ਦੋਵੇਂ ‘ਆਪ’ ਵਿਧਾਇਕ ਅੱਜ ਭਾਜਪਾ ਵਿੱਚ ਹੋਣਗੇ ਸ਼ਾਮਲ; ਪਟਿਅਾਲਾ ਜ਼ਿਲ੍ਹੇ ਨਾਲ ਸਬੰਧਤ ਇਕ ਹੋਰ ਵਿਧਾਇਕ ਦਾ ਦਾਖ਼ਲਾ ਟਲਿਆ
02 ਨਵੰਬਰ, 2026 – ਚੰਡੀਗੜ੍ਹ : Punjab AAP Resignations: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਸੈਂਬਲੀ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੇ ਜਾਣ ਮਗਰੋਂ ‘ਆਪ’ ਦੇ ਦੋ ਵਿਧਾਇਕਾਂ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਗਾਮੀ ਚੋਣਾਂ ਤੋਂ ਪਹਿਲਾਂ ‘ਆਪ’ ਲਈ ਇਹ ਸਿਆਸੀ ਝਟਕੇ ਵਾਂਗ ਹੈ। ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦੋਵੇਂ ਵਿਧਾਇਕ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਭਾਜਪਾ ’ਚ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜਾਂ ਹੋਰ ਕੋਈ ਸੀਨੀਅਰ ਆਗੂ ਭਲਕੇ ਰਸਮੀ ਤੌਰ ’ਤੇ ਦੋਵਾਂ ‘ਆਪ’ ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਕਰਾਉਣਗੇ। ਪੰਜਾਬ ਭਾਜਪਾ ਦੀ ਲੀਡਰਸ਼ਿਪ ਵੀ ਇਸ ਮੌਕੇ ਮੌਜੂਦ ਰਹੇਗੀ। ਪਠਾਨਮਾਜਰਾ ਤੇ ਜੌੜਾਮਾਜਰਾ ਨੇ ਅਸਤੀਫ਼ਾ ਦੇਣ ਮਗਰੋਂ ਇਸ਼ਾਰਾ ਕੀਤਾ ਕਿ ਉਹ ਉਸ ਪਾਰਟੀ ’ਚ ਸ਼ਮੂਲੀਅਤ ਕਰਨਗੇ ਜਿਹੜੀ ਪੰਜਾਬ ਦੇ ਭਲੇ ਲਈ ਕੰਮ ਕਰੇ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਵਿਧਾਇਕ ਬਿਨਾਂ ਕਿਸੇ ਸਿਆਸੀ ਸ਼ਰਤ ਦੇ ਭਾਜਪਾ ’ਚ ਸ਼ਮੂਲੀਅਤ ਕਰ ਰਹੇ ਹਨ। ਭਾਜਪਾ ਨੇ ਵੀ ਦੋਵਾਂ ਨੂੰ ਬਿਨਾਂ ਟਿਕਟ ਦੀ ਸ਼ਰਤ ਤੋਂ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਪਟਿਆਲਾ ਜ਼ਿਲ੍ਹੇ ’ਚੋਂ ਇੱਕ ਹੋਰ ‘ਆਪ’ ਵਿਧਾਇਕ ਭਾਜਪਾ ਵਿੱਚ ਦਾਖ਼ਲੇ ਲਈ ਕਾਹਲਾ ਸੀ ਪਰ ਉਸ ਦੀ ਸਿਆਸੀ ਪ੍ਰੋਫਾਈਲ ’ਤੇ ਉਂਗਲ ਉਠਦੀ ਹੋਣ ਕਰ ਕੇ ਭਾਜਪਾ ਨੇ ਉਸ ਦੀ ਸ਼ਮੂਲੀਅਤ ਫ਼ਿਲਹਾਲ ਮੁਲਤਵੀ ਕਰ ਦਿੱਤੀ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਭਾਜਪਾ ਨੂੰ ਹਦਾਇਤ ਦਿੱਤੀ ਹੈ ਕਿ ਉਨ੍ਹਾਂ ਵਿਧਾਇਕਾਂ ਨੂੰ ਹੀ ਪਾਰਟੀ ’ਚ ਲਿਆ ਜਾਵੇ ਜਿਨ੍ਹਾਂ ਦੀ ਜਨਤਕ ਦਿੱਖ ਦਾਗ਼ਦਾਰ ਨਾ ਹੋਵੇ।
ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਸੀ। ਉਹ ਸਿਆਸੀ ਹਲਕਿਆਂ ’ਚ ‘ਫੁੱਫੜ’ ਵਜੋਂ ਮਸ਼ਹੂਰ ਹਨ। ਵਿਧਾਇਕ ਪਠਾਨਮਾਜਰਾ ਨੇ ਹਲਕਾ ਸਨੌਰ ਤੋਂ 2022 ਵਿੱਚ ‘ਆਪ’ ਉਮੀਦਵਾਰ ਵਜੋਂ 49,122 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਪੰਜਾਬ ਪੁਲੀਸ ਨੇ ਸਤੰਬਰ 2025 ’ਚ ਸਾਬਕਾ ਪਤਨੀ ਦੀ ਸ਼ਿਕਾਇਤ ’ਤੇ ਪਠਾਨਮਾਜਰਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਸੀ। ਪੁਲੀਸ ਨੇ ਮਾਰਚ ਵਿੱਚ ਉਨ੍ਹਾਂ ਨੂੰ ਗਵਾਲੀਅਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਉਨ੍ਹਾਂ ਨੂੰ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਸੀ। ਪਠਾਨਮਾਜਰਾ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ’ਚ ਗ਼ੈਰ-ਕਾਨੂੰਨੀ ਖਣਨ ਦਾ ਵੀ ਕੇਸ ਦਰਜ ਹੈ।
ਉੱਧਰ, ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਉਦੋਂ ਤੋਂ ਪਾਰਟੀ ਨਾਲ ਨਾਰਾਜ਼ ਹਨ, ਜਦੋਂ ਤੋਂ ਪਾਰਟੀ ਨੇ ਸਮਾਣਾ ਦੀ ਹਲਕਾ ਇੰਚਾਰਜੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸੌਂਪੀ ਹੈ। ਜੌੜਾਮਾਜਰਾ ‘ਆਪ’ ਸਰਕਾਰ ’ਚ ਕੈਬਨਿਟ ਮੰਤਰੀ ਵੀ ਰਹੇ ਤੇ ਉਨ੍ਹਾਂ ਕੋਲ ਸਿਹਤ, ਬਾਗ਼ਬਾਨੀ, ਸੂਚਨਾ ਤੇ ਲੋਕ ਸੰਪਰਕ ਮਹਿਕਮੇ ਦੀ ਅਗਵਾਈ ਵੀ ਰਹੀ। ਉਨ੍ਹਾਂ ਨੇ ਸਾਲ 2022 ’ਚ ਹਲਕਾ ਸਮਾਣਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਜੌੜਾਮਾਜਰਾ ਸਿਹਤ ਮੰਤਰੀ ਹੁੰਦਿਆਂ ਵਿਵਾਦਾਂ ’ਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਗੱਦਿਆਂ ਦੇ ਨਿਰੀਖਣ ਸਮੇਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ’ਤੇ ਲੇਟਣ ਲਈ ਆਖਿਆ ਸੀ।
‘ਪੰਜਾਬ ’ਚ ਨਸ਼ਾ ਤੇ ਕਰਜ਼ਾ ਵਧਿਆ’
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਦੋਸ਼ ਲਾਇਆ ਕਿ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਮੁੱਖ ਮੰਤਰੀ ਤੇ ਵਜ਼ੀਰਾਂ ਕੋਲ ਕੋਈ ਤਾਕਤ ਨਹੀਂ ਹੈ ਅਤੇ ਸਭ ਫ਼ੈਸਲੇ ਦਿੱਲੀ ਵਾਲੇ ਕਰਦੇ ਹਨ। ਪਠਾਨਮਾਜਰਾ ਨੇ ਕਿਹਾ ਕਿ ਪਹਿਲਾਂ ਉਸ ’ਤੇ ਝੂਠੇ ਕੇਸ ਦਰਜ ਕਰਾਏ ਤੇ ਫਿਰ ਟਿਕਟ ਦਾ ਲਾਲਚ ਦਿੱਤਾ। ਜੌੜਾਮਾਜਰਾ ਨੇ ਖਣਨ ਮਹਿਕਮੇ ’ਚ ਹੁੰਦੀ ਲੁੱਟ ’ਤੇ ਉਂਗਲ ਉਠਾਈ। ਪੰਜਾਬ ’ਚ ਨਸ਼ਾ ਤੇ ਕਰਜ਼ਾ ਵਧਣ ਦੀ ਗੱਲ ਵੀ ਕਹੀ।
ਭਾਜਪਾ ਬਣੀ ‘ਕਬਾੜ ਦੀ ਦੁਕਾਨ’: ‘ਆਪ’
‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਨੂੰ ‘ਕਬਾੜ ਦੀ ਦੁਕਾਨ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੂਜੀਆਂ ਪਾਰਟੀਆਂ ਦਾ ਰੱਦ ਕੀਤਾ ਮਾਲ ਇਕੱਠਾ ਕਰ ਕੇ ਪੰਜਾਬ ’ਚ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਵਿੱਚ ਹੈ। ਸੱਤਾ ਦੇ ਭੁੱਖੇ ਪੰਜਾਬ ਦੇ ਹਿੱਤਾਂ ਲਈ ਲੜਨ ਦੀ ਥਾਂ ਭੱਜ ਰਹੇ ਹਨ ਅਤੇ ਕਦੇ ਵੀ ਬਿਗਾਨੇ ਮਾਲ ਨਾਲ ਸਿਆਸੀ ਜੰਗ ਨਹੀਂ ਜਿੱਤੀ ਜਾਂਦੀ। ਭਾਜਪਾ ਨੂੰ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਦੂਜੀਆਂ ਪਾਰਟੀਆਂ ’ਚੋਂ ਲੈਣੇ ਪੈਂਦੇ ਹਨ। ਭਾਜਪਾ ਜ਼ਮੀਨੀ ਪੱਧਰ ’ਤੇ ਫਲਾਪ ਹੋ ਚੁੱਕੀ ਹੈ।
ਪੰਜਾਬੀ ਟ੍ਰਿਬਯੂਨ