ਪਿਰਥੀਪਾਲ ਸਿੰਘ ਮਾੜੀਮੇਘਾ
ਦਰਿਆ ਕੋਲੰਬੀਆ ਦੇ ਮੰਡ ਦੀਆਂ ਆਰਾ ਮਿੱਲਾਂ ਦੇ ਹਿੰਦੀ ਮਜ਼ਦੂਰ ਜਿਨ੍ਹਾਂ ਵਿਚ ਖਾਸ ਕਰ ਕੇ ਭਾਈ ਸੋਹਣ ਸਿੰਘ ਭਕਨਾ, ਭਾਈ ਹਰਨਾਮ ਸਿੰਘ ਟੁੰਡੀਲਾਟ, ਭਾਈ ਊਧਮ ਸਿੰਘ ਕਸੇਲ, ਸ੍ਰੀ ਰਾਮ ਰੱਖਾ ਸੜੋਆ, ਭਾਈ ਈਸ਼ਰ ਸਿੰਘ ਮਰਹਾਨਾ ਐਤਵਾਰ ਜਾਂ ਹੋਰ ਛੁੱਟੀਆਂ ਵਾਲੇ ਦਿਨ ਇਕੱਠੇ ਹੁੰਦੇ ਤੇ ਆਪਣੀ ਸਮਾਜੀ ਤੇ ਸਿਆਸੀ ਜ਼ਿੰਦਗੀ ਬਾਰੇ ਵਿਚਾਰਾਂ ਕਰਦੇ। ਬਾਬਾ ਸੋਹਣ ਸਿੰਘ ਭਕਨਾ ਹਿੰਦੁਸਤਾਨ ਵਿਚ ਕੂਕਾ ਲਹਿਰ ਦੇ ਮੋਢੀਆਂ ਵਿਚ ਰਹਿ ਚੁੱਕੇ ਸਨ।
ਅਮਰੀਕਾ ਦੀ ਧਰਤੀ ’ਤੇ ਪਹਿਲਾਂ-ਪਹਿਲ ਵਾਸ਼ਿੰਗਟਨ, ਔਰਗਿਨ ਅਤੇ ਕੈਲੇਫੋਰਨੀਆ ਦੇ ਸ਼ਾਂਤ ਸਾਗਰ ਦੇ ਕੰਢੇ ’ਤੇ ਹਿੰਦੁਸਤਾਨੀ ਕਿਰਤੀਆਂ ਨੇ ਪਹੁੰਚ ਕੇ ਕਿਰਤ ਕਰਨੀ ਸ਼ੁਰੂ ਕੀਤੀ। ਅਮਰੀਕਾ ਦੀ ਆਜ਼ਾਦੀ ਵੇਖ ਕੇ ਹਿੰਦੀਆਂ ਦੇ ਹਿਰਦੇ ਵਿਚ ਵੀ ਕੌਮੀ ਜਾਗਰੂਕਤਾ ਉਜਾਗਰ ਹੋਈ ਅਤੇ ਇਸ ਨੇ ਗ਼ਦਰ ਲਹਿਰ ਦਾ ਰੂਪ ਧਾਰ ਲਿਆ ਜਿਸ ਨਾਲ ਇਕ ਕੇਂਦਰੀ ਇਨਕਲਾਬੀ ਪਾਰਟੀ ਬਣ ਗਈ। ਇਸ ਨੇ ਫ਼ੈਸਲਾ ਕੀਤਾ ਕਿ ਅੰਗਰੇਜ਼ਾਂ ਨਾਲ ਹਥਿਆਰਬੰਦ ਟੱਕਰ ਲੈ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਜਾਵੇ। ਉਸ ਵਕਤ ਅਮਰੀਕਾ ਦੀ ਸਰਮਾਏਦਾਰੀ ਤਰੱਕੀ ਕਰ ਰਹੀ ਸੀ ਤੇ ਉਸ ਨੂੰ ਸਸਤੇ ਤੇ ਅਣਗਿਣਤ ਮਜ਼ਦੂਰਾਂ ਦੀ ਲੋੜ ਸੀ। ਉਨ੍ਹਾਂ ਦੀ ਇਹ ਲੋੜ ਜ਼ਿਆਦਾਤਰ ਏਸ਼ੀਆ ਦੇ ਦੇਸ਼ਾਂ ਦੇ ਮਜ਼ਦੂਰ ਪੂਰੀ ਕਰ ਰਹੇ ਸਨ।
ਅਮਰੀਕਾ ਦੇ ਸੇਂਟ ਜਾਨ ਦੇ ਆਲੇ-ਦੁਆਲੇ ਦੇ ਅਨੇਕਾਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਆਰਾ ਮਿੱਲਾਂ, ਰੇਲਵੇ ਵਰਕਸ਼ਾਪਾਂ ਅਤੇ ਰੇਲ ਪਟੜੀਆਂ ਉੱਤੇ ਸੈਂਕੜੇ ਹਿੰਦੀ ਮਜ਼ਦੂਰ ਕੰਮ ਕਰਦੇ ਸਨ ਅਤੇ ਇਕੱਠੇ ਰਹਿੰਦੇ ਸਨ। ਇਸ ਸਾਂਝ ਨੇ ਹਿੰਦੀਆਂ ’ਚੋਂ ਜਾਤ-ਪਾਤ ਦਾ ਵਿਤਕਰਾ ਖ਼ਤਮ ਕਰ ਦਿੱਤਾ।
ਇਸ ਏਰੀਏ ਵਿਚ ਹਿੰਦ ਤੋਂ ਪੜ੍ਹਨ ਆਏ ਵਿਦਿਆਰਥੀ ਵੀ ਛੁੱਟੀਆਂ ਦੇ ਦਿਨਾਂ ਵਿਚ ਕੰਮਕਾਰ ਲਈ ਆ ਜਾਂਦੇ ਸਨ। ਇਸ ਸਿਆਸੀ ਪਿੜ ਦਾ ਕੇਂਦਰ ਛੋਟਾ ਜਿਹਾ ਕਸਬਾ ‘ਸੇਂਟ ਜਾਨ’ ਬਣਿਆ ਜਿਥੇ ਆਰਾ ਮਿੱਲ ਵਿਚ ਜ਼ਿਲ੍ਹਾ ਅੰਬਾਲਾ ਦੇ ਪਿੰਡ ਮੜੌਲੀ ਦੇ ਕਾਂਸ਼ੀ ਰਾਮ ਕੰਮ ਕਰਦੇ ਸਨ। ਇਥੇ ਸਿਆਸੀ ਵਿਚਾਰਾਂ ਦੀ 1906 ਤੋਂ ਸ਼ੁਰੂਆਤ ਹੋ ਗਈ ਸੀ। ਇਸ ਤੋਂ ਇਲਾਵਾ ਕੈਲੇਫੋਰਨੀਆ ਦੇ ਭਾਈ ਜਵਾਲਾ ਸਿੰਘ ਠੱਠੀਆਂ ਦਾ ਡੇਰਾ ਵੀ ਸਿਆਸੀ ਅੱਡਾ ਬਣ ਗਿਆ।
ਦਰਿਆ ਕੋਲੰਬੀਆ ਦੇ ਮੰਡ ਦੀਆਂ ਆਰਾ ਮਿੱਲਾਂ ਦੇ ਹਿੰਦੀ ਮਜ਼ਦੂਰ ਜਿਨ੍ਹਾਂ ਵਿਚ ਖਾਸ ਕਰ ਕੇ ਭਾਈ ਸੋਹਣ ਸਿੰਘ ਭਕਨਾ, ਭਾਈ ਹਰਨਾਮ ਸਿੰਘ ਟੁੰਡੀਲਾਟ, ਭਾਈ ਊਧਮ ਸਿੰਘ ਕਸੇਲ, ਸ੍ਰੀ ਰਾਮ ਰੱਖਾ ਸੜੋਆ, ਭਾਈ ਈਸ਼ਰ ਸਿੰਘ ਮਰਹਾਨਾ ਐਤਵਾਰ ਜਾਂ ਹੋਰ ਛੁੱਟੀਆਂ ਵਾਲੇ ਦਿਨ ਇਕੱਠੇ ਹੁੰਦੇ ਤੇ ਆਪਣੀ ਸਮਾਜੀ ਤੇ ਸਿਆਸੀ ਜ਼ਿੰਦਗੀ ਬਾਰੇ ਵਿਚਾਰਾਂ ਕਰਦੇ। ਬਾਬਾ ਸੋਹਣ ਸਿੰਘ ਭਕਨਾ ਹਿੰਦੁਸਤਾਨ ਵਿਚ ਕੂਕਾ ਲਹਿਰ ਦੇ ਮੋਢੀਆਂ ਵਿਚ ਰਹਿ ਚੁੱਕੇ ਸਨ।
ਉਨ੍ਹਾਂ ਦਾ ਹਿੰਦੀ ਕਿਰਤੀਆਂ ਵਿਚ ਬਹੁਤ ਮਾਣ ਸਨਮਾਨ ਸੀ। ਇੰਨ੍ਹਾਂ ਹਿੰਦੀ ਕਿਰਤੀਆਂ ਵਿਚ ਜੀਡੀ ਕੁਮਾਰ, ਸ੍ਰੀ ਤਾਰਕਨਾਥ ਦਾਸ, ਸੰਤ ਤੇਜਾ ਸਿੰਘ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਹਿੰਦੀਆਂ ਨੂੰ ਇਹ ਸਮਝਾਉਂਦੇ ਕਿ ਉਹ ਇਕੱਠੇ ਰਹਿਣ, ਨਸ਼ਾ-ਪੱਤਾ ਨਾ ਕਰਨ ਅਤੇ ਬੁਰੀਆਂ ਆਦਤਾਂ ਤਿਆਗਣ। ਇਨ੍ਹਾਂ ਅੱਡਿਆਂ ’ਤੇ ‘ਸਵਦੇਸ਼ ਸੇਵਕ’ ਉਰਦੂ, ‘ਪਰਦੇਸੀ ਖਾਲਸਾ’ ਪੰਜਾਬੀ, ‘ਸੰਸਾਰ’ ਪੰਜਾਬੀ ਅਤੇ ‘ਫਰੀ ਹਿੰਦੁਸਤਾਨ’ ਅੰਗਰੇਜ਼ੀ ਅਖ਼ਬਾਰਾਂ ਵੀ ਆਉਂਦੀਆਂ ਸਨ। ਨਿਊਯਾਰਕ ਵਿਚ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਲਈ ‘ਇੰਡੀਆ ਹਾਊਸ’ ਬਣਾਇਆ ਹੋਇਆ ਸੀ।
ਇਥੇ ਤਾਰਕਨਾਥ ਦਾਸ ਦੀ ਰਹਿਨੁਮਾਈ ਹੇਠ 1911 ਵਿਚ ‘ਈਸਟ ਇੰਡੀਆ ਐਸੋਸੀਏਸ਼ਨ’ ਨਾਂ ਦੀ ਸਭਾ ਬਣਾਈ ਗਈ। ਇਸ ਸਭਾ ਦਾ ਅਖ਼ਬਾਰ ਅੰਗਰੇਜ਼ਾਂ ਨਾਲ ਹਥਿਆਰਬੰਦ ਬਗ਼ਾਵਤ ਕਰਨ ਵਾਸਤੇ ਲਿਖਦਾ ਸੀ। ਜੀਡੀ ਕੁਮਾਰ 1911 ਵਿਚ ਸਿਆਟਲ ਆ ਕੇ ਬਾਬੂ ਹਰਨਾਮ ਸਿੰਘ ਨੂੰ ਨਾਲ ਲੈ ਕੇ ਹਿੰਦੀ ਡੇਰਿਆਂ ’ਤੇ ਸਮਾਜ ਸੁਧਾਰ ਦਾ ਪ੍ਰਚਾਰ ਕਰਨ ਲੱਗ ਪਏ। ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਨੇ ਉਨ੍ਹਾਂ ਨੂੰ ਸਮਝਾਇਆ ਕਿ ਹੁਣ ਸਿੱਧਾ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਚਾਹੀਦਾ ਹੈ। ਫ਼ੈਸਲੇ ਮੁਤਾਬਕ 1912 ਵਿਚ “ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ” ਨਾਂ ਦੀ ਜਥੇਬੰਦੀ ਬਣਾਈ ਗਈ ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜੀਡੀ ਕੁਮਾਰ ਜਨਰਲ ਸਕੱਤਰ ਅਤੇ ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ। ਇਕ ਸਾਲ ਬਾਅਦ ਜਥੇਬੰਦੀ ਦਾ ਘੇਰਾ ਵਿਸ਼ਾਲ ਕਰਨ ਲਈ 21 ਅਪ੍ਰੈਲ 1913 ਨੂੰ ਆਸਟੋਰੀਆ ਵਿਖੇ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ’ਤੇ ਹਿੰਦੀ ਕਿਰਤੀਆਂ ਦੇ ਇਕੱਠ ਵਿਚ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਦਾ ਨਾਂ ਸੌਖਾ ਕਰ ਕੇ ‘ਹਿੰਦੀ ਪੈਸਿਫਿਕ ਐਸੋਸੀਏਸ਼ਨ’ ਬਣਾਈ ਗਈ।
ਗ਼ਦਰ ਅਖ਼ਬਾਰ ਦੀ ਮਸ਼ਹੂਰੀ ਹੋਣ ਕਰਕੇ ਇਸ ਜਥੇਬੰਦੀ ਦਾ ਨਾਂ ਵੀ ਬਾਅਦ ’ਚ ਗ਼ਦਰ ਪਾਰਟੀ ਪ੍ਰਸਿੱਧ ਹੋ ਗਿਆ। ਇਸ ਜਥੇਬੰਦੀ ਦੇ ਵੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਬਾਬਾ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਲਾਲਾ ਠਾਕੁਰ ਦਾਸ ਧੂਰੀ, ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ। 10000 ਹਜ਼ਾਰ ਦੇ ਕਰੀਬ ਗ਼ਦਰੀ ਦੇਸ਼ ਭਗਤ ਹਥਿਆਰਬੰਦ ਢੰਗ ਨਾਲ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਆਏ ਸਨ। ਬਹੁਤੇ ਗ਼ਦਰੀਆਂ ਨੂੰ ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ। ਜਿਹੜੇ ਬਚ ਬਚਾਅ ਕੇ ਟਿਕਾਣਿਆਂ ’ਤੇ ਪਹੁੰਚ ਗਏ, ਉਨ੍ਹਾਂ ਇਨਕਲਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਗ਼ਦਰ ਪਾਰਟੀ ਵਿਚ ਅੰਗਰੇਜ਼ਾਂ ਦੇ ਸ਼ਾਮਲ ਮੁਖ਼ਬਰਾਂ ਨੇ ਗ਼ਦਰ ਕਾਮਯਾਬ ਨਾ ਹੋਣ ਦਿੱਤਾ। ਜੇਲ੍ਹਾਂ ਵਿਚ ਬੰਦ ਗ਼ਦਰੀਆਂ ਨੂੰ ਫਾਂਸੀ, ਉਮਰ ਕੈਦ ਤੇ ਜਾਇਦਾਦ ਜ਼ਬਤ ਦੀਆਂ ਸਖ਼ਤ ਸਜ਼ਾਵਾਂ ਹੋਈਆਂ।
ਜਨਰਲ ਸਕੱਤਰ,
ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ, 9876078731
Credit : https://www.punjabijagran.com/editorial/general-special-on-foundation-day-ghadar-party-was-founded-after-seeing-america-s-independence-9481544.html
test