿਰ ਨਕੂਰ ’ਚ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਵਿੱਦਿਆ ਮੁਬਾਸਾ ਤੇ ਫਿਰ ਸੀਨੀਅਰ ਕੈਂਬਰਿਜ ਤੋਂ ਕੀਤੀ। ਉਨ੍ਹਾਂ ਨੇ 1956 ਮੈਲਬੋਰਨ ਤੇ 1960 ਰੋਮ ਓਲੰਪਿਕ ’ਚ ਕੀਨੀਆ ਦੀ ਹਾਕੀ ਟੀਮ ਵੱਲੋਂ ਹਿੱਸਾ ਲਿਆ। 1972 ’ਚ ਮਿਊਨਿਖ ਓਲੰਪਿਕ ’ਚ ਕੀਨੀਆ ਟੀਮ ਦੇ ਕੋਚ ਤੇ 1988 ਸਿਓਲ ਓਲੰਪਿਕ ’ਚ ਟੀਮ ਮੈਨੇਜਰ ਵਜੋਂ ਹਿੱਸਾ ਲਿਆ। ਵਿਸ਼ਵ ਕੱਪ ਤੇ ਹੋਰ ਕਈ ਹਾਕੀ ਟੂਰਨਾਮੈਂਟਾਂ ਦੌਰਾਨ ਉਨ੍ਹਾਂ ਨੇ ਕੀਨੀਆ ਹਾਕੀ ਟੀਮ ਦੇ ਕੋਚ ਤੇ ਮੈਨੇਜਰ ਵਜੋਂ ਸੇਵਾਵਾਂ ਨਿਭਾਈਆਂ। ਹਰਦੇਵ ਸਿੰਘ ਕੁਲਾਰ 1973 ਤੋਂ 1989 ਤਕ ਕੀਨੀਆ ਹਾਕੀ ਯੂਨੀਅਨ ਦੇ ਜਨਰਲ ਸੈਕਟਰੀ ਅਤੇ 1998 ਤੋਂ 2004 ਤਕ ਕੀਨੀਆ ਹਾਕੀ ਯੂਨੀਅਨ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ 1982 ਤੋਂ 1999 ਤਕ ਅਫਰੀਕਨ ਹਾਕੀ ਫੈਡਰੇਸ਼ਨ ਦੇ ਸਹਾਇਕ ਸਕੱਤਰ ਰਹੇ। ਹਰਦੇਵ ਸਿੰਘ ਨੇ ਕੁਲਾਰ ਨੇ ਕੀਨੀਆ ਹਾਕੀ ਟੀਮ ਵੱਲੋਂ ਹੋਰ ਵੀ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ’ਚ ਬਤੌਰ ਖਿਡਾਰੀ, ਕੋਚ ਤੇ ਮੈਨੇਜਰ ਵਜੋਂ ਯੋਗਦਾਨ ਦਿੱਤਾ।
ਓਲੰਪੀਅਨ ਗੁਰਦੇਵ ਸਿੰਘ ਕੁਲਾਰ
ਗੁਰਦੇਵ ਸਿੰਘ ਕੁਲਾਰ ਦਾ ਜਨਮ ਪਿਤਾ ਹਜੂਰਾ ਸਿੰਘ ਕੁਲਾਰ ਤੇ ਮਾਤਾ ਹੁਕਮ ਕੌਰ ਦੇ ਘਰ 12 ਅਗਸਤ 1933 ਨੂੰ ਹੋਇਆ। ਉਨ੍ਹਾਂ ਨੇ ਸਕੂਲੀ ਪੜ੍ਹਾਈ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ ਤੋਂ ਕੀਤੀ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ’ਚ ਪੜ੍ਹੇ। ਉਹ ਪੰਜਾਬ ਪੁਲਿਸ ’ਚੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਏ। ਗੁਰਦੇਵ ਸਿੰਘ ਕੁਲਾਰ ਨੇ 1956 ’ਚ ਮੈਲਬੋਰਨ ’ਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਸੋਨੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਬਣੇ। 1958 ਟੋਕੀਓ ਤੇ 1962 ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਦੋਵਾਂ ਟੂਰਨਾਮੈਂਟ ਦੌਰਾਨ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਵੱਲੋਂ ਹੋਰ ਵੀ ਕਈ ਕੌਮਾਂਤਰੀ ਪੱਧਰ ਦੇ ਮੈਚਾਂ ’ਚ ਆਪਣੀ ਹਾਕੀ ਦਾ ਪ੍ਰਦਰਸ਼ਨ ਕੀਤਾ।
ਕੀਨੀਆ ਦੇ ਓਲੰਪੀਅਨ ਹਰਵਿੰਦਰ ਸਿੰਘ ਕੁਲਾਰ
ਹਰਵਿੰਦਰ ਸਿੰਘ ਕੁਲਾਰ ਦਾ ਜਨਮ ਓਲੰਪੀਅਨ ਹਰਦੇਵ ਸਿੰਘ ਕੁਲਾਰ ਤੇ ਹਰਭਜਨ ਕੌਰ ਕੁਲਾਰ ਦੇ ਘਰ ਨਿਰੋਬੀ ਕੀਨੀਆ ’ਚ ਹੋਇਆ। ਉਨ੍ਹਾਂ ਨੇ ਸਕੂਲੀ ਪੜ੍ਹਾਈ ਕੀਨੀਆ ਦੇ ਮਥਏਗਾ ਪ੍ਰਾਇਮਰੀ ਸਕੂਲ ਕੀਨੀਆ ਤੇ ਸਲੋਅ ਗਰਾਮਰ ਸਕੂਲ ਯੂਕੇ ਅਤੇ ਉੱਚ ਵਿੱਦਿਆ ਨਾਰਥ ਲੰਡਨ ਯੂਨੀਵਰਸਿਟੀ ਯੂਕੇ ਤੋਂ ਕੀਤੀ। ਉਨ੍ਹਾਂ ਨੇ ਅਕਾਊਂਟੈਂਟ ਵਜੋਂ ਸੇਵਾਵਾਂ ਨਿਭਾਈਆ। 1991 ਤੋਂ 1994 ਤਕ ਉਹ ਕੀਨੀਆ ਅੰਪਾਇਰ ਐਸੋਸੀਏਸ਼ਨ ਦੇ ਸਕੱਤਰ ਰਹੇ। ਹਰਵਿੰਦਰ ਸਿੰਘ ਕੁਲਾਰ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ’ਚ ਕੀਨੀਆ ਹਾਕੀ ਟੀਮ ਵੱਲੋਂ ਹਿੱਸਾ ਲਿਆ। ਇਸ ਤੋਂ ਇਲਾਵਾ 1978 ’ਚ ਅਫਰਕੀਨ ਚੈਂਪੀਅਨਸ਼ਿਪ ਨਾਈਜੀਰੀਆ, ਐਸੰਡਾ ਵਿਸ਼ਵ ਕੱਪ 1979 ਪਰਥ, ਅਫਰੀਕਨ ਨੈਸ਼ਨਲ ਕੱਪ 1982 ਕਾਅਰੋ ਅਤੇ ਕੀਨੀਆ ਸਿੱਖ ਯੂਨੀਅਨ ਕਲੱਬ ਨੈਰੋਬੀ ਵੱਲੋਂ 1981 ’ਚ ਜ਼ਿੰਮਬਾਵੇ ਦਾ ਦੌਰਾ ਕੀਤਾ ਤੇ 1981-84 ’ਚ ਨੈਰੋਬੀ ’ਚ ਅਫਰੀਕਨ ਚੈਂਪੀਅਨਸ਼ਿਪ ’ਚ ਕੀਨੀਆ ਦੀ ਟੀਮ ਵੱਲੋਂ ਹਾਕੀ ਖੇਡੀ।
ਓਲੰਪੀਅਨ ਤਰਸੇਮ ਸਿੰਘ ਕੁਲਾਰ
ਤਰਸੇਮ ਸਿੰਘ ਕੁਲਾਰ ਦਾ ਜਨਮ 9 ਦਸੰਬਰ, 1946 ਨੂੰ ਪਿਤਾ ਅਜੀਤ ਸਿੰਘ ਕੁਲਾਰ ਤੇ ਮਾਤਾ ਪ੍ਰੀਤਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਕੈਂਟ ਬੋਰਡ ਹਾਈ ਸਕੂਲ ਜਲੰਧਰ ਛਾਉਣੀ ਤੋਂ ਸਕੂਲੀ ਵਿੱਦਿਆ ਹਾਸਲ ਕੀਤੀ ਤੇ ਕਾਲਜ ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਤੇ ਡੀਏਵੀ ਕਾਲਜ ਜਲੰਧਰ ਤੋਂ ਕੀਤੀ। ਉਹ ਬੀਐੱਸਐੱਫ ’ਚੋਂ ਡੀਸੀਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਤਰਸੇਮ ਸਿੰਘ ਕੁਲਾਰ ਨੇ 1968 ਮੈਕਸੀਕੋ ਓਲੰਪਿਕ ’ਚ ਹਿੱਸਾ ਲਿਆ ਤੇ ਇਸ ਟੂਰਨਾਮੈਂਟ ’ਚ ਭਾਰਤ ਨੇ ਕਾਂਸੇ ਦੇ ਮੈਡਲ ਜਿੱਤਿਆ। ਇਸ ਤੋਂ ਇਲਾਵਾ 1966 ਦੇ ਬੈਂਕਾਕ ਦੀਆਂ ਏਸ਼ੀਅਨ ਖੇਡਾਂ ਤੇ 1967 ਦੇ ਮੈਡਰਿਡ ਕੌਮਾਂਤਰੀ ਟੂਰਨਾਮੈਂਟ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਟੂਰਨਾਮੈਂਟਾਂ ਦੌਰਾਨ ਭਾਰਤ ਨੇ ਸੋਨੇ ਦੇ ਮੈਡਲ ਜਿੱਤੇ। 1970 ’ਚ ਮੁੰਬਈ ’ਚ ਹੋਏ ਕੌਮਾਂਤਰੀ ਟੂਰਨਾਮੈਂਟ ਦੌਰਾਨ ਉਹ ਭਾਰਤੀ ਟੀਮ ਸ਼ਾਮਲ ਸਨ, ਜਿਸ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ।
ਸੰਸਾਰਪੁਰ ਨੇ 13 ਓਲੰਪੀਅਨਾਂ ਸਣੇ ਪੈਦਾ ਕੀਤੇ 306 ਹਾਕੀ ਖਿਡਾਰੀ
ਹਾਕੀ ਇਸ ਨਰਸਰੀ ’ਚ 1908 ਤੋਂ ਲੈ ਕੇ 2008 ਤਕ 306 ਹਾਕੀ ਖਿਡਾਰੀ ਪੈਦਾ ਹੋਏ ਹਨ। ਇਨ੍ਹਾਂ ’ਚ 13 ਓਲੰਪੀਅਨ, 1 ਓਲੰਪੀਅਨ ਟੀਮ ਦਾ ਮੈਨੇਜਰ, 19 ਅੰਤਰਰਾਸ਼ਟਰੀ, 110 ਰਾਸ਼ਟਰੀ, 132 ਆਰਮੀ, 108 ਦੇਸ਼ ਭਰ ਦੀਆਂ ਵਧੀਆ ਟੀਮਾਂ ਵੱਲੋਂ, 56 ਯੂਨੀਵਰਸਿਟੀਆਂ ਤੇ 120 ਕਾਲਜਾਂ ਵੱਲੋਂ ਖੇਡੇ ਹਨ। ਦੁਨੀਆ ’ਚ ਏਨੇ ਖਿਡਾਰੀ ਕਿਸੇ ਇਕ ਪਿੰਡ ਤੋਂ ਨਹੀਂ ਖੇਡੇ, ਇਹ ਵਿਸ਼ਵ ਰਿਕਾਰਡ ਹੈ। ਇਸ ਨਰਸਰੀ ’ਚ ਤਿਆਰ ਹੋਏ ਹਾਕੀ ਖਿਡਾਰੀਆਂ ਨੇ ਭਾਰਤ, ਭਾਰਤੀ ਫ਼ੌਜਾਂ, ਹੋਰਨਾਂ ਸੂਬਿਆ ਤੇ ਪੰਜਾਬ ਲਈ ਹਾਕੀ ਖੇਡਣ ਤੋਂ ਇਲਾਵਾ ਹੋਰਨਾਂ ਦੇਸ਼ਾਂ ਲਈ ਬਿਹਤਰੀਨ ਹਾਕੀ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ’ਚ 59 ਦੇ ਕਰੀਬ ਸੰਸਾਰਪੁਰ ਦੇ ਹਾਕੀ ਖਿਡਾਰੀਆਂ ਨੇ ਇੰਗਲੈਂਡ, ਕੀਨੀਆ, ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਤੇ ਜਰਮਨੀ ਵੱਲੋਂ ਹਾਕੀ ਖੇਡੀ। ਓਲੰਪੀਅਨਾਂ ’ਚ 9 ਭਾਰਤ ਵੱਲੋਂ, 3 ਕੀਨੀਆ ਵੱਲੋਂ ਅਤੇ ਇਕ ਕੈਨੇਡਾ ਵੱਲੋਂ ਓਲੰਪਿਕ ਖੇਡਣ ਵਾਲਾ ਖਿਡਾਰੀ ਸ਼ਾਮਲ ਹਨ ਹਾਲਾਂਕਿ 14ਵਾਂ ਓਲੰਪੀਅਨ ਕੀਨੀਆ ਦਾ ਟੀਮ ਮੈਨੇਜਰ ਬਣ ਕੇ ਓਲੰਪਿਕ ’ਚ ਪੁੱਜਾ ਸੀ।
– ਜਤਿੰਦਰ ਪੰਮੀ
Courtesy : Punjabi Jagran
test