ਬਿਜਲੀ ਉਤਪਾਦਨ 1300 ਮੈਗਾਵਾਟ ਤੱਕ ਡਿੱਗਿਆ
ਪ੍ਰਬੰਧਕਾਂ ਵੱਲੋਂ ਅੱਧੀ ਰਾਤ ਤੱਕ ਬੰਦ ਯੂਨਿਟ ਚੱਲਣ ਦਾ ਦਾਅਵਾ
11 ਸਤੰਬਰ, 2026 – ਮਾਨਸਾ : ਪੰਜਾਬ ਵਿੱਚ ਤਾਪ ਬਿਜਲੀ ਘਰਾਂ ਦੀ ਪੈਦਾਵਾਰ ਦੀ ਕਟੌਤੀ ਦੌਰਾਨ ਸੂਬੇ ਵਿੱਚ ਅੱਜ ਬਿਜਲੀ ਸੰਕਟ ਪੈਦਾ ਹੋਣ ਦਾ ਉਸ ਵੇਲੇ ਡਰ ਬਣ ਗਿਆ ਹੈ, ਜਦੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਸੀ ਐੱਲ) ਦੇ ਤਿੰਨ ਯੂਨਿਟਾਂ ਵਿੱਚੋਂ ਦੋ ਯੂਨਿਟ ਬੰਦ ਹੋ ਗਏ ਹਨ। ਇਨ੍ਹਾਂ ਦੋ ਯੂਨਿਟਾਂ ਦੇ ਬੰਦ ਹੋ ਜਾਣ ਨਾਲ ਇਸ ਤਾਪਘਰ ਦਾ ਯੂਨਿਟ ਨੰਬਰ 3 ਇਸ ਵੇਲੇ 597 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਿਹਾ ਹੈ, ਜਦੋਂ ਕਿ ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਜਾਂਦੀ ਹੈ। ਪੰਜਾਬ ਨੂੰ ਸਭ ਤੋਂ ਵੱਧ ਬਿਜਲੀ ਉਤਪਾਦਨ ਇਸੇ ਤਾਪਘਰ ਤੋਂ ਹੋ ਰਿਹਾ ਸੀ।
ਵੇਰਵਿਆਂ ਅਨੁਸਾਰ ਬਣਾਂਵਾਲਾ ਤਾਪਘਰ ਦੇ ਦੋ ਯੂਨਿਟ ਬੰਦ ਹੋਣ ਤੋਂ ਇਲਾਵਾ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਇੱਕ ਯੂਨਿਟ ਅਤੇ ਜੀ ਏ ਟੀ ਪੀ (GATP) ਗੋਇੰਦਵਾਲ ਦਾ ਯੂਨਿਟ ਨੰਬਰ 1 ਪਹਿਲਾਂ ਹੀ ਬੰਦ ਚੱਲਿਆ ਆ ਰਿਹਾ ਹੈ, ਜਦੋਂ ਕਿ ਰਾਜਪੁਰਾ ਸਥਿਤ 1400 ਮੈਗਾਵਾਟ ਦੀ ਸਮਰੱਥਾ ਵਾਲੇ ਨਾਭਾ ਪਾਵਰ ਲਿਮਟਿਡ ਦੇ ਦੋਵੇਂ ਯੂਨਿਟ ਕਈ ਦਿਨਾਂ ਤੋਂ ਅੱਧੇ ਨਾਲੋਂ ਘੱਟ ਬਿਜਲੀ ਸਪਲਾਈ ਕਰ ਰਹੇ ਹਨ ਅਤੇ ਅੱਜ ਵੇਲੇ 683 ਮੈਗਵਾਟ ਹੀ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ।
ਉੱਥੇ ਹੀ ਬਣਾਂਵਾਲਾ ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਕ ਯੂਨਿਟ ਨੂੰ ਸਵੇਰੇ ਮੇਂਟੇਨੈਂਸ ਲਈ ਬੰਦ ਕੀਤਾ ਗਿਆ ਸੀ, ਜਦੋਂ ਕਿ ਦੂਜਾ ਅਚਾਨਕ ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ, ਪਰ ਮਾਹਿਰਾਂ ਵੱਲੋਂ ਕਾਰਜ ਆਰੰਭ ਕਰ ਦਿੱਤੇ ਗਏ ਹਨ ਅਤੇ ਕੋਈ ਵੱਡਾ ਨੁਕਸ ਨਾ ਹੋਣ ਕਾਰਨ ਅੱਧੀ ਰਾਤ ਤੱਕ ਦੋਵੇਂ ਯੂਨਿਟ ਠੀਕ ਹੋ ਕੇ ਤੀਜੇ ਯੂਨਿਟ ਵਾਂਗ ਬਕਾਇਦਾ ਬਿਜਲੀ ਉਤਪਾਦਨ ਕਰਨੀ ਆਰੰਭ ਕਰ ਦੇਣਗੇ। ਉਨ੍ਹਾਂ ਕਿਹਾ ਕਿ ਤਾਪਘਰ ਕੋਲ ਕੋਲੇ ਦੀ ਕੋਈ ਦਿੱਕਤ ਨਹੀਂ ਹੈ ਅਤੇ ਲੋੜ ਅਨੁਸਾਰ ਵਾਧੂ ਕੋਲਾ ਪਿਆ ਹੈ।
ਇੱਕ ਅਧਿਕਾਰੀ ਦੇ ਦੱਸਣ ਅਨੁਸਾਰ ਪੰਜਾਬ ਵਿੱਚ ਇਸ ਵੇਲੇ 16270 ਮੈਗਾਵਾਟ ਬਿਜਲੀ ਦੀ ਕੁੱਲ ਲੋੜ ਹੈ, ਜਦੋਂ ਕਿ ਪੰਜਾਬ ਦੇ ਸਾਰੇ ਤਾਪਘਰਾਂ ਦਾ ਉਤਪਾਦਨ ਲਗਪਗ 4550 ਮੈਗਾਵਾਟ ਦੱਸਿਆ ਜਾਂਦਾ ਹੈ। ਅੱਜ ਪੰਜਾਬ ਦੇ ਤਾਪਘਰਾਂ ਤੋਂ 3482 ਮੈਗਾਵਾਟ ਦਾ ਉਤਪਾਦਨ ਪੈਦਾ ਹੋ ਰਿਹਾ ਹੈ, ਜਦੋਂ ਕਿ ਕੇਂਦਰੀ ਪੂਲ ਤੋਂ 12788 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ।
ਸਰਕਾਰੀ ਖੇਤਰ ਹੇਠ ਪੰਜਾਬ ਦੇ ਤਾਪਘਰਾਂ ਵਿੱਚੋਂ ਲਹਿਰਾ ਮੁਹੱਬਤ ਤਾਪਘਰ ਦੇ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਯੂਨਿਟ ਨੰਬਰ 1 ਦੇ ਅੱਜ ਚਾਲੂ ਹੋਣ ਤੋਂ ਬਾਅਦ 158 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ, ਜਦੋਂ ਕਿ ਪਹਿਲਾਂ ਤੋਂ ਬਿਜਲੀ ਪੈਦਾ ਕਰ ਰਹੇ ਯੂਨਿਟ ਨੰਬਰ 2 ਤੋਂ 183, ਯੂਨਿਟ ਨੰਬਰ 3 ਤੋਂ 231, ਯੂਨਿਟ ਨੰਬਰ 4 ਵੱਲੋਂ 231 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ 540 ਮੈਗਾਵਾਟ ਦੀ ਸਮਰੱਥਾ ਵਾਲੇ ਜੀ ਏ ਟੀ ਪੀ ਗੋਇੰਦਵਾਲ ਤਾਪਘਰ ਦਾ ਯੂਨਿਟ ਨੰਬਰ 1 ਬੰਦ ਪਿਆ ਹੈ ਅਤੇ ਯੂਨਿਟ ਨੰਬਰ 2 ਵੱਲੋਂ 247 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਜੀ ਜੀ ਐੱਸ ਐੱਸ ਟੀ ਪੀ ਰੋਪੜ ਦਾ ਯੂਨਿਟ ਨੰਬਰ 6 ਪਿਛਲੇ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਹੈ, ਜਦੋਂ ਕਿ ਯੂਨਿਟ ਨੰਬਰ 3, 4, 5 ਵੱਲੋਂ ਕ੍ਰਮਵਾਰ 121, 133, 101 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ।
ਪੰਜਾਬੀ ਟ੍ਰਿਬਯੂਨ