ਗੁਰਦਾਸਪੁਰ ਬਾਈਪਾਸ ਨੇੜਿਓਂ ਮਿਲੀ ਲਾਸ਼; ਕਨਪਟੀ ’ਤੇ ਗੋਲੀ ਲੱਗਣ ਤੇ ਲੁੱਟ ਦੀ ਨੀਅਤ ਨਾਲ ਹੱਤਿਆ ਕੀਤੇ ਜਾਣ ਦਾ ਖ਼ਦਸ਼ਾ
16 ਨਵੰਬਰ, 2026 – ਗੁਰਦਾਸਪੁਰ : ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਟਰੇਨਿੰਗ ਲੈ ਰਹੇ ਹੈੱਡ ਕਾਂਸਟੇਬਲ ਦੀ ਘਰ ਵਾਪਸ ਆਉਂਦਿਆਂ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ। ਮੁਲਾਜ਼ਮ ਨੂੰ ਕਿਸੇ ਅਣਪਛਾਤੇ ਵੱਲੋਂ ਗੋਲੀ ਮਾਰਨ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (40) ਨਾਮਕ ਹੈੱਡ ਕਾਂਸਟੇਬਲ ਤਰੱਕੀ ਮਗਰੋਂ ਪੁਲੀਸ ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਟਰੇਨਿੰਗ ਕਰ ਰਿਹਾ ਸੀ ਅਤੇ ਸੁਜਾਨਪੁਰ ਵਿਖੇ ਤਾਇਨਾਤ ਸੀ। ਸੰਗਰੂਰ ਵਿੱਚ ਡਿਊਟੀ ਕਰਨ ਤੋਂ ਬਾਅਦ ਉਹ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕ੍ਰਿਸ਼ਨਾ ਨਗਰ ਆਪਣੇ ਘਰ ਵਾਪਸ ਆ ਰਿਹਾ ਸੀ। ਐਤਵਾਰ ਰਾਤ 9:15 ਵਜੇ ਦੇ ਕਰੀਬ ਉਸ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ ਕਿ ਉਹ ਪੁਰਾਣਾ ਸ਼ਾਲਾ ਨਜ਼ਦੀਕ ਪਹੁੰਚ ਗਿਆ ਹੈ ਅਤੇ 15 ਮਿੰਟ ਬਾਅਦ ਉਸ ਨੂੰ ਬਾਈਪਾਸ ’ਤੇ ਆ ਕੇ ਲੈ ਜਾਵੇ।
ਜਦੋਂ ਉਸ ਦਾ ਭਰਾ ਬੱਸ ਸਟੈਂਡ ਪਹੁੰਚਿਆ ਤਾਂ ਵਿਨੋਦ ਦਾ ਕੋਈ ਅਤਾ-ਪਤਾ ਨਾ ਲੱਗਾ ਅਤੇ ਉਹ ਫ਼ੋਨ ਵੀ ਅਟੈਂਡ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਹੀ ਉਸ ਦੀ ਲਾਸ਼ ਬੱਸ ਸਟੈਂਡ ਤੋਂ ਡੇਢ ਕੁ ਕਿਲੋਮੀਟਰ ਦੂਰ ਬਾਈਪਾਸ ’ਤੇ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਵਿਨੋਦ ਦੀ ਲਾਸ਼ ਮਿਲੀ ਤਾਂ ਉਸ ਦਾ ਸਾਮਾਨ ਵੀ ਉਸ ਦੇ ਕੋਲ ਨਹੀਂ ਸੀ, ਜਿਸ ਤੋਂ ਲੱਗਦਾ ਹੈ ਕਿ ਲੁੱਟਣ ਦੀ ਨੀਅਤ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ।
ਪਰਿਵਾਰ ਅਨੁਸਾਰ ਉਸ ਦੀ ਕਨਪਟੀ ਦੇ ਜ਼ਖ਼ਮ ਗੋਲੀ ਲੱਗਣ ਦੇ ਹਨ, ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੋਵੇਗੀ। ਪੁਲੀਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਨੋਦ ਕੁਮਾਰ ਦੋ ਛੋਟੇ-ਛੋਟੇ ਬੱਚਿਆਂ ਦਾ ਪਿਤਾ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਅੱਠ ਸਾਲ ਅਤੇ ਦੂਜੇ ਦੀ ਉਮਰ ਪੰਜ ਸਾਲ ਦੱਸੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ