ਬਿੰਦਰ ਸਿੰਘ ਖੁੱਡੀ ਕਲਾਂ
ਸਮੇਂ ਦੀ ਤਬਦੀਲੀ ਨਾਲ ਮਨੁੱਖ ਦੇ ਖਾਣ ਪੀਣ ਦੇ ਪਦਾਰਥ ਅਤੇ ਖਾਣ ਪੀਣ ਦੀਆਂ ਆਦਤਾਂ ’ਚ ਆਈ ਤਬਦੀਲੀ ਸਭਿਆਚਾਰਕ ਤਬਦੀਲੀ ਦਾ ਸਬੱਬ ਬਣਦੀ ਹੈ। ਕਈ ਵਾਰ ਇਹ ਤਬਦੀਲੀ ਸਮੇਂ ਦੀ ਜ਼ਰੂਰਤ ਹੁੰਦੀ ਹੈ ਅਤੇ ਕਈ ਵਾਰ ਵਾਰ ਵੇਖਾ ਵੇਖੀ ਜਾਂ ਮਹਿਜ਼ ਅਪਣੇ ਰੁਤਬੇ ਦੇ ਪ੍ਰਗਟਾਵੇ ਲਈ ਵੀ ਹੁੰਦੀ ਹੈ। ਕਿਸੇ ਇਕ ਪ੍ਰਵਾਰ ਵਲੋਂ ਅਪਣਾਈ ਤਬਦੀਲੀ ਹੌਲੀ ਹੋਲੀ ਵਿਆਪਕ ਹੋਣ ਲਗਦੀ ਹੈ।
ਸੂਚਨਾ ਤਕਨੀਕ ਦੇ ਆਧੁਨਿਕ ਯੁੱਗ ’ਚ ਇਹ ਤਬਦੀਲੀ ਹੋਰ ਵੀ ਤੇਜ਼ੀ ਨਾਲ ਆਈ ਹੈ। ਪਿੰਡ ਬਣ ਰਹੇ ਸਮੁੱਚੇ ਵਿਸ਼ਵ ’ਚ ਲੋਕ ਇਕ ਦੂਜੇ ਦੇ ਖਾਣ ਪੀਣ ਦੇ ਪਦਾਰਥ ਅਤੇ ਆਦਤਾਂ ਅਪਣਾਉਣ ਲੱਗੇ ਹਨ। ਸਾਡੇ ਸਮਾਜ ’ਚ ਫ਼ਾਸਟ ਫ਼ੂਡ ਦਾ ਤੇਜ਼ੀ ਨਾਲ ਹੋਇਆ ਪਸਾਰਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਪੀਜ਼ੇ, ਬਰਗਰਾਂ, ਮੋਮੋਜ਼ ਅਤੇ ਨਿਊਡਲਜ਼ ਸਮੇਤ ਤਮਾਮ ਫ਼ਾਸਟ ਫ਼ੂਡ ਦੀ ਬਾਜ਼ਾਰਾਂ ’ਚ ਤੂਤੀ ਬੋਲਦੀ ਹੈ। ਲੋਕ ਬਿਨਾਂ ਸਿਹਤ ਦੀ ਪ੍ਰਵਾਹ ਕੀਤੇ ਇਨ੍ਹਾਂ ਪਦਾਰਥਾਂ ਦਾ ਸੇਵਨ ਕਰ ਰਹੇ ਹਨ। ਅਲੋਪ ਹੋਏ ਖਾਧ ਪਦਾਰਥਾਂ ਵਿਚੋਂ ਪਤਾਸਿਆਂ ਦਾ ਨਾਮ ਮੋਹਰੀ ਤੌਰ ’ਤੇ ਲਿਆ ਜਾ ਸਕਦਾ ਹੈ। ਕਿਸੇ ਸਮੇਂ ਖ਼ੁਸ਼ੀਆਂ ਦੇ ਸਮਾਗਮ ਦੌਰਾਨ ਮਿੱਠੇ ਖਾਧ ਪਦਾਰਥ ਵਜੋਂ ਮੋਹਰੀ ਰਹਿਣ ਵਾਲੇ ਪਤਾਸਿਆਂ ਦਾ ਇਸਤੇਮਾਲ ਹੁਣ ਮਹਿਜ਼ ਰਸਮਾਂ ਨਿਭਾਉਣ ਲਈ ਹੀ ਕੀਤਾ ਜਾਂਦਾ ਹੈ। ਨਾਨਕਿਆਂ ਨੂੰ ਵਿਆਹ ਸ਼ਾਦੀ ਦਾ ਸੱਦਾ ਪੱਤਰ ਭੇਜਣ ਸਮੇਤ ਇੱਕਾ ਦੁੱਕਾ ਹੋਰ ਰਸਮਾਂ ਦੀ ਪੂਰਤੀ ਤੋਂ ਬਿਨਾਂ ਪਤਾਸਿਆਂ ਦੀ ਕੋਈ ਪੁਛ ਨਹੀਂ ਰਹੀ।
ਕੋਈ ਸਮਾਂ ਸੀ ਜਦੋਂ ਵਿਆਹ ਦੀਆਂ ਰਸਮਾਂ ਮੰਗਣਾ, ਵਿਆਹ ਅਤੇ ਮੁਕਲਾਵਾ ਵੱਖ-ਵੱਖ ਸਮਿਆਂ ’ਤੇ ਨਿਭਾਈਆਂ ਜਾਂਦੀਆਂ ਸਨ। ਪਰ ਸਾਰੀਆਂ ਰਸਮਾਂ ਏਨੀਆਂ ਸਾਦੀਆਂ ਹੁੰਦੀਆਂ ਸਨ ਕਿ ਲੋਕਾਂ ’ਤੇ ਕਿਸੇ ਕਿਸਮ ਦਾ ਆਰਥਕ ਬੋਝ ਨਹੀਂ ਸੀ ਪੈਂਦਾ। ਅੱਜਕਲ ਦੀ ਰਿੰਗ ਸੈਰੇਮਨੀ ਦੀ ਰਸਮ ਦੀ ਭੇਂਟ ਚੜ੍ਹੀ ਮੰਗਣਾ ਕਰਨ ਦੀ ਰਸਮ ਪੁਰਾਤਨ ਸਮਿਆਂ ’ਚ ਵਿਆਹ ਦੀਆਂ ਜ਼ਰੂਰੀ ਰਸਮਾਂ ਵਿਚੋਂ ਇਕ ਸੀ। ਕਈ ਵਾਰ ਕੇਵਲ ਮੰਗਣਾ ਹੀ ਕੀਤਾ ਜਾਂਦਾ ਸੀ ਅਤੇ ਵਿਆਹ ਉਸ ਤੋਂ ਸਾਲ ਛੇ ਮਹੀਨੇ ਬਾਅਦ ਕੀਤਾ ਜਾਂਦਾ ਸੀ। ਜੇਕਰ ਵਿਆਹ ਵੀ ਕਰਨਾ ਹੁੰਦਾ ਤਾਂ ਅਨੰਦ ਕਾਰਜਾਂ ਤੋਂ ਪਹਿਲੇ ਦਿਨ ਮੰਗਣੇ ਦੀ ਰਸਮ ਅਦਾ ਕੀਤੀ ਜਾਂਦੀ ਸੀ।
ਮੰਗਣਾ ਕਰਨ ਲਈ ਕੁੜੀ ਦੇ ਪ੍ਰਵਾਰ ਵਾਲੇ ਸ਼ਗਨ ਦੀਆਂ ਰਸਮਾਂ ਕਰਨ ਲਈ ਮੁੰਡੇ ਦੇ ਪ੍ਰਵਾਰ ਵਾਲਿਆਂ ਦੇ ਘਰ ਪਹੁੰਚਦੇ ਸਨ। ਸ਼ਗਨ ਦੀਆਂ ਰਸਮਾਂ ਔਰਤਾਂ ਦੇ ਸ਼ਗਨਾਂ ਦੇ ਗੀਤਾਂ ਦਰਮਿਆਨ ਘਰ ਵਿਚ ਹੀ ਹੁੰਦੀਆਂ ਸਨ। ਸ਼ਗਨ ਕਰਨ ਲਈ ਮੰਗਣੇ ਵਾਲੇ ਲੜਕੇ ਨੂੰ ਨਵੀਂ ਚਾਦਰ ਨਾਲ ਸ਼ਿੰਗਾਰੀ ਕੁਰਸੀ ਉਪਰ ਬਿਠਾਇਆ ਜਾਂਦਾ ਸੀ। ਇਸ ਮੌਕੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਸ਼ਰੀਕੇ ਵਾਲੇ ਵੀ ਹੁਮ-ਹੁਮਾ ਕੇ ਪਹੁੰਚਦੇ ਸਨ। ਮੰਗਣੇ ਵਾਲੇ ਮੁੰਡੇ ਤੋਂ ਇਲਾਵਾ ਬਾਕੀ ਸੱਭ ਮਹਿਮਾਨ ਹੇਠਾਂ ਵਿਛਾਈਆਂ ਦਰੀਆਂ ’ਤੇ ਬੈਠਦੇ ਸਨ। ਬਿਨਾਂ ਡੀਜੇ ਦੇ ਸ਼ੋਰ ਸ਼ਰਾਬੇ ਦੇ ਔਰਤਾਂ ਵਲੋਂ ਗਾਏ ਜਾ ਰਹੇ ਸ਼ਗਨਾਂ ਦੇ ਗੀਤਾਂ ਦੀ ਮਿੱਠੀ-ਮਿੱਠੀ ਧੁਨ ਵਿਚ ਲੜਕੀ ਦਾ ਪਿਤਾ ਲੜਕੇ ਦੀ ਝੋਲੀ ਵਿਚ ਪਤਾਸੇ ਅਤੇ ਛੁਹਾਰੇ ਆਦਿ ਪਾਉਂਦਾ ਸੀ।
ਮੂੰਹ ਨੂੰ ਛੁਹਾਰਾ ਲਗਾਉਣ ਦੇ ਨਾਲ-ਨਾਲ ਵਿੱਤ ਅਨੁਸਾਰ ਸੋਨੇ ਦਾ ਗਹਿਣਾ ਪਹਿਨਾਉਣ ਦਾ ਵੀ ਰਿਵਾਜ ਪ੍ਰਚਲਤ ਸੀ। ਲੜਕੀ ਵਾਲਿਆਂ ਦੇ ਨਾਲ-ਨਾਲ ਲੜਕੇ ਦੀ ਮਾਂ ਅਤੇ ਭੈਣਾਂ ਵੀ ਵਿਸ਼ੇਸ਼ ਰਸਮਾਂ ਨਿਭਾਇਆ ਕਰਦੀਆਂ ਸਨ। ਪ੍ਰਵਾਰ ਦੀਆਂ ਰਸਮਾਂ ਉਪਰੰਤ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਪਿੰਡ ਵਿਚੋਂ ਆਏ ਸ਼ਰੀਕੇ ਵਾਲੇ ਲੋਕ ਲੜਕੇ ਦੀ ਝੋਲੀ ਵਿਚ ਸ਼ਗਨ ਪਾਉਂਦੇ ਸਨ। ਮੰਗਣੇ ’ਤੇ ਪਹੁੰਚਣ ਵਾਲਿਆਂ ਲਈ ਅੱਜ ਵਾਂਗ ਮਹਿੰਗੇ ਪਕਵਾਨ ਨਹੀਂ ਸਨ ਤਿਆਰ ਕੀਤੇ ਜਾਂਦੇ। ਚਾਹ ਨਾਲ ਲੱਡੂ, ਜਲੇਬੀਆਂ ਅਤੇ ਤਿਆਰ ਹੋਰ ਭਾਜੀ ਆਦਿ ਨਾਲ ਹੀ ਮਹਿਮਾਨ ਨਿਵਾਜੀ ਕੀਤੀ ਜਾਂਦੀ ਸੀ। ਕਈ ਪ੍ਰਵਾਰ ਹਲਵਾਈ ਤੋਂ ਪਕੌੜੇ ਆਦਿ ਵੀ ਤਿਆਰ ਕਰਵਾ ਲਿਆ ਕਰਦੇ ਸਨ। ਲੜਕੀ ਵਾਲਿਆਂ ਲਈ ਮੰਗਣੇ ਉਪਰੰਤ ਹੀ ਜਦਕਿ ਰਿਸ਼ਤੇਦਾਰਾਂ ਸਮੇਤ ਦੋਸਤਾਂ-ਮਿੱਤਰਾਂ ਅਤੇ ਸ਼ਰੀਕੇ ਵਾਲਿਆਂ ਲਈ ਸ਼ਾਮ ਦੇ ਸਮੇਂ ਸ਼ਰਾਬ ਦਾ ਦੌਰ ਤਕਰੀਬਨ ਹਰ ਪ੍ਰਵਾਰ ਵਲੋਂ ਚਲਾਇਆ ਜਾਂਦਾ ਸੀ। ਸ਼ਾਮ ਦੇ ਸਮੇਂ ਕੋਠੇ ’ਤੇ ਵਜਦੇ ਸਪੀਕਰ ਦੇ ਗੀਤਾਂ ਦੀ ਧੁਨ ਅਤੇ ਲੋਰ ’ਚ ਆਏ ਮਹਿਮਾਨਾਂ ਦੇ ਦ੍ਰਿਸ਼ ਵਖਰਾ ਹੀ ਨਜ਼ਾਰਾ ਬੰਨਿ੍ਹਆ ਕਰਦੇ ਸਨ।
ਮੰਗਣੇ ’ਤੇ ਪਹੁੰਚਣ ਵਾਲੇ ਸ਼ਰੀਕੇ ਦੇ ਲੋਕਾਂ ਲਈ ਪਤਾਸਿਆਂ ਦੇ ਛੋਟੇ ਛੋਟੇ ਲਿਫ਼ਾਫ਼ੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਜਾਂਦੇ ਸਨ। ਕਾਗ਼ਜ਼ ਦੇ ਛੋਟੇ ਛੋਟੇ ਲਿਫ਼ਾਫ਼ਿਆਂ ’ਚ ਭਰੇ ਪਤਾਸਿਆਂ ਨੂੰ ਟੋਕਰਿਆਂ ਵਿਚ ਟਿਕਾ ਘਰ ਦੇ ਮੁੱਖ ਦਰਵਾਜ਼ੇ ਕੋਲ ਰੱਖ ਲਿਆ ਜਾਂਦਾ ਸੀ। ਮੰਗਣੇ ਦਾ ਸ਼ਗਨ ਦੇਣ ਉਪਰੰਤ ਵਾਪਸ ਜਾ ਰਹੇ ਸ਼ਰੀਕੇ ਦੇ ਹਰ ਬੰਦੇ ਨੂੰ ਪਤਾਸਿਆਂ ਵਾਲਾ ਲਿਫ਼ਾਫ਼ਾ ਦੇਣ ਲਈ ਬਹੁਤ ਹੀ ਜ਼ਿੰਮੇਵਾਰ ਬੰਦਿਆਂ ਦੀ ਡਿਊਟੀ ਲਗਾਈ ਜਾਂਦੀ ਸੀ। ਪਤਾਸਿਆਂ ਵਾਲੇ ਲਿਫ਼ਾਫ਼ੇ ਲਈ ਬੈਠੇ ਇਹ ਬੰਦੇ ਪਰਤ ਰਹੇ ਹਰ ਬੰਦੇ ਨੂੰ ਲਿਫ਼ਾਫ਼ਾ ਦਿੰਦੇ ਸਨ ਅਤੇ ਘਰਾਂ ਵਿਚ ਬੱਚਿਆਂ ਨੂੰ ਪਤਾਸਿਆਂ ਵਾਲਾ ਲਿਫ਼ਾਫ਼ਾ ਲੈ ਕੇ ਪਰਤਣ ਵਾਲੇ ਪ੍ਰਵਾਰਕ ਮੈਂਬਰ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਉਨ੍ਹਾਂ ਸਮਿਆਂ ’ਚ ਪਤਾਸਿਆਂ ਵਾਲਾ ਇਹ ਛੋਟਾ ਜਿਹਾ ਲਿਫ਼ਾਫ਼ਾ ਖ਼ੁਸ਼ੀਆਂ ਦਾ ਵੱਡਾ ਖ਼ਜ਼ਾਨਾ ਹੁੰਦਾ ਸੀ। ਬੱਚੇ ਬੜੇ ਚਾਅ ਨਾਲ ਪਤਾਸੇ ਖਾਂਦੇ ਸਨ। ਪਰ ਅੱਜਕਲ ਮੰਗਣੇ ਦੀ ਰਸਮ ਪੂਰੀ ਤਰ੍ਹਾਂ ਨਾਲ ਅਪਣਾ ਰੂਪ ਵਟਾ ਚੁੱਕੀ ਹੈ। ਕੇਵਲ ਮੰਗਣਾ ਕਰਨ ਦੀ ਰਸਮ ਹੁਣ ਕਿਸੇ ਮਹਿੰਗੇ ਹੋਟਲ ’ਚ ਰਿੰਗ ਸੈਰੇਮਨੀ ਕਰ ਕੇ ਨਿਭਾਈ ਜਾਣ ਲੱਗੀ ਹੈ।
ਅਜੋਕੇ ਸਮਿਆਂ ਦੀ ਇਹ ਰਿੰਗ ਸੈਰੇਮਨੀ ਪੁਰਾਤਨ ਸਮਿਆਂ ਦੇ ਵਿਆਹਾਂ ਨਾਲੋਂ ਕਈ ਗੁਣਾਂ ਖ਼ਰਚੀਲੀ ਹੁੰਦੀ ਹੈ। ਬੱਸ ਲੋਕਾਂ ਦੀ ਇਕੱਤਰਤਾ ਨੂੰ ਛੱਡ ਕੇ ਬਾਕੀ ਸਾਰੇ ਪ੍ਰਬੰਧ ਵਿਆਹ ਵਾਲੇ ਹੀ ਹੁੰਦੇ ਹਨ। ਪੁਰਾਤਨ ਸਮਿਆਂ ਦੇ ਵਿਆਹਾਂ ’ਚ ਬਣਨ ਵਾਲੇ ਖਾਣੇ ਵਰਾਇਟੀ ਪੱਖੋਂ ਘੱਟ ਅਤੇ ਤੇਜ਼ ਮਸਾਲਿਆਂ ਤੋਂ ਵੀ ਰਹਿਤ ਹੋਣ ਕਾਰਨ ਸਿਹਤ ਲਈ ਨੁਕਸਾਨਦੇਹ ਨਹੀਂ ਸਨ ਹੁੰਦੇ। ਜਦਕਿ ਅਜੋਕੇ ਸਮਿਆਂ ਦੇ ਵਿਆਹਾਂ ’ਚ ਤੇਜ਼ ਮਸਾਲੇਦਾਰ ਪਕਵਾਨਾਂ ਦੀ ਬਹੁਤ ਜ਼ਿਆਦਾ ਵਰਾਇਟੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਵਿਆਹ ਸਮਾਗਮ ਤੋਂ ਵਾਪਸੀ ਉਪਰੰਤ ਹੁਣ ਬਹੁਗਿਣਤੀ ਲੋਕ ਬਿਮਾਰ ਹੁੰਦੇ ਹਨ। ਖ਼ੈਰ ਬਹੁਤ ਪਿੱਛੇ ਰਹਿ ਗਈ ਪਤਾਸਿਆਂ ਦੀ ਮਿਠਾਸ ਦੇ ਜ਼ਮਾਨੇ ਨੂੰ ਵਾਪਸ ਲਿਆਉਣਾ ਤਾਂ ਸੰਭਵ ਨਹੀਂ,ਪਰ ਚੇਤਿਆਂ ’ਚ ਜ਼ਰੂਰ ਵਸਾਇਆ ਜਾ ਸਕਦਾ ਹੈ।
ਸੰਪਰਕ : 98786-05965
ਆਭਾਰ : https://www.rozanaspokesman.in/lifestyle/other-lifestyle/150425/gone-are-the-days-of-envelopes-with-money-on-them-for-marriage-proposa.html
test