ਸ਼ੰਕਰ ਸ਼ਰਨ
ਕੀ ਇਹ ਸਾਫ਼ ਨਹੀਂ ਦਿਸਦਾ ਕਿ ਅਸੀਂ ਅਮਰੀਕੀ-ਯੂਰਪੀ ਚੀਜ਼ਾਂ, ਵਿਚਾਰਾਂ, ਉਪਾਵਾਂ, ਪੁਸਤਕਾਂ, ਫਿਲਮਾਂ, ਸੰਗੀਤ ਅਤੇ ਖੇਡਾਂ ਆਦਿ ਨੂੰ ਵੀ ਸ੍ਰੇਸ਼ਠ ਮੰਨਦੇ ਹਾਂ? ਉਸ ਵਾਸਤੇ ਆਪਣੀ ਹਰ ਚੀਜ਼, ਗਿਆਨ, ਦਰਸ਼ਨ, ਕਾਇਦੇ-ਕਾਨੂੰਨ, ਭਾਸ਼ਾ-ਸੰਸਕ੍ਰਿਤੀ ਇੱਥੋਂ ਤੱਕ ਕਿ ਸਦਾ ਲਈ ਦੇਸ਼ ਛੱਡ ਕੇ ਅਮਰੀਕਾ-ਯੂਰਪ ਵਿਚ ਵਸ ਵੀ ਜਾਣਾ ਚਾਹੁੰਦੇ ਹਾਂ?
ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਜਾਂ ਦਾਖ਼ਲ ਹੋਣ ਵਾਲੇ ਭਾਰਤੀਆਂ ਨੂੰ ਉੱਥੋਂ ਕੱਢੇ ਜਾਣ ’ਤੇ ਸਾਡੇ ਦੇਸ਼ ਵਿਚ ਤਮਾਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। ਉੱਥੋਂ ਲੋਕਾਂ ਨੂੰ ਜਿਸ ਤਰ੍ਹਾਂ ਭੇਜਿਆ ਜਾ ਰਿਹਾ ਹੈ, ਉਸ ਦਾ ਤੌਰ-ਤਰੀਕਾ ਵੀ ਚੁਭਣ ਵਾਲਾ ਹੈ। ਇਸ ਦੌਰਾਨ ਮੂਲ ਬਿੰਦੂ ਇਹ ਹੈ ਕਿ ਕਿਉਂ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਵਿਦੇਸ਼ ਜਾ ਰਹੇ ਹਨ? ਆਮ ਸਮਝ ਇਹੀ ਹੈ ਕਿ ਲੋਕ ਰੁਜ਼ਗਾਰ ਲਈ ਜਾਂਦੇ ਹਨ ਪਰ ਖ਼ੁਸ਼ਹਾਲ ਘਰਾਂ ਦੇ ਨੌਜਵਾਨ ਵੀ ਅਮਰੀਕਾ-ਯੂਰਪ ਜਾਣਾ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਇੱਥੇ ਰੋਜ਼ੀ-ਰੋਟੀ ਦੀ ਖ਼ਾਸ ਸਮੱਸਿਆ ਨਹੀਂ ਹੈ। ਦਰਅਸਲ, ਅਮਰੀਕਾ ਜਾਂ ਯੂਰਪ ਜਾਣ ਵਾਲੇ ਭਾਰਤੀਆਂ ਵਿਚ ਘੱਟ ਹੀ ਲੋਕ ਉੱਥੇ ਕੋਈ ਨਿਯੁਕਤੀ ਪੱਤਰ ਲੈ ਕੇ ਜਾਂਦੇ ਹਨ। ਜ਼ਿਆਦਾਤਰ ਉੱਥੇ ਪੜ੍ਹਾਈ ਲਈ ਜਾਂਦੇ ਹਨ ਤੇ ਫਿਰ ਕੋਈ ਛੋਟੀ-ਮੋਟੀ ਨੌਕਰੀ ਸ਼ੁਰੂ ਕਰਦੇ ਹਨ। ਕਈ ਵਾਰ ਇਹ ਉੱਥੋਂ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਹੁੰਦਾ ਹੈ। ਕੈਨੇਡਾ ਜਾਣ ਜਾਣ ਵਾਲੇ ਜ਼ਿਆਦਾਤਰ ਭਾਰਤੀਆਂ ਵਿਚ ਤਾਂ ਕੋਰਸ-ਦਾਖ਼ਲਾ ਸਿਰਫ਼ ਬਹਾਨਾ ਹੁੰਦਾ ਹੈ। ਉਹ ਉੱਥੇ ਰਹਿ ਜਾਣ ਦੀ ਮਨਸ਼ਾ ਨਾਲ ਹੀ ਜਾਂਦੇ ਹਨ।
ਉਸੇ ਪ੍ਰਕਿਰਿਆ ਦਾ ਇਕ ਰੂਪ ਇੱਥੇ ਦੇਸ਼ ਵਿਚ ਵੀ ਦਿਸਦਾ ਹੈ। ਪਿੰਡ-ਪਿੰਡ ਵਿਚ ਬਹੁਤ ਸਾਰੇ ਮਾਤਾ-ਪਿਤਾ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਇਹੀ ਚਾਹੁੰਦੇ ਹਨ ਕਿ ਉਹ ਬਾਹਰ ਨਿਕਲ ਕੇ ਦਿੱਲੀ, ਮੁੰਬਈ, ਬੈਂਗਲੁਰੂ ਆਦਿ ਥਾਵਾਂ ’ਤੇ ਜਾ ਕੇ ਕੰਮ ਕਰਨ। ਜਦਕਿ ਦਿੱਲੀ-ਬੈਂਗਲੁਰੂ ਵਿਚ ਵਸੇ ਭਾਰਤ ਆਪਣੇ ਬੱਚਿਆਂ ਲਈ ਯੂਰਪ-ਅਮਰੀਕਾ ਜਾ ਕੇ ਰਹਿਣ ਦੀ ਉਮੀਦ ਰੱਖਦੇ ਹਨ ਅਤੇ ਉਹੋ ਜਿਹੀਆਂ ਯੋਜਨਾਵਾਂ ਬਣਾਉਂਦੇ ਹਨ। ਇਹ ਪੂਰੀ ਪ੍ਰਕਿਰਿਆ ਪਲਾਇਨ ਲਈ ਚੋਣ ਵਰਗੀ ਹੈ। ਇਹ ਆਪਣੇ ਸਮਾਜ, ਆਪਣੀ ਵਿਵਸਥਾ ਦੇ ਵਿਰੁੱਧ ਸਮੂਹਿਕ ਬੇਭਰੋਸਗੀ ਦਾ ਮੌਨ ਪ੍ਰਦਰਸ਼ਨ ਹੈ।
ਲੋਕ ਆਪਣੇ ਸੋਮੇ, ਬੁੱਧੀ ਅਤੇ ਮਿਹਨਤ ਲਗਾ ਕੇ ਆਪਣਾ ਸਮਾਜ ਤੇ ਦੇਸ਼ ਛੱਡ ਕੇ ਉੱਥੇ ਜਾਣਾ ਚਾਹੁੰਦੇ ਹਨ ਜੋ ਜ਼ਿਆਦਾ ਵਿਵਸਥਤ ਅਤੇ ਮੌਕੇ ਦੇਣ ਵਾਲਾ ਲੱਗਦਾ ਹੈ। ਇਹੀ ਬਿੰਦੂ ਵਿਚਾਰਨ ਵਾਲਾ ਹੈ। ਭਾਰਤ ਕੋਈ ਗ਼ਰੀਬ ਦੇਸ਼ ਨਹੀਂ ਹੈ ਪਰ ਮਾੜੇ ਨਿਜ਼ਾਮ ਤੇ ਨਾਕਸ ਬੰਦੋਬਸਤਾਂ ਕਾਰਨ ਹਾਲੋਂ-ਬੇਹਾਲ ਹੈ। ਨਹੀਂ ਤਾਂ ਇਹੀ ਉੱਚ ਮੱਧ ਵਰਗ ਵਾਲੇ ਭਾਰਤੀਆਂ ਕੋਲ ਜਿੰਨਾ ਧਨ ਹੈ, ਉਹ ਅਨੇਕ ਯੂਰਪੀ ਮੁਲਕਾਂ ਵਿਚ ਨਹੀਂ ਦਿਸਦਾ ਪਰ ਸਾਡੀਆਂ ਆਮ ਰਾਜਨੀਤਕ, ਪ੍ਰਸ਼ਾਸਕੀ, ਵਿੱਦਿਅਕ ਵਿਵਸਥਾਵਾਂ ਬੇਹਾਲ ਹਨ, ਜੋ ਢਹਿੰਦੀ ਕਲਾ ਵਧਾ ਰਹੀਆਂ ਹਨ। ਇਹ ਵਿਵਸਥਾਵਾਂ ਯੋਗਤਾ ਜਾਂ ਵਿਵੇਕ ਦਾ ਆਦਰ ਨਹੀਂ ਕਰਦੀਆਂ। ਵਿੱਦਿਅਕ ਸੰਸਥਾਵਾਂ ਜਾਂ ਤਾਂ ਖਾਨਾਪੂਰਤੀ ਕਰਦੀਆਂ ਹਨ ਜਾਂ ਸ਼ੁੱਧ ਧੰਦਾ ਹਨ। ਸੋ, ਹੁਨਰ ਰੱਬ ਭਰੋਸੇ ਰਹਿੰਦੇ ਹਨ। ਹੋਰ ਖੇਤਰਾਂ ਵਿਚ ਵੀ ਆਮ ਤੌਰ ’ਤੇ ਹਰ ਮੌਕੇ ਜਾਂ ਅਹੁਦੇ ਕਿਸੇ ਹੋਰ ਆਧਾਰ ’ਤੇ ਦੇਣ-ਲੈਣ ਦੀ ਵਿਵਸਥਾ ਸਥਾਪਤ ਹੈ। ਇਸ ਲਈ ਲੋਕ ਵਿਦੇਸ਼ ਪਲਾਇਨ ਕਰ ਰਹੇ ਹਨ ਜਿੱਥੇ ਢੁੱਕਵੇਂ ਮੌਕੇ ਅਤੇ ਸਨਮਾਨ ਮਿਲਣ ਦੀ ਆਸ ਹੋਵੇ। ਇਸ ਨੂੰ ਲੋਕਾਂ ਦਾ ਲਾਲਚ ਕਹਿਣਾ ਉਨ੍ਹਾਂ ਦਾ ਅਪਮਾਨ ਕਰਨ ਵਰਗਾ ਹੈ।
ਸੁਤੰਤਰ ਭਾਰਤ ਨੇ ਅਜਿਹੀ ਵਿਵਸਥਾ ਬਣਾਈ ਜਿਸ ਵਿਚ ਆਪਣੀ ਕੋਈ ਕਲਪਨਾ ਨਹੀਂ ਹੈ। ਇਸੇ ਲਈ ਉਹ ਸਦਗੁਣ, ਪ੍ਰਤਿਭਾ ਅਤੇ ਯੋਗਤਾ ਤੋਂ ਬੇਪਰਵਾਹ ਹੈ। ਅਮਰੀਕਾ ਨੇ ਅਜਿਹੀ ਵਿਵਸਥਾ ਬਣਾਈ ਜੋ ਸਾਰੀ ਦੁਨੀਆ ਤੋਂ ਗੁਣ, ਪ੍ਰਤਿਭਾ ਤੇ ਯੋਗਤਾ ਦਾ ਸਵਾਗਤ ਕਰਦੀ ਹੈ।
ਹਾਲੇ ਸਾਰਾ ਗੁੱਸਾ ਅਮਰੀਕਾ ਤੋਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਭੇਜਣ ਦੇ ਤਰੀਕੇ ’ਤੇ ਦਿਖਾਉਣਾ ਅਜਿਹਾ ਹੈ ਜਿਵੇਂ ਉਨ੍ਹਾਂ ਭਾਰਤੀਆਂ ਨੂੰ ਰਾਹਤ ਦੇਣ ਲਈ ਇੱਥੇ ਕੋਈ ਪਰਵਾਹ ਹੋਵੇ। ਅਸਲ ਵਿਚ ਸਾਡਾ ਬੜਬੋਲਾਪਣ ਅਤੇ ਨਿਕੰਮਾਪਣ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜਿਸ ਤੇਵਰ ਨਾਲ ਅਸੀਂ ਫੜ੍ਹਾਂ ਮਾਰਦੇ ਜਾਂ ਦੂਜਿਆਂ ਦੀ ਨਿੰਦਾ ਕਰਦੇ ਹਾਂ, ਉਸੇ ਰੌਂਅ ਵਿਚ ਹਰ ਜ਼ਿੰਮੇਵਾਰੀ ਕਿਸੇ ਹੋਰ ’ਤੇ ਪਾ ਕੇ ਆਪਣਾ ਪੱਲਾ ਝਾੜਦੇ ਹਾਂ। ਸੁਰੱਖਿਆ ਤੋਂ ਲੈ ਕੇ ਸਿੱਖਿਆ, ਇਲਾਜ, ਦੈਨਿਕ ਪ੍ਰਸ਼ਾਸਨ ਅਤੇ ਨਿਆਂ ਵਿਵਸਥਾ ਤੱਕ ਹਰ ਮਾਮਲੇ ਵਿਚ ਪਾਰਟੀਬਾਜ਼ੀ, ਇਕ-ਦੂਜੇ ’ਤੇ ਦੋਸ਼ ਲਗਾਈ ਜਾਣੇ ਅਤੇ ਗ਼ਲਤਬਿਆਨੀ ਸਾਡੇ ਸੁਭਾਅ ਦਾ ਹਿੱਸਾ ਬਣ ਚੁੱਕੇ ਹਨ। ਇਹ ਭਾਰਤ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਦੂਜਿਆਂ ਨੂੰ ਦੋਸ਼ ਦੇ ਕੇ ਆਪਣੇ-ਆਪ ਨੂੰ ਖ਼ੁਦ ਪੀੜਤ, ਸਹੀ ਜਾਂ ਸ੍ਰੇਸ਼ਠ ਸਮਝਣਾ। ਇਸ ਵਿਚ ਆਸਾਨੀ ਹੈ। ਸਾੜਾ-ਨਿੰਦਾ-ਆਰਾਮਪ੍ਰਸਤੀ ਦੀ ਅਜਿਹੀ ਤੀਹਰੀ ਮਾਇਆ ਦਾ ਬੋਲਬਾਲਾ ਹੈ ਕਿ ਅਸੀਂ ਸਾਹਮਣੇ ਦਿਸਦੇ ਹਾਥੀ ਵਰਗੇ ਵੱਡੇ ਸੱਚ ਦੀ ਵੀ ਅਣਦੇਖੀ ਕਰ ਦਿੰਦੇ ਹਾਂ। ਆਪਣੇ ਬਾਰੇ ਅਸੀਂ ਜੋ ਦਾਅਵਾ ਕਰਦੇ ਹਾਂ, ਅਸਲ ਵਿਚ ਉਸ ਦੇ ਉਲਟ ਕਰਦੇ ਹਾਂ। ਸਾਡਾ ਸੰਪੂਰਨ ਜੀਵਨ ਨੇਤਾਵਾਂ ਤੋਂ ਲੈ ਕੇ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਮੈਨੇਜਰਾਂ ਤੱਕ ਯਾਨੀ ਨੀਤੀ, ਉਦਯੋਗ, ਸਿੱਖਿਆ, ਕਲਾ, ਰਹਿਣ-ਸਹਿਣ, ਖੇਡ-ਕੁੱਦ, ਮਨੋਰੰਜਨ ਆਦਿ ਤੱਕ ਮੁੱਖ ਤੌਰ ’ਤੇ ਵਿਦੇਸ਼ੀ ਵਿਚਾਰਾਂ, ਵਸਤਾਂ, ਭਾਸ਼ਾ, ਸ਼ੈਲੀ, ਮਾਡਲ ਆਦਿ ਤੋਂ ਪ੍ਰੇਰਿਤ ਹੋ ਕੇ ਚੱਲਦਾ ਹੈ।
ਕੀ ਇਹ ਸਾਫ਼ ਨਹੀਂ ਦਿਸਦਾ ਕਿ ਅਸੀਂ ਅਮਰੀਕੀ-ਯੂਰਪੀ ਚੀਜ਼ਾਂ, ਵਿਚਾਰਾਂ, ਉਪਾਵਾਂ, ਪੁਸਤਕਾਂ, ਫਿਲਮਾਂ, ਸੰਗੀਤ ਅਤੇ ਖੇਡਾਂ ਆਦਿ ਨੂੰ ਵੀ ਸ੍ਰੇਸ਼ਠ ਮੰਨਦੇ ਹਾਂ? ਉਸ ਵਾਸਤੇ ਆਪਣੀ ਹਰ ਚੀਜ਼, ਗਿਆਨ, ਦਰਸ਼ਨ, ਕਾਇਦੇ-ਕਾਨੂੰਨ, ਭਾਸ਼ਾ-ਸੰਸਕ੍ਰਿਤੀ ਇੱਥੋਂ ਤੱਕ ਕਿ ਸਦਾ ਲਈ ਦੇਸ਼ ਛੱਡ ਕੇ ਅਮਰੀਕਾ-ਯੂਰਪ ਵਿਚ ਵਸ ਵੀ ਜਾਣਾ ਚਾਹੁੰਦੇ ਹਾਂ? ਪੂਰੀ ਅਕਲ, ਮਿਹਨਤ ਅਤੇ ਧਨ ਲਗਾ ਕੇ ਬੱਚਿਆਂ ਨੂੰ ਉੱਥੇ ਪਹੁੰਚਾਉਣਾ ਅਤੇ ‘ਸੈਟਲ’ ਕਰਨਾ ਚਾਹੁੰਦੇ ਹਾਂ। ਇਹ ਵਿਵਹਾਰਕ ਬਿੰਦੂ ਹੈ।
ਇਕ ਛੋਟਾ ਬੱਚਾ ਵੀ ਸਾਹਮਣੇ ਉਪਲਬਧ ਦੋ ਚੀਜ਼ਾਂ ਵਿੱਚੋਂ ਬਿਹਤਰ ਨੂੰ ਚੁੱਕਦਾ ਹੈ। ਸੋ, ਸੱਚ ਅਤੇ ਵਿਵਹਾਰ ਨੂੰ ਕਸੌਟੀ ਬਣਾਉਣਾ ਹੀ ਵਾਜਬ ਹੈ। ਤਦ ਦਿਸੇਗਾ ਕਿ ਜ਼ਿਆਦਾਤਰ ਭਾਰਤੀ ਅਮਰੀਕਾ-ਯੂਰਪ ਨੂੰ ਅਪਣਾਉਣ ਲਈ ਤਿਆਰ ਬੈਠੇ ਹਨ ਕਿਉਂਕਿ ਅਸੀਂ ਆਪਣਾ ਕੁਝ ਵੀ ਤੁਲਨਾਯੋਗ ਨਹੀਂ ਬਣਾ ਸਕੇ ਹਾਂ। ਸਵਾਲ ਹੈ ਕਿ ਜੇ ਸਾਡੇ ਨਾਲ ਪੱਖਪਾਤ, ਅਣਦੇਖੀ, ਤੰਗ-ਪਰੇਸ਼ਾਨ ਕਰਨ ਦਾ ਕੰਮ ਕੋਈ ਸਵਦੇਸ਼ੀ ਕਰੇ-ਤਾਂ ਕੀ ਉਹ ਮਨਜ਼ੂਰ ਹੈ? ਜਦਕਿ ਕੋਈ ਵਿਦੇਸ਼ੀ ਉਸ ਦੇ ਉਲਟ ਵਿਵਹਾਰ ਕਰੇ ਤਾਂ ਸਾਨੂੰ ਨਾਮਨਜ਼ੂਰ ਹੋਵੇਗਾ? ਇਸੇ ਦਾ ਉੱਤਰ ਸਾਡੇ ਲੱਖਾਂ ਲੋਕ ਮੌਕਾ ਮਿਲਦੇ ਹੀ ਵਿਦੇਸ਼ ਪਲਾਇਨ ਨੂੰ ਤਰਜੀਹ ਦੇ ਰੂਪ ਵਿਚ ਦਿੰਦੇ ਹਨ। ਇਹ ਸੁਭਾਵਕ ਹੈ ਕਿ ਅਮਰੀਕੀ ਪ੍ਰਸ਼ਾਸਨ ਕੇਵਲ ਸੁਯੋਗ ਭਾਰਤੀਆਂ ਨੂੰ ਰੱਖਣਾ ਚਾਹੇਗਾ ਅਤੇ ਬਾਕੀਆਂ ਨੂੰ ਸਖ਼ਤੀ ਨਾਲ ਬਾਹਰ ਕਰੇਗਾ। ਸਾਨੂੰ ਆਪਣੇ ਘਰ ਨੂੰ ਸੁਧਾਰਨ ਦੀ ਚਿੰਤਾ ਹੋਣੀ ਚਾਹੀਦੀ ਹੈ।
-(ਲੇਖਕ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਤੇ ਸੀਨੀਅਰ ਕਾਲਮਨਵੀਸ ਹੈ)।
Credit : https://www.punjabijagran.com/editorial/general-why-the-obsession-with-going-abroad-people-want-to-send-their-children-abroad-with-all-their-intelligence-hard-work-and-money-9464419.html
test