ਸ੍ਰੀਰਾਮ ਚੌਲੀਆ
ਇਸ ਦੇ ਬਾਵਜੂਦ ਤੱਥ ਇਹ ਵੀ ਹੈ ਕਿ ਸਾਰੀਆਂ ਵੱਡੀਆਂ ਸ਼ਕਤੀਆਂ ਚਾਹੁੰਦੀਆਂ ਹਨ ਕਿ ਭਾਰਤ-ਪਾਕਿਸਤਾਨ ਤਣਾਅ ਕਿਸੇ ਜੰਗ ਵਿਚ ਨਾ ਬਦਲੇ। ਯਾਨੀ ਕਿ ਭਾਰਤ ਜਵਾਬੀ ਮੁੱਕਾ ਮਾਰੇ ਵੀ ਤਾਂ ਅਜਿਹਾ ਮਾਰੇ ਕਿ ਉਹ ਕਾਬੂ ਰਹੇ ਅਤੇ ਬਿਲਕੁਲ ਨਪਿਆ-ਤੁਲਿਆ ਵੀ ਹੋਵੇ।
ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਮਾਧਿਅਮ ਨਾਲ ਇਕ ਤੀਰ ਨਾਲ ਦੋ ਸ਼ਿਕਾਰ ਕੀਤੇ ਹਨ। ਸਭ ਤੋਂ ਪਹਿਲਾਂ ਤਾਂ ਇਸ ਅਦੁੱਤੀ ਫ਼ੌਜੀ ਕਾਰਵਾਈ ਨਾਲ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿ ਪਹਿਲਗਾਮ ਜਾਂ ਅਜਿਹੇ ਕਿਸੇ ਹੋਰ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਜਹਾਦੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਦੀ ਭਾਰਤ ਕੋਲ ਇੱਛਾ-ਸ਼ਕਤੀ ਅਤੇ ਢੁੱਕਵੀਆਂ ਸਮਰੱਥਾਵਾਂ ਹਨ।
ਜਿਸ ਉੱਨਤ ਤਕਨਾਲੋਜੀ, ਸਟੀਕ ਹਥਿਆਰਾਂ ਅਤੇ ਪੂਰੀ ਮੁਹਾਰਤ ਨਾਲ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਵਾਬੀ ਹਮਲਾ ਕੀਤਾ, ਉਸ ਤੋਂ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਅੱਤਵਾਦ ਜੇਕਰ ਆਪਣੇ ਖੰਭ ਖਿਲਾਰੇਗਾ ਤਾਂ ਭਾਰਤ ਵੱਲੋਂ ਉਨ੍ਹਾਂ ਨੂੰ ਕੁਤਰਨ ਵਿਚ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਉਹ ਇਹ ਗੱਲ ਜਿੰਨੀ ਜਲਦੀ ਸਮਝ ਲਵੇ ਤਾਂ ਚੰਗਾ ਹੈ ਕਿ ਉਸ ਦੇ ਆਕਾ ਉਸ ਨੂੰ ਜ਼ਿਆਦਾ ਦੇਰ ਤੱਕ ਬਚਾਅ ਨਹੀਂ ਸਕਣਗੇ।
ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਭਾਰਤ ਨੇ ਪਾਕਿਸਤਾਨ ਅੱਗੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਹਿਮਾਕਤ ਤੋਂ ਪਹਿਲਾਂ ਸੋਚ ਲਵੇ ਕਿ ਇਸ ਦੀ ਉਸ ਨੂੰ ਕਿੰਨੀ ਕੀਮਤ ਤਾਰਨੀ ਪਵੇਗੀ ਅਤੇ ਉਹ ਕਦ ਤੱਕ ਆਪਣੀ ਦੁਰਗਤੀ ਕਰਵਾਉਂਦਾ ਰਹੇਗਾ। ਇਸ ਤੋਂ ਪਹਿਲਾਂ 2016 ਵਿਚ ਉੜੀ ਅਤੇ 2019 ਵਿਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਜਵਾਬੀ ਹਮਲੇ ਨਾਲ ਇਹੀ ਦਰਸਾਇਆ ਸੀ ਕਿ ਹੁਣ ਉਹ ਸਾਫਟ ਸਟੇਟ ਨਹੀਂ ਰਿਹਾ ਕਿ ਹਮਲਿਆਂ ਤੋਂ ਬਾਅਦ ਵੀ ਹੱਥ ’ਤੇ ਹੱਥ ਧਰ ਕੇ ਬੈਠਾ ਰਹੇ। ਹੁਣ ਇਕੱਠੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਨਾਲ ਪਾਕਿਸਤਾਨ ਨੂੰ ਇਹ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਕਿ ਅੱਤਵਾਦ ਨਾਲ ਜੂਝਣ ਦੇ ਰਾਹ ਵਿਚ ਭਾਰਤ ਕੋਈ ਵੀ ਜੋਖ਼ਮ ਲੈਣ ਨੂੰ ਤਿਆਰ ਹੈ। ਇਕ ਤਰ੍ਹਾਂ ਨਾਲ ਭਾਰਤ ਨੇ ਪਾਕਿਸਤਾਨ ਨੂੰ ਲਲਕਾਰਿਆ ਹੈ ਕਿ ਆਪਣੀ ਡਗਮਗਾਉਂਦੀ ਅਰਥ-ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਉਹ ਆਪਣੀ ਹੱਦ ਵਿਚ ਰਹੇ ਤਾਂ ਬਿਹਤਰ ਹੋਵੇਗਾ, ਨਹੀਂ ਤਾਂ ਉਸ ਨੂੰ ਸਬਕ ਸਿਖਾਉਣ ਵਿਚ ਕੋਈ ਕੋਰ-ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪਾਕਿਸਤਾਨੀ ਫ਼ੌਜੀ ਅਦਾਰਿਆਂ ਦੇ ਬੇਤੁਕੇ ਤਰਕਾਂ ਵਾਲੀ ਅਤੇ ਜਹਾਦੀ ਵਿਚਾਰਧਾਰਾ ਨੂੰ ਦੇਖਦੇ ਹੋਏ ਕੀ ਉਹ ਸਬਕ ਸਿੱਖੇਗਾ ਅਤੇ ਦਹਾਕਿਆਂ ਤੋਂ ਕਸ਼ਮੀਰ ਅਤੇ ਇਸਲਾਮ ਦੇ ਨਾਂ ’ਤੇ ਚਲਾਈ ਜਾ ਰਹੀ ਆਪਣੀ ਲੁਕਵੀਂ ਜੰਗ ਤੋਂ ਗੁਰੇਜ਼ ਕਰੇਗਾ? ਇਸ ਦਾ ਉੱਤਰ ਤਾਂ ਭਵਿੱਖ ਦੇ ਗਰਭ ਵਿਚ ਹੈ ਪਰ ਪਾਕਿਸਤਾਨ ਦੇ ਮੂਲ ਚਰਿੱਤਰ ਨੂੰ ਦੇਖਦੇ ਹੋਏ ਇਹ ਸੰਭਵ ਨਹੀਂ ਲੱਗਦਾ।
ਇਸ ਮੁਹਾਜ਼ ’ਤੇ ਉਦੋਂ ਤੱਕ ਕੋਈ ਸੰਭਾਵਨਾ ਨਹੀਂ ਜਾਗਣ ਵਾਲੀ ਜਦ ਤੱਕ ਪਾਕਿਸਤਾਨ ਦੇ ਅੰਦਰ ਫ਼ੌਜੀ ਅਦਾਰੇ ਦਾ ਦੇਸ਼ ’ਤੇ ਕੰਟਰੋਲ ਸਮਾਪਤ ਨਾ ਹੋ ਜਾਵੇ। ਸੰਭਵ ਤੌਰ ’ਤੇ ਭਾਰਤ ਦੇ ਨਾਲ ਪੂਰਨ ਜੰਗ ਅਤੇ ਸ਼ਰਮਨਾਕ ਹਾਰ ਨਾਲ ਹੀ ਅਜਿਹਾ ਬੁਨਿਆਦੀ ਬਦਲਾਅ ਹੋਵੇਗਾ। ਹਾਲ-ਫ਼ਿਲਹਾਲ ਤਾਂ ਭਾਰਤ ਦੀ ਕਾਰਵਾਈ ਕਾਰਨ ਰਾਵਲਪਿੰਡੀ ਵਿਚ ਬੈਠੇ ਜਨਰਲਾਂ ਦਾ ਮਿਜ਼ਾਜ ਵਿਗੜੇਗਾ। ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋਵੇਗੀ ਪਰ ਉਹ ਇਹ ਭਲੀਭਾਂਤ ਜਾਣ ਗਏ ਹੋਣਗੇ ਕਿ ਜੇ ਪੁਰਾਣੇ ਢੱਰੇ ’ਤੇ ਚੱਲੇ ਤਾਂ ਅੱਗੇ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਜਹਾਦੀਆਂ ਨੂੰ ਬਹਾਦਰ ਤੇ ਹਿੰਦੂਆਂ ਨੂੰ ਕਮਜ਼ੋਰ ਦੱਸਣ ਵਾਲੇ ਉਨ੍ਹਾਂ ਦੇ ਪ੍ਰਚਾਰ ਦੀ ਹਵਾ ਮੋਦੀ ਯੁੱਗ ਵਿਚ ਪੂਰੀ ਤਰ੍ਹਾਂ ਨਿਕਲ ਗਈ ਹੈ। ‘ਆਪ੍ਰੇਸ਼ਨ ਸਿੰਦੂਰ’ ਦਾ ਦੂਜਾ ਵੱਡਾ ਸੰਦੇਸ਼ ਕੌਮਾਂਤਰੀ ਭਾਈਚਾਰੇ ਲਈ ਹੈ ਜੋ ਪਾਕਿਸਤਾਨ ’ਤੇ ਦਬਾਅ ਪਾਉਣ ਦੇ ਨਾਲ ਹੀ ਉਸ ਦੇ ਵਿਵਹਾਰ ਵਿਚ ਕੁਝ ਬਦਲਾਅ ਲਿਆ ਸਕਦਾ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਤੋਂ ਹੀ ਭਾਰਤ ਨੇ ਕੂਟਨੀਤਕ ਬਦਲਾਂ ਦੇ ਮਾਧਿਅਮ ਨਾਲ ਵੱਡੀਆਂ ਮਹਾ-ਸ਼ਕਤੀਆਂ ਦੇ ਅੱਗੇ ਪਾਕਿਸਤਾਨ ਨੂੰ ਅੱਤਵਾਦ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਅਤੇ ਉਸ ਦੇ ਕਾਲੇ ਕਾਰਨਾਮਿਆਂ ਲਈ ਨਿਆਂ ਦੀ ਮੰਗ ਕੀਤੀ। ਇਸ ਕਵਾਇਦ ਵਿਚ ਪ੍ਰਤੀਕਰਮ ਕੁਝ ਹੱਦ ਤੱਕ ਮਿਸ਼ਰਤ ਸਨ ਜਿਸ ਵਿਚ ਅਮਰੀਕਾ, ਯੂਰਪ ਅਤੇ ਇੱਥੋਂ ਤੱਕ ਕਿ ਪਾਕਿਸਤਾਨ ਦੇ ਸਭ ਤੋਂ ਚੰਗੇ ਮਿੱਤਰ ਚੀਨ ਨੇ ਪਹਿਲਗਾਮ ਕਤਲੇਆਮ ਦੀ ਨਿੰਦਾ ਕੀਤੀ। ਹਾਲਾਂਕਿ ਕੁਝ ਨੇ ਇਹ ਬੇਨਤੀ ਵੀ ਕੀਤੀ ਕਿ ਭਾਰਤ ਤੇ ਪਾਕਿਸਤਾਨ ਆਪਣੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਪਰ ਉਹ ਇਸ ਗੱਲੋਂ ਅਣਜਾਣ ਹਨ ਕਿ ਪਾਕਿਸਤਾਨ ਜਹਾਦੀ ਅਨਸਰਾਂ ਦੀ ਪੁਸ਼ਤ-ਪਨਾਹੀ ਕਰਦਾ ਹੋਇਆ ਭਾਰਤ ਵਿਰੁੱਧ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦਾ ਹੈ।
ਜ਼ਿਆਦਾਤਰ ਦੇਸ਼ ਇਸ ਸਮੱਸਿਆ ਨੂੰ ਕਸ਼ਮੀਰ ਦੀ ਮਾਲਕੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਖੇਤਰੀ ਵਿਵਾਦ ਦੇ ਰੂਪ ਵਿਚ ਦੇਖਦੇ ਹਨ। ਉਹ ਇਹ ਜਾਣਦੇ ਹਨ ਕਿ ਦੋਵੇਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹਨ। ਇਸੇ ਲਈ ਕਿਸੇ ਵੀ ਤਣਾਅ ਦੇ ਸਮੇਂ ਉਨ੍ਹਾਂ ਦਾ ਆਮ ਪ੍ਰਤੀਕਰਮ ਇਹੀ ਹੁੰਦਾ ਹੈ ਕਿ ਆਪਸੀ ਸੰਜਮ ਰੱਖ ਕੇ ਗੱਲਬਾਤ ਨਾਲ ਹੀ ਵਿਵਾਦ ਸੁਲਝਾਉਣ।
ਭਾਰਤ ਵਿਚ ਅਕਸਰ ਅਜਿਹੇ ਸੁਰ ਬੇਸੁਰੇ ਲੱਗਦੇ ਹਨ ਕਿ ਅੱਤਵਾਦ ਤੋਂ ਪੀੜਤ ਹੋਣ ਤੋਂ ਬਾਅਦ ਵੀ ਉਹੀ ਸੰਜਮ ਦਿਖਾਏ। ਮੋਦੀ ਸਰਕਾਰ ਤੋਂ ਪਹਿਲਾਂ ਦੀਆਂ ਸਰਕਾਰਾਂ ਵਿਚ ਤਾਂ ਇਹੀ ਵਤੀਰਾ ਅਪਣਾਇਆ ਵੀ ਜਾਂਦਾ ਰਿਹਾ ਸੀ ਜਿਸ ਕਾਰਨ ਪਾਕਿਸਤਾਨ ਦੇ ਹੌਸਲੇ ਹੋਰ ਵਧਦੇ ਗਏ। ਬੀਤੇ 11 ਸਾਲਾਂ ਵਿਚ ਭਾਰਤ ਨੇ ਚਰਚਾ ਕੀਤੀ ਵਿਸ਼ਾ-ਵਸਤੂ ਨੂੰ ਖੇਤਰੀ ਸੰਘਰਸ਼ ਤੋਂ ਹਟਾ ਕੇ ਉਸ ਨੂੰ ਅੱਤਵਾਦ ਵਿਰੁੱਧ ਜੰਗ ਵਿਚ ਬਦਲਣ ਦਾ ਯਤਨ ਕੀਤਾ ਹੈ ਜੋ ਬਹੁਤ ਹੱਦ ਤੱਕ ਸਫਲ ਵੀ ਹੋਇਆ ਹੈ । ਭਾਰਤ ਦੇ ਕਰੀਬੀ ਦੋਸਤ ਦੇਸ਼ਾਂ ਵਿਚ ਸਾਡੇ ਦ੍ਰਿਸ਼ਟੀਕੋਣ ਪ੍ਰਤੀ ਹਮਦਰਦੀ ਵਧੀ ਹੈ ਅਤੇ ਕਈ ਫ਼ੌਜੀ ਜੋਟੀਦਾਰਾਂ ਤੋਂ ਅੱਤਵਾਦ ਵਿਰੁੱਧ ਲੜਨ ਵਾਸਤੇ ਫ਼ੌਜੀ ਤੇ ਖ਼ੁਫ਼ੀਆ ਸਹਾਇਤਾ ਵੀ ਮਿਲੀ ਹੈ। ਇਸ ਦੇ ਬਾਵਜੂਦ ਤੱਥ ਇਹ ਵੀ ਹੈ ਕਿ ਸਾਰੀਆਂ ਵੱਡੀਆਂ ਸ਼ਕਤੀਆਂ ਚਾਹੁੰਦੀਆਂ ਹਨ ਕਿ ਭਾਰਤ-ਪਾਕਿਸਤਾਨ ਤਣਾਅ ਕਿਸੇ ਜੰਗ ਵਿਚ ਨਾ ਬਦਲੇ। ਯਾਨੀ ਕਿ ਭਾਰਤ ਜਵਾਬੀ ਮੁੱਕਾ ਮਾਰੇ ਵੀ ਤਾਂ ਅਜਿਹਾ ਮਾਰੇ ਕਿ ਉਹ ਕਾਬੂ ਰਹੇ ਅਤੇ ਬਿਲਕੁਲ ਨਪਿਆ-ਤੁਲਿਆ ਵੀ ਹੋਵੇ।
ਇਸ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਸੰਕਟ ਦੌਰਾਨ ਭਾਰਤ ਨੇ ਪਾਕਿਸਤਾਨ ਵਿਰੁੱਧ ਤਣਾਅ ਦਾ ਦਾਇਰਾ ਵਧਣ ’ਤੇ ਵੀ ਆਪਣੇ ਜਵਾਬੀ ਕਦਮਾਂ ਨੂੰ ਕਾਬੂ ਅਤੇ ਟੀਚਾ ਆਧਾਰਤ ਰੱਖਿਆ ਤਾਂ ਕਿ ਪਾਕਿਸਤਾਨ ਨੂੰ ਕੋਈ ਬੇਹੂਦਾ ਬਹਾਨੇਬਾਜ਼ੀ ਦਾ ਮੌਕਾ ਨਾ ਮਿਲ ਸਕੇ ਅਤੇ ਉਹ ਇਸ ਮੁੱਦੇ ’ਤੇ ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਨਾ ਕਰ ਸਕੇ। ਪਾਕਿਸਤਾਨੀ ਫ਼ੌਜੀ ਅਤੇ ਨਾਗਰਿਕਾਂ ਦੇ ਆਉਣ-ਜਾਣ ਵਾਲੀਆਂ ਥਾਵਾਂ ਨੂੰ ਸਿੱਧਾ ਨਿਸ਼ਾਨਾ ਨਾ ਬਣਾ ਕੇ ਭਾਰਤ ਨੇ ਦਿਖਾਇਆ ਕਿ ਉਸ ਕੋਲ ਜਹਾਦ ਦੀ ਗ਼ੈਰ-ਰਵਾਇਤੀ ਚੁਣੌਤੀ ਨਾਲ ਸਿੱਝਣ ਵਾਸਤੇ ਪੂਰਨ ਜੰਗ ਹੀ ਨਹੀਂ, ਉਸ ਤੋਂ ਘੱਟ ਘਾਤਕ, ਪਰ ਓਨੇ ਹੀ ਅਸਰਦਾਰ ਬਦਲ ਵੀ ਹਨ। ‘ਆਪ੍ਰੇਸ਼ਨ ਸਿੰਦੂਰ’ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਵੀ ਪਹਿਲਗਾਮ ਕਤਲੇਆਮ ਦੇ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹਾ ਕਰਨ ਨੂੰ ਲੈ ਕੇ ਵੀ ਆਪਣਾ ਪੱਖ ਪੂਰੀ ਦ੍ਰਿੜ੍ਹਤਾ ਨਾਲ ਰੱਖਿਆ ਸੀ।
ਗ਼ੈਰ-ਰਵਾਇਤੀ ਰਣਨੀਤੀ ਤੇ ਦੁਸ਼ਮਣ ਨੂੰ ਹੈਰਾਨ-ਪਰੇਸ਼ਾਨ ਕਰਨ ਵਾਲੇ ਤੌਰ-ਤਰੀਕਿਆਂ ਜ਼ਰੀਏ ਭਾਰਤ ਨਾ ਸਿਰਫ਼ ਆਪਣੀ ਰੱਖਿਆ ਕਰ ਰਿਹਾ ਹੈ ਬਲਕਿ ਅੱਤਵਾਦ ਵਿਰੁੱਧ ਆਲਮੀ ਸੰਘਰਸ਼ ਵਿਚ ਨਵੇਂ ਮਾਪਦੰਡ ਵੀ ਸਥਾਪਤ ਕਰ ਰਿਹਾ ਹੈ। ਜਹਾਦੀ ਸ਼ੈਤਾਨਾਂ ਤੋਂ ਪੀੜਤ ਸਾਰੇ ਦੇਸ਼ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਅਤੇ ਉਸ ਤੋਂ ਬਾਅਦ ਦੇ ਹਾਲਾਤ ਨੂੰ ਬਰੀਕੀ ਨਾਲ ਦੇਖਣਗੇ ਤਾਂ ਭਾਰਤ ਦਾ ਪ੍ਰਤੀਕਰਮ ਉਨ੍ਹਾਂ ਨੂੰ ਸਹੀ ਲੱਗੇਗਾ।
ਭਾਰਤ ਪਾਕਿਸਤਾਨ ਨੂੰ ਉਸ ਦੀ ਹੱਦ ਵਿਚ ਰੱਖਦੇ ਹੋਏ ਆਲਮੀ ਭਾਈਚਾਰੇ ਲਈ ਅਸਰਦਾਰ ਹੱਲ ਪੇਸ਼ ਕਰ ਰਿਹਾ ਹੈ। ਭਾਰਤ ਵਰਗੀ ਵੱਡੀ ਅਤੇ ਉੱਭਰਦੀ ਹੋਈ ਸ਼ਕਤੀ ਦੇ ਤੌਰ-ਤਰੀਕੇ ਕੇਵਲ ਆਤਮ-ਰੱਖਿਆ ਤੱਕ ਸੀਮਤ ਨਹੀਂ ਰਹਿਣਗੇ। ਉਨ੍ਹਾਂ ਦੀ ਧਮਕ ਪੱਛਮੀ ਏਸ਼ੀਆ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਅਫ਼ਰੀਕਾ, ਯੂਰਪ ਅਤੇ ਅਮਰੀਕਾ ਤੱਕ ਪਵੇਗੀ।
ਜਿਵੇਂ ਦੁਨੀਆ ਭਰ ਦੇ ਜਹਾਦੀ ਸੰਗਠਨ ਇਕ-ਦੂਜੇ ਤੋਂ ਪ੍ਰੇਰਨਾ ਅਤੇ ਮਦਦ ਲੈਂਦੇ ਹਨ, ਤਿਵੇਂ ਹੀ ਜਹਾਦ ਵਿਰੁੱਧ ਖੜ੍ਹੀਆਂ ਤਾਕਤਾਂ ਵੀ ਇਕ-ਦੂਜੇ ਤੋਂ ਸਿੱਖਣ ਅਤੇ ਸਹਿਯੋਗ ਕਰਨ ਵਿਚ ਭਰੋਸਾ ਰੱਖਦੀਆਂ ਹਨ। ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਹਮਲੇ ਤੋਂ ਬਾਅਦ ਆਪਣੀ ਜਵਾਬੀ ਕਾਰਵਾਈ ਸਦਕਾ ਭਾਰਤ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਅਸੀਂ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਲੜ -ਮਰ ਰਹੇ ਹਾਂ।
(ਲੇਖਕ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਵਿਚ ਪ੍ਰੋਫੈਸਰ ਅਤੇ ਡੀਨ ਹੈ)
CREDIT : https://www.punjabijagran.com/editorial/general-commitment-to-preventing-terrorism-9487883.html
test