ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ।
‘ਭਾਰਤੀ ਪੁਰਾਤੱਤਵ ਵਿਭਾਗ’ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖਭਾਲ ਸਬੰਧੀ ਠੋਸ ਕਦਮ ਚੁੱਕਣ ਤੇ ਉਨ੍ਹਾਂ ਦੀ ਪੁਨਰ ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾ ਨਹੀਂ ਪਾ ਰਹੀ ਹੈ।
ਸੰਸਾਰ ਪ੍ਰਸਿੱਧ ਹਸਤੀ ਸੈਮੂਅਲ ਹਟਿੰਗਟਨ ਨੇ ਕਿਹਾ ਸੀ,‘‘ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਦਾ ਪਤਾ ਨਹੀਂ ਹੈ, ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ।’’ ਉਸ ਦੇ ਆਖੇ ਇਨ੍ਹਾਂ ਬੋਲਾਂ ਦਾ ਅੱਖਰ-ਅੱਖਰ ਸੱਚ ਹੈ ਤੇ ਵਾਕਿਆ ਹੀ ਇਸ ਸੰਸਾਰ ਵਿਚ ਜਿਨ੍ਹਾਂ ਕੌਮਾਂ ਨੇ ਆਪਣਾ ਵਿਰਸਾ ਅਤੇ ਸੱਭਿਆਚਾਰ ਭੁਲਾ ਦਿੱਤਾ ਜਾਂ ਮਲੀਨ ਕਰ ਦਿੱਤਾ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ ਹੈ।
ਇਸ ਦੇ ਬਿਲਕੁਲ ਉਲਟ ਜਿਨ੍ਹਾਂ ਕੌਮਾਂ ਨੇ ਆਪਣੀ ਬੋਲੀ, ਆਪਣਾ ਪਹਿਰਾਵਾ, ਸੰਸਕਾਰ ਅਤੇ ਵਿਰਸਾ ਸੰਭਾਲਿਆ ਹੈ, ਉਹ ਸਦੀਆਂ ਬੀਤ ਜਾਣ ’ਤੇ ਵੀ ਬੜੇ ਫ਼ਖ਼ਰ ਨਾਲ ਸਿਰ ਉੱਚਾ ਕਰ ਕੇ ਇਸ ਦੁਨੀਆ ਵਿਚ ਵਿਚਰ ਰਹੀਆਂ ਹਨ। ਅੱਜ ‘ਵਿਸ਼ਵ ਵਿਰਾਸਤ ਦਿਵਸ’ ਹੈ ਤੇ ਇਹ ਦਿਵਸ ਆਪਣੇ ਵਿਰਸੇ ਨੂੰ ਪਛਾਣਨ, ਸੰਭਾਲਣ ਤੇ ਸਦਾ ਚੇਤਿਆਂ ਤੇ ਹਕੀਕੀ ਜੀਵਨ ਵਿਚ ਕਾਇਮ ਰੱਖਣ ਦਾ ਦਿਵਸ ਹੈ।
ਅਜੋਕੀ ਨੌਜਵਾਨ ਪੀੜ੍ਹੀ ਜੋ ਆਪਣੇ ਵਿਰਸੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਦਿਆਂ ਹੋਇਆਂ ਉਸ ਦੀ ਸੁਚੱਜੀ ਸੰਭਾਲ ਲਈ ਤਿਆਰ ਕਰਨ ਹਿਤ ਅੱਜ ਤੋਂ ਸੁਭਾਗਾ ਦਿਨ ਕੋਈ ਹੋਰ ਨਹੀਂ ਹੋ ਸਕਦਾ। ਇਹ ਦਿਵਸ ਦੁਨੀਆ ਦੇ ਹਰੇਕ ਮੁਲਕ ਅਤੇ ਹਰੇਕ ਖਿੱਤੇ ’ਚ ਵਸਦੇ ਲੋਕਾਂ ਨੂੰ ਆਪਣੇ ਇਲਾਕੇ ਦੀਆਂ ਵਿਰਾਸਤੀ ਥਾਵਾਂ, ਇਮਾਰਤਾਂ ਤੇ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ।
‘ਕੌਮਾਂਤਰੀ ਵਿਰਾਸਤੀ ਸਮਾਰਕ ਕੌਂਸਲ’ ਨਾਮਕ ਸੰਸਥਾ ਨੇ ਸੰਨ 1982 ਵਿਚ ਟਿਊਨੀਸ਼ੀਆ ਵਿਖੇ ਹੋਏ ਇਕ ਕੌਮਾਂਤਰੀ ਸੈਮੀਨਾਰ ਦੌਰਾਨ ਇਸ ਦਿਵਸ ਨੂੰ ਮਨਾਉਣ ਦਾ ਸੁਝਾਅ ਦਿੱਤਾ ਸੀ ਜਿਸ ਨੂੰ 1983 ਵਿਚ ਯੂਨੈਸਕੋ ਦੀ ਆਮ ਸਭਾ ਦੇ 22ਵੇਂ ਇਜਲਾਸ ਵਿਚ ਪ੍ਰਵਾਨ ਕਰ ਲਿਆ ਗਿਆ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਕੌਂਸਲ ਦੀ ਸਥਾਪਨਾ ਕੌਮਾਂਤਰੀ ਸਮਾਰਕਾਂ ਦੀ ਸੰਭਾਲ ਲਈ ਸੰਨ 1964 ਵਿਚ ਬਣੇ ‘ਵੀਨਸ ਚਾਰਟਰ’ ਦੇ ਸਿਧਾਂਤਾਂ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਦੁਨੀਆ ਭਰ ਵਿਚ ਫੈਲਾਉਣਾ ਹੈ ਅਤੇ ਸਾਲ 2022 ਵਿਚ ਇਸ ਦਿਵਸ ਦਾ ਥੀਮ ਸੀ-‘ਵਿਰਾਸਤ ਤੇ ਵਾਤਾਵਰਨ’।
ਇਸ ਥੀਮ ਰਾਹੀਂ ਦੁਨੀਆ ਦੇ ਬਦਲਦੇ ਤਾਪਮਾਨ, ਮੌਸਮ ਅਤੇ ਵਾਤਾਵਰਨ ਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਵਿਰਾਸਤੀ ਇਮਾਰਤਾਂ ਦੀ ਸੰਭਾਲ ਦਾ ਹੋਕਾ ਦੇਣਾ ਸੀ। ਸਾਲ 2023 ਤੇ 2024 ਦੇ ਥੀਮ ਕ੍ਰਮਵਾਰ-‘ਆਓ ਭਵਿੱਖ ਸੁਧਾਰੀਏ’ ਅਤੇ ‘ਸਬੰਧ, ਜੜ੍ਹਾਂ ਅਤੇ ਲੜੀਬੱਧਤਾ’ ਆਦਿ ਸਨ। ਹੁਣ ਸਾਲ 2025 ਲਈ ਚੁਣਿਆ ਗਿਆ ਥੀਮ ਹੈ,‘ਆਫ਼ਤਾਂ ਅਤੇ ਵਿਵਾਦਾਂ ਕਾਰਨ ਵਿਰਸੇ ’ਤੇ ਮੰਡਰਾ ਰਿਹੈ ਭਾਰੀ ਖ਼ਤਰਾ।’ ਇਹ ਥੀਮ ਕੁਦਰਤੀ ਆਫ਼ਤਾਂ ਅਤੇ ਮਨੁੱਖ ਦੇ ਨਸਲੀ ਵਿਵਾਦਾਂ ਤੋਂ ਵਿਰਾਸਤੀ ਚੀਜ਼ਾਂ ਅਤੇ ਸੰਸਕਾਰਾਂ ਨੂੰ ਬਚਾਈ ਰੱਖਣ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ।
ਵਿਰਸਾ ਸੰਭਾਲਣ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਵਿਸ਼ਵ ਦੀ ਵੱਡੀ ਹਸਤੀ ਨੈਲਸਨ ਮੰਡੇਲਾ ਨੇ ਕਿਹਾ ਸੀ, ‘‘ਸਾਡੇ ਅਮੀਰ ਤੇ ਵਿਭਿੰਨਤਾ ਪੂਰਨ ਵਿਰਸੇ ਵਿਚ ਉਹ ਅਦਭੁਤ ਤਾਕਤ ਹੈ ਜੋ ਸਾਡੇ ਰਾਸ਼ਟਰ ਨਿਰਮਾਣ ਵਿਚ ਮਦਦ ਕਰ ਸਕਦੀ ਹੈ।’’ ਉਨ੍ਹਾਂ ਦੇ ਇਹ ਬੋਲ ਜੇ ਭਾਰਤ ’ਤੇ ਲਾਗੂ ਕਰ ਕੇ ਵੇਖੇ ਜਾਣ ਤਾਂ ਇਹ ਪੂਰੀ ਤਰ੍ਹਾਂ ਸੱਚ ਜਾਪਦੇ ਹਨ ਕਿਉਂਕਿ ਭਾਰਤ ਦੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਵਿਚ ਉਹ ਕਦਰਾਂ-ਕੀਮਤਾਂ ਤੇ ਰਵਾਇਤਾਂ ਹਨ ਜਿਨ੍ਹਾਂ ਦੀ ਅਜੋਕੇ ਸਮਾਜ ਨੂੰ ਭਾਰੀ ਲੋੜ ਹੈ ਤੇ ਇਨ੍ਹਾਂ ਵਿਰਸੇ ਵਿਚ ਮਿਲੀਆਂ ਬੇਸ਼ਕੀਮਤੀ ਦਾਤਾਂ ਵਿਚ ਬਜ਼ੁਰਗਾਂ ਦਾ ਸਤਿਕਾਰ, ਮੁਲਕ ਪ੍ਰਤੀ ਵਫ਼ਾਦਾਰੀ, ਸਮਾਜ ਪ੍ਰਤੀ ਉਸਾਰੂ ਰਵੱਈਆ ਤੇ ਸੱਚ ਲਈ ਕੁਰਬਾਨ ਹੋ ਜਾਣਾ ਆਦਿ ਜਿਹੀਆਂ ਪਾਏਦਾਰ ਕਦਰਾਂ-ਕੀਮਤਾਂ ਵੀ ਸ਼ਾਮਲ ਹਨ।
‘ਭਾਰਤੀ ਪੁਰਾਤੱਤਵ ਵਿਭਾਗ’ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖਭਾਲ ਸਬੰਧੀ ਠੋਸ ਕਦਮ ਚੁੱਕਣ ਤੇ ਉਨ੍ਹਾਂ ਦੀ ਪੁਨਰ ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾ ਨਹੀਂ ਪਾ ਰਹੀ ਹੈ।
ਬਤੌਰ ਇਕ ਜ਼ਿੰਮੇਵਾਰ ਨਾਗਰਿਕ ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸਪਾਸ ਦੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਅਤੇ ਬਉਲੀਆਂ ਆਦਿ ਦੀ ਅਸਲ ਦਿੱਖ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਤੇ ਸਾਫ਼-ਸਫ਼ਾਈ ਰੱਖਣ ਵਿਚ ਆਪਣਾ ਭਰਪੂਰ ਯੋਗਦਾਨ ਪਾਈਏ। ਸਾਡੇ ਮੁਲਕ ਦੀਆਂ ਧਾਰਮਿਕ ਜਥੇਬੰਦੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵੀ ਵਿਰਾਸਤੀ ਮਹੱਤਵ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪੁਨਰ ਨਿਰਮਾਣ ਸਮੇਂ ਸੰਗਮਰਮਰ ਅਤੇ ਸੋਨਾ ਲਗਾਉਣ ਦੀ ਥਾਂ ਆਧੁਨਿਕ ਤਕਨੀਕ ਅਤੇ ਸਾਧਨਾਂ ਦੀ ਵਰਤੋਂ ਕਰਦਿਆਂ ਹੋਇਆਂ ਉਨ੍ਹਾਂ ਦਾ ਵਿਰਾਸਤੀ ਰੂਪ ਅਤੇ ਅਸਲ ਦਿੱਖ ਬਰਕਰਾਰ ਰੱਖਣ ਲਈ ਹਰੇਕ ਹੀਲਾ ਕਰਨ।
ਦੁਨੀਆ ਭਰ ਵਿਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਵਿਚ ਸ਼ੁਮਾਰ ਹਨ ‘ਸ੍ਰੀ ਹਰਿਮੰਦਰ ਸਾਹਿਬ, ਲਾਲ ਕਿਲਾ, ਤਾਜ ਮਹੱਲ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਕੋਣਾਰਕ ਮੰਦਰ, ਚੀਨ ਦੀ ਦੀਵਾਰ, ਪੀਸਾ ਦੀ ਮੀਨਾਰ, ਅਜੰਤਾ-ਏਲੋਰਾ ਦੀਆਂ ਗੁਫ਼ਾਵਾਂ, ਵੈਟੀਕਨ ਸਿਟੀ, ਮਾਊਂਟ ਸੇਂਟ ਮਾਈਕਲ, ਸਟੈਚੂ ਆਫ ਲਿਬਰਟੀ, ਮਿਸਰ ਦੇ ਪਿਰਾਮਿਡ’ ਆਦਿ ਜੋ ਅੱਜ ਵੀ ਹਰੇਕ ਨੂੰ ਆਪਣੇ ਅਮੀਰ ਵਿਰਸੇ ਨੂੰ ਨੇੜਿਓਂ ਤੱਕਣ, ਪਛਾਣਨ, ਸੰਭਾਲਣ ਅਤੇ ਉਸ ਤੋਂ ਕੁਝ ਸਿੱਖਣ ਦਾ ਸੰਦੇਸ਼ ਦੇ ਰਹੇ ਹਨ।
ਮੋਬਾਈਲ : 97816-46008
Credit : https://www.punjabijagran.com/editorial/general-preserving-heritage-is-a-very-difficult-task-9480419.html
test