25 ਨਵੰਬਰ, 2026 – ਮਾਛੀਵਾੜਾ : ਇਸ ਇਲਾਕੇ ਵਿੱਚ 3 ਦਿਨਾਂ ’ਚ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੋ ਦਿਨ ਪਹਿਲਾਂ ਇੰਦਰਾ ਕਲੋਨੀ ਦੇ ਵਾਸੀ ਦੁਬਈ ਤੋਂ ਪਰਤੇ ਨੌਜਵਾਨ ਗਗਨਦੀਪ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਪੁਲੀਸ ਨੇ ਇਸ ਸਬੰਧੀ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੱਲ੍ਹ ਰਾਤ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਾਛੀਵਾੜਾ-ਨੂਰਪੁਰ ਰੋਡ ’ਤੇ ਕੱਚੇ ਰਸਤੇ ਉੱਪਰ ਲੋਕਾਂ ਨੇ ਨੌਜਵਾਨ ਨੂੰ ਬੇਸੁਧ ਪਿਆ ਦੇਖਿਆ।
ਇਸ ਸਬੰਧੀ ਪੁਲੀਸ ਨੂੰ ਸੂਚਨਾ ਮਿਲਣ ’ਤੇ ਸਹਾਇਕ ਥਾਣੇਦਾਰ ਪਰਮੋਦ ਸਿੰਘ ਮੌਕੇ ’ਤੇ ਪੁੱਜੇ। ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਕੋਲ ਨਸ਼ੇ ਵਾਲਾ ਟੀਕਾ ਪਿਆ ਸੀ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ, ਜੋ ਮਾਛੀਵਾੜਾ ਦਾ ਰਹਿਣ ਵਾਲਾ ਸੀ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ’ਤੇ ਉਸ ਨੂੰ ਨਸ਼ਾ ਦੇਣ ਵਾਲੇ ਕੁਲਵਿੰਦਰ ਸਿੰਘ ਵਾਸੀ ਮਾਛੀਵਾੜਾ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿਤਾ ਤੋਂ 500 ਰੁਪਏ ਲੈ ਕੇ ਮੌਤ ਦਾ ਸਾਮਾਨ ਖਰੀਦ ਲਿਆਇਆ ਪੁੱਤ
ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਅਮਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਪਰ ਕੱਲ੍ਹ ਉਸ ਦੀ ਰਾਤ ਦੀ ਸਿਫ਼ਟ ਰੱਦ ਹੋ ਕੇ ਦਿਨ ਵਿੱਚ ਤਬਦੀਲ ਹੋ ਗਈ। ਉਸ ਦਾ ਲੜਕਾ ਕਰੀਬ 6 ਵਜੇ ਬਾਜ਼ਾਰ ਗਿਆ ਅਤੇ ਉਸ ਕੋਲੋਂ 500 ਰੁਪਏ ਕੁਝ ਖਾਣ-ਪੀਣ ਲਈ ਲੈ ਕੇ ਗਿਆ। ਉਸ ਨੂੰ ਨਹੀਂ ਸੀ ਪਤਾ ਕਿ ਇਹ 500 ਰੁਪਏ ਨਾਲ ਉਸ ਦਾ ਪੁੱਤ ਮੌਤ ਦਾ ਸਾਮਾਨ ਖਰੀਦੇਗਾ।
ਪੰਜਾਬੀ ਟ੍ਰਿਬਯੂਨ