ਜਗਮੋਹਨ ਸਿੰਘ ਲੱਕੀ
ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ ਉੱਪਰ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣੇ ਮੁੰਡਨ ਕਰਵਾ ਲਏ ਸਨ।
ਸ਼ਰਾਬ ਕਾਰਨ ਅਨੇਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਹੀ ਪਿਛਲੇ ਸਮੇਂ ਦੌਰਾਨ ਸੈਂਕੜੇ ਸੱਥਰ ਵਿਛ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਦਾ ਹੈ ਜਿੱਥੇ ਮਜੀਠਾ ਨੇੜਲੇ ਕੁਝ ਪਿੰਡਾਂ ਵਿਚ ਨਕਲੀ ਸ਼ਰਾਬ ਪੀਣ ਕਾਰਨ ਇਕ ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਹੋਈਆਂ ਹਨ। ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਹਿਰੀਲੀ ਸ਼ਰਾਬ ਕਾਰਨ 2021 ਵਿਚ ਭਾਰਤ ਵਿਚ 782 ਵਿਅਕਤੀਆਂ ਦੀ ਮੌਤ ਹੋਈ ਸੀ। ਸਭ ਤੋਂ ਜ਼ਿਆਦਾ ਮੌਤਾਂ ਉੱਤਰ ਪ੍ਰਦੇਸ਼ ਵਿਚ ਹੋਈਆਂ ਸਨ ਜਿੱਥੇ ਸਾਲ 2021 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 137 ਵਿਅਕਤੀ ਮਾਰੇ ਗਏ ਸਨ ਜਦਕਿ ਉਸੇ ਸਾਲ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਵਿਚ 127, ਮੱਧ ਪ੍ਰਦੇਸ਼ ਵਿਚ 108, ਕਰਨਾਟਕ ਵਿਚ 104, ਝਾਰਖੰਡ ਵਿਚ 60 ਤੇ ਰਾਜਸਥਾਨ ਵਿਚ 51 ਵਿਅਕਤੀ ਮਾਰੇ ਗਏ ਸਨ। ਦੇਸ਼ ਵਾਸੀਆਂ ਲਈ ਇਸ ਤੋਂ ਵੱਡਾ ਦੁਖਾਂਤ ਕੀ ਹੋਵੇਗਾ ਕਿ ਕੋਰੋਨਾ ਕਾਲ ਦੌਰਾਨ ਸਾਲ 2020 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੇਸ਼ ਭਰ ’ਚ 947 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਉਸ ਸਮੇਂ ਮੱਧ ਪ੍ਰਦੇਸ਼ ਵਿਚ 214, ਝਾਰਖੰਡ ਵਿਚ 139, ਪੰਜਾਬ ਵਿਚ 133, ਕਰਨਾਟਕ ਵਿਚ 99 ਅਤੇ ਛੱਤੀਸਗੜ੍ਹ ਵਿਚ 67 ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ। ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਤਾਂ ਉਸ ਨੇ ਸ਼ਰਾਬ ਉੱਪਰ ਪਾਬੰਦੀ ਤਾਂ ਕੀ ਲਾਉਣੀ ਸੀ ਸਗੋਂ ਹਰ ਸਾਲ ਉਹ ਸ਼ਰਾਬ ਦੇ ਸਿਰੋਂ ਲੱਖਾਂ-ਕਰੋੜਾਂ ਦਾ ਮਾਲੀਆ ਇੱਕਠਾ ਕਰਦੀ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੁਣ ਔਰਤਾਂ ਵੀ ਸ਼ਰਾਬ ਦੇ ਕਾਰੋਬਾਰ ਵਿਚ ਪੈ ਗਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਦੇਸੀ ਸ਼ਰਾਬ ਦਾ ਉਤਪਾਦਨ 1993 ਵਿਚ 17657 ਲੀਟਰ ਸੀ ਜੋ 2010 ਵਿਚ ਵਧ ਕੇ 29445 ਲੀਟਰ ਹੋ ਗਿਆ।
ਪੰਜਾਬ ਵਿਚ ਬੀਅਰ ਦਾ ਉਤਪਾਦਨ ਵੀ ਨਵੇਂ ਰਿਕਾਰਡ ਬਣਾ ਚੁੱਕਿਆ ਹੈ। ਬੀਅਰ ਦੇ ਉਤਪਾਦਨ ਵਿਚ ਪਿਛਲੇ 17 ਸਾਲਾਂ ਦੇ ਅਰਸੇਦੌਰਾਨ 209 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ ਜੋ ਇਕ ਰਿਕਾਰਡ ਹੈ। ਸੰਨ 1993-94 ਵਿਚ ਬੀਅਰ ਦੀ ਪੈਦਾਵਾਰ 15365 ਲੀਟਰ ਸੀ ਜੋ 2009-10 ਦੇ ਅਰਸੇ ਤੱਕ ਵਧ ਕੇ 47496 ਲੀਟਰ ਤੱਕ ਪੁੱਜ ਗਈ ਸੀ। ਜੇ ਪੰਜਾਬ ਵਿਚ ਹੀ ਬਣਦੀ ਅੰਗਰੇਜ਼ੀ ਸ਼ਰਾਬ ਦੀ ਗੱਲ ਕਰੀਏ ਤਾਂ ਇਸ ਸ਼ਰਾਬ ਦਾ ਉਦਪਾਦਨ ਵੀ ਦਿਨ-ਬ-ਦਿਨ ਬਹੁਤ ਵਧ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 1993-94 ਵਿਚ 16257 ਲੀਟਰ, 2005-06 ਵਿਚ ਦੁੱਗਣੀ ਹੋ ਕੇ 32971 ਲੀਟਰ, ਸਾਲ 2007-08 ਵਿਚ 33690 ਲੀਟਰ , ਸਾਲ 2008-09 ਵਿਚ 37414 ਲੀਟਰ ਤੇ ਸਾਲ 2009-10 ਵਿਚ 37692 ਲੀਟਰ ਦਾ ਉਤਪਾਦਨ ਕੀਤਾ ਗਿਆ।
ਭਾਰਤ ਵਿਚ ਸ਼ਰਾਬ ਦਾ ਉਦਯੋਗ ਸਾਲਾਨਾ 30 ਫ਼ੀਸਦੀ ਦਰ ਨਾਲ ਵਧ ਰਿਹਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜੋ ਵਿਸ਼ਵ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਰਾਬ ਬਾਜ਼ਾਰਾਂ ਵਿੱਚੋਂ ਇਕ ਹੈ ਤੇ ਵਿਸਕੀ ਦਾ ਸਭ ਤੋਂ ਵੱਡਾ ਖਪਤਕਾਰ ਹੈ। ਕੁਝ ਸ਼ਰਾਬ ਬਾਜ਼ਾਰਾਂ ਵਿਚ ਵਿਸਕੀ ਦੀ ਹਿੱਸੇਦਾਰੀ ਲਗਪਗ 80% ਹੈ। ਇਸ ਦਾ ਵਪਾਰ ਪਹਿਲਾਂ 40500 ਕਰੋੜ ਰੁਪਏ ਦਾ ਹੁੰਦਾ ਸੀ ਜੋ ਹੁਣ 54000 ਕਰੋੜ ਰੁਪਏ ਦਾ ਪੱਧਰ ਵੀ ਪਾਰ ਕਰ ਚੁੱਕਿਆ ਹੈ। ਜਰਮਨੀ ’ਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ ਲਗਪਗ 12 ਲੀਟਰ ਸਾਲਾਨਾ ਹੈ। ਬੀਰਮ ਲੀਟਰ ਸ਼ੁੱਧ ਅਲਕੋਹਲ ਯਾਨੀ 500 ਬੋਤਲਾਂ ਬੀਅਰ ਪ੍ਰਤੀ ਵਿਅਕਤੀ।
ਯੂਕੇ ਯਾਨੀ ਯੂਨਾਈਟਿਡ ਕਿੰਗਡਮ ਅਤੇ ਸਲੋਵੇਨੀਆ ਵਿਚ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਖਪਤ 11.6 ਲੀਟਰ ਸਾਲਾਨਾ ਹੈ। ਆਇਰਲੈਂਡ ਤੇ ਲਗਜ਼ਮਬਰਗ ਦੇ ਲੋਕ ਜਰਮਨੀ ਨਾਲੋਂ ਵੀ ਜ਼ਿਆਦਾ ਅਲਕੋਹਲ ਪੀਂਦੇ ਹਨ। ਬੇਲਾਰੂਸ ਦਾ ਨੰਬਰ ਤਾਂ ਪਹਿਲਾ ਹੀ ਹੈ, ਉੱਥੇ ਸਾਲ ਭਰ ਵਿਚ ਇਕ ਵਿਅਕਤੀ 17.5 ਲੀਟਰ ਸ਼ੁੱਧ ਅਲਕੋਹਲ ਪੀਂਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸ਼ੁੱਧ ਅਲਕੋਹਲ ਦੀ ਵਰਤੋਂ ਵਿਚ ਪਾਕਿਸਤਾਨ, ਕੁਵੈਤ, ਲੀਬੀਆ ਅਤੇ ਮਾਰੀਤਾਨੀਆ ਸਭ ਤੋਂ ਹੇਠਾਂ ਹਨ। ਉੱਥੇ ਪ੍ਰਤੀ ਵਿਅਕਤੀ ਸ਼ੁੱਧ ਅਲਕੋਹਲ ਦੀ ਵਰਤੋਂ ਦਰ 100 ਮਿਲੀਲੀਟਰ ਪ੍ਰਤੀ ਸਾਲ ਹੈ।
ਸ਼ਰਾਬ ਅਨੇਕ ਕਰੋੜਪਤੀਆਂ ਨੂੰ ਕੰਗਾਲ ਬਣਾ ਚੁੱਕੀ ਹੈ। ਮੱਧ ਵਰਗ ਵੀ ਅਮੀਰਾਂ ਦੀ ਰੀਸ ਕਰਕੇ ਮਹਿੰਗੀਆਂ ਤੇ ਵਿਦੇਸ਼ੀ ਸ਼ਰਾਬਾਂ ਪੀਣ ਦੇ ਚੱਕਰ ਵਿਚ ਘਰ ਦੀ ਕੱਢੀ ਪੀਣ ਜੋਗੇ ਵੀ ਨਹੀਂ ਰਹਿੰਦੇ, ਫਿਰ ਸਸਤੀ ਸ਼ਰਾਬ ਦੇ ਚੱਕਰ ਵਿਚ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਘਰਾਂ, ਖੇਤਾਂ ਤੇ ਮੋਟਰਾਂ ਉੱਪਰ ਬਣਾਈ ਸ਼ਰਾਬ ਨੂੰ ਘਰ ਦੀ ਕੱਢੀ ਜਾਂ ਕੱਚੀ ਦਾਰੂ, ਰੂੜੀ ਮਾਅਰਕਾ ਆਖਿਆ ਜਾਂਦਾ ਹੈ।
ਗੋਆ ਵਿਚ ਕੱਚੀ ਸ਼ਰਾਬ ਨੂੰ ਫੇਨੀ ਅਤੇ ਮੁੰਬਈ ਵਿਚ ਇਸ ਨੂੰ ਠਰ੍ਹਾ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਦਰਿਆਵਾਂ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖ-ਵੱਖ ਨਾਂ ਹੁੰਦੇ ਹਨ, ਉਸੇ ਤਰ੍ਹਾਂ ਕੱਚੀ ਸ਼ਰਾਬ ਦੇ ਵੀ ਵੱਖ-ਵੱਖ ਇਲਾਕਿਆਂ ਵਿਚ ਵੱਖ-ਵੱਖ ਨਾਂ ਹਨ ਤੇ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਵੀ ਵੱਖ-ਵੱਖ ਹੈ। ਪੰਜਾਬ ਵਿਚ ਤਾਂ ਸਕੂਲਾਂ ਨਾਲੋਂ ਜ਼ਿਆਦਾ ਗਿਣਤੀ ਠੇਕਿਆਂ ਦੀ ਹੈ। ਇਸ ਤੋਂ ਇਲਾਵਾ ਗਾਣਿਆਂ ਵਿਚ ਵੀ ਸ਼ਰਾਬ ਦਾ ਪ੍ਰਚਾਰ ਕੀਤਾ ਜਾਂਦਾ ਹੈ। ਫਿਲਮਾਂ ਵਿਚ ਵੀ ਇਸ ਨੂੰ ਹੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਹਰ ਦਿਨ ਅਨੇਕ ਹਾਦਸੇ ਸ਼ਰਾਬ ਦੇ ਸੇਵਨ ਕਾਰਨ ਵਾਪਰਦੇ ਹਨ। ਸ਼ਰਾਬੀ ਡਰਾਈਵਰ ਖ਼ੁਦ ਤਾਂ ਮਰਦਾ ਹੀ ਹੈ, ਆਪਣੇ ਨਾਲ ਉਹ ਹੋਰਨਾਂ ਨੂੰ ਵੀ ਲੈ ਬਹਿੰਦਾ ਹੈ। ਸ਼ਰਾਬ ਪੀਣ ਦੇ ਬਹੁਤ ਨੁਕਸਾਨ ਹਨ। ਸ਼ਰਾਬੀ ਦੀ ਕੋਈ ਇੱਜ਼ਤ ਨਹੀਂ ਕਰਦਾ। ਸ਼ਰਾਬ ਦੇ ਚੱਕਰ ਵਿਚ ਉਸ ਦਾ ਘਰ ਉੱਜੜ ਜਾਂਦਾ ਹੈ। ਬੱਚੇ ਰੁਲ ਜਾਂਦੇ ਹਨ।
ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਮੇਂ-ਸਮੇਂ ’ਤੇ ਸ਼ਰਾਬ ਵਿਰੁੱਧ ਪ੍ਰਦਰਸ਼ਨ ਵੀ ਹੁੰਦੇ ਰਹਿੰਦੇ ਹਨ। ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ ਉੱਪਰ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣੇ ਮੁੰਡਨ ਕਰਵਾ ਲਏ ਸਨ। ਚੰਦਰਪੁਰ ਇਕ ਅਜਿਹਾ ਇਲਾਕਾ ਹੈ ਜਿੱਥੇ ਘੋਰ ਗ਼ਰੀਬੀ ਹੈ ਪਰ ਇਸ ਦੇ ਬਾਵਜੂਦ ਇਸ ਇਲਾਕੇ ਦੇ ਵੱਡੀ ਗਿਣਤੀ ਮਰਦ ਦੇਸੀ ਦਾਰੂ ਪੀਣ ਦੇ ਸ਼ੌਕੀਨ ਹਨ।
ਹਰਿਆਣਾ ਵਿਚ ਵੀ ਕੁਝ ਸਾਲ ਪਹਿਲਾਂ ਔਰਤਾਂ ਨੇ ਸ਼ਰਾਬ ਵਿਰੁੱਧ ਝੰਡਾ ਚੁੱਕਿਆ ਸੀ ਅਤੇ ਉਸ ਸਮੇਂ ਦੀ ਸਰਕਾਰ ਨੇ ਹਰਿਆਣਾ ’ਚ ਸ਼ਰਾਬਬੰਦੀ ਕਰ ਦਿੱਤੀ ਸੀ ਪਰ ਉਸ ਫ਼ੈਸਲੇ ਦੇ ਦੋ ਕੁ ਸਾਲਾਂ ਮਗਰੋਂ ਸਰਕਾਰ ਨੂੰ ਸ਼ਰਾਬਬੰਦੀ ਵਾਲਾ ਫ਼ੈਸਲਾ ਵਾਪਸ ਲੈਣਾ ਪਿਆ ਸੀ ਕਿਉਂਕਿ ਇਕ ਤਾਂ ਸਰਕਾਰ ਦੀ ਆਮਦਨ ਘਟ ਗਈ ਸੀ ਤੇ ਉਸ ਨੇ ਲੋਕਾਂ ’ਤੇ ਟੈਕਸ ਬਹੁਤ ਲਗਾ ਦਿੱਤੇ ਸਨ। ਨਕਲੀ ਤੇ ਤਸਕਰੀ ਵਾਲੀ ਸ਼ਰਾਬ ਹਰਿਆਣਾ ’ਚ ਬਹੁਤ ਵਿਕਣ ਲੱਗੀ ਸੀ। ਪੰਜਾਬ ’ਚ ਵੀ ਕਦੇ-ਕਦਾਈਂ ਸ਼ਰਾਬ ਵਿਰੁੱਧ ਪ੍ਰਦਰਸ਼ਨ ਹੋ ਜਾਂਦੇ ਹਨ ਪਰ ਇਸ ਦਾ ਲੋੜੀਂਦਾ ਨਤੀਜਾ ਕਦੇ ਨਹੀਂ ਨਿਕਲਿਆ। ਸ਼ਰਾਬ ਪੀਣਾ ਇਕ ਬੁਰਾਈ ਹੈ। ਸੋ, ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਮੋਬਾਈਲ : 94638-19174
Credit : https://www.punjabijagran.com/editorial/general-home-brewed-liquor-poses-a-threat-to-life-deaths-due-to-toxic-liquor-have-occurred-during-the-war-on-drugs-campaign-9489838.html
test