ਇਕਬਾਲ ਸਿੰਘ ਲਾਲਪੁਰਾ
ਭਾਰਤ ਵਾਸੀਆਂ ਦੀ ਮਾਨਸਿਕਤਾ ਵਾਰੇ ਸਵਾਮੀ ਵਿਵੇਕਾ ਨੰਦ ਜੀ ਨੇ ਲਿਖਿਆ ਹੈ , ਕਿ ਭਾਰਤੀਆਂ ਨਾਲ ਹੋਰ ਜੋ ਮਰਜ਼ੀ ਜ਼ਿਆਦਤੀ ਕਰ ਲਓ ਇਹ ਵਰਦਾਸ਼ਤ ਕਰ ਲੈਣਗੇ , ਪਰ ਆਪਣੇ ਧਰਮ ਨੂੰ ਇਹ ਪਿਆਰ ਕਰਦੇ ਹਨ , ਜੇਕਰ ਧਰਮ ਨੂੰ ਬੁਰਾ ਆਖੋਗੇ ਤਾਂ ਇਹ ਮਰਨ ਮਾਰਨ ਨੂੰ ਤਿਆਰ ਹੋ ਜਾਣਗੇ ।
ਬਾਬਾ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ,ਜੋ ਨੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕੀਤੀ ਸੀ , ਉਸ ਵਿਚ ਇੱਕ ਨਿਯਮ ਇਹ ਵੀ ਦੱਸਿਆ ਸੀ ,ਕਿ ਦੁਸ਼ਮਣਾਂ ਦੇ ਧਰਮ ਅਸਥਾਨਾਂ ਦਾ ਵੀ ਸਤਿਕਾਰ ਕਰਨਾ ਹੈ । ਸ਼ਾਇਦ ਇਸੇ ਕਾਰਨ ਸਰਹਿੰਦ ਦੀ ਇੱਟ ਨਾਲ ਇੱਟ ਬਜਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਤੇ ਸਿੰਘਾਂ ਨੇ ਮਸਜਿਦਾਂ ਨੂੰ ਸੁਰੱਖਿਅਤ ਰੱਖਿਆ ,ਜੋ ਅੱਜ ਵੀ ਇਸ ਦੀ ਗਵਾਹੀ ਭਰਦੀਆਂ ਹਨ ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਆਪਣੇ ਮੁਸਲਮਾਨ ਸ਼ਰਧਾਲੂਆਂ ਲਈ ਇੱਕ ਮਸੀਤ ਦਾ ਨਿਰਮਾਣ ਵੀ ਕੀਤਾ , ਜੋ ਸ਼੍ਰੀ ਹਰਗੋਬਿੰਦ ਪੁਰ ਨੇੜੇ ਅੱਜ ਵੀ ਮੌਜੂਦ ਹੈ ।
ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾ ਦਾ ਸਤਿਕਾਰ ਕਰਦਿਆਂ ਸਭ ਦੀ ਸਹਾਇਤਾ ਕੀਤਾ ਅਤੇ ਸਨ 1835 ਈ ਵਿੱਚ ਕਾਸ਼ੀ ਵਿਸ਼ਵਾਨਾਥ ਮੰਦਿਰ ਨੂੰ ਵੀ ਸੋਨਾ ਅਰਪਣ ਕੀਤਾ ਸੀ । ਮੁਸਲਮਾਨ ਲੇਖਕ ਤੋਂ ਮੰਗੀ ਕੀਮਤ ਨਾਲੋਂ ਜਿਆਦ ਕੀਮਤ ਦੇ ,ਕੁਰਾਨ ਮਜੀਦ ਖਰੀਦ ਕੇ ਫ਼ਕੀਰ ਭਰਾਵਾਂ ਨੂੰ ਦੇ ਦਿੱਤੀ , ਜੋ ਵੀ ਲਾਹੌਰ ਦੇ ਫ਼ਕੀਰ ਖ਼ਾਨਾ ਅਜਾਇਬ ਘਰ ਵਿਚ ਸੁਰੱਖਿਤ ਹੈ ।ਉਨਾਂ ਵੱਲੋਂ ਬਣਾਏ ਮੰਦਿਰ ਖਾਲਸਾ ਰਾਜ ਦੇ ਇਲਾਕੇ ਅੰਦਿਰ ਅੱਜ ਵੀ ਮੌਜੂਦ ਹਨ ।
ਮਹਾਰਾਜਾ ਜਗਤਜੀਤ ਸਿੰਘ ਆਹਲੂਵਾਲੀਆ ਨੇ ਕਪੂਰਥਲਾ ਵਿੱਚ ਮੌਰਿਸ਼ ਮਸਜਿਦ ਬਣਾ ਕੇ ,ਆਪਣੇ ਮੁਸਲਮਾਨ ਨਾਗਰਿਕਾਂ ਨੂੰ ਦੇ ਦਿੱਤੀ ਜੋ ਭਾਰਤ ਦੀ ਸ਼ਾਇਦ ਸਭ ਤੋਂ ਵੱਡੀ ਮਸਜਿਦ ਹੈ । ਕਪੂਰਥਲਾ ਦੇ ਪੰਜ ਮੰਦਰੀ ਅੰਦਿਰ ਸਭ ਦੇਵੀ ਦੇਵਤਿਆਂ ਦੇ ਮੰਦਿਰ ਹਨ ।
ਪਟਿਆਲਾ ਦੇ ਸਿੱਖ ਰਾਜਿਆਂ ਨੇ ਕਾਲੀ ਮਾਤਾ ਮੰਦਿਰ , ਮਨਸ਼ਾ ਦੇਵੀ ਮੰਦਿਰ ਸਮੇਤ ਅਨੇਕ ਮੰਦਿਰ ਬਣਵਾਏ । ਸਿੱਖ ਧਰਮ ਵਿੱਚ ਹੌਲ਼ੀ ਤੇ ਹੌਲਾ ਦੋਵੈਂ ਮਨਾਉਣ ਦੀ ਪਿਰਤ ਹੈ । ਦਿਵਾਲੀ ਦੇ ਦਿਨ ਹੀ ਬੰਦੀ ਛੋੜ ਦਿਵਸ ਮਨਾ ਇਸ ਸਾਂਝੇ ਤਿਉਹਾਰ ਦੀ ਰੋਣਕ ਵਧਾਈ ਜਾਂਦੀ ਹੈ ।
ਦੂਜੇ ਧਰਮਾਂ ਦੇ ਗੁਰੂਆਂ ,ਪੀਰਾਂ ਦੇਵੀ , ਦੇਵਤਿਆਂ ,ਧਰਮ ਸਥਾਨਾਂ , ਤੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਨਾ ਗੁਰਮਿਤ ਦਾ ਮਾਰਗ ਹੈ ।
ਦੂਜਿਆਂ ਦੀ ਖੁਸ਼ੀ ਵਿਚ ਸ਼ਰੀਕ ਹੋਣਾ ਵੀ ਸਿੱਖ ਧਰਮ ਦੇ ਆਗੂ ਆਪਣਾ ਫ਼ਰਜ਼ ਸਮਝਦੇ ਰਹੇ ਹਨ ।
ਪਰ ਇਹ ਨੀਤੀ ਭਾਰਤ ਤੇ ਹਮਲਾ ਕਰਨ ਵਾਲੇ ਵਿਦੇਸ਼ੀ ਹਮਲਾਵਰਾਂ ਦੀ ਨਹੀਂ ਰਹੀ । ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਸ਼੍ਰੀ ਹਰਿਮੰਦਿਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਢਾਹ ਢੇਰੀ ਕਰ ਦਿੱਤਾ । ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਵੀ ਜਬਰਸਤੀ ਧਰਮ ਪ੍ਰੀਵਰਤਣ ਦੀ ਕੜੀ ਹੈ । ਪਰ ਸਿੰਘਾ ਨੇ ਤਾਂ ਜਲਦੀ ਹੀ ਸ਼੍ਰੀ ਹਰਿਮੰਦਿਰ ਸਾਹਿਬ ਦੀ ਮੁੜ ਉਸਾਰੀ ਕਰ ਲਈ ਸੀ । 1984 ਈ ਵਿੱਚ ਢਠੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੁਬਾਰਾ ਤਿਆਰ ਹੋ ਕੌਮ ਨੂੰ ਅਗਵਾਈ ਦੇ ਰਹੇ ਹਨ ।
ਵਿਦੇਸ਼ੀ ਧਾੜਵੀਆਂ ਵੱਲੋਂ ਤੋੜੇ ਰਾਮ ਮੰਦਿਰ ਦੀ ਮੁੜ ਉਸਾਰੀ ਤੇ ਪਰਤਿਸ਼ਠਾ ਚਾਲੂ ਹੋਣ ਨੂੰ 496 ਸਾਲ ਲੱਗ ਗਏ । ਬਾਬਰ ਕੋਈ ਧਾਰਮਿਕ ਵਿਅਕਤੀ ਨਹੀਂ ਸੀ ਤੇ ਇਸਲਾਮ ਧਰਮ ਕਿਸੇ ਦੇ ਧਰਮ ਦੇ ਅਸਥਾਨ ਦੀ ਆਗਿਆ ਨਹੀਂ ਦਿੰਦਾ । ਇਹ ਸਮਾਂ ਭਗਵਾਨ ਰਾਮ ਦੇ ਸੇਵਕਾਂ ਲਈ ਅਤਿਅੰਤ ਖੁਸ਼ੀ ਦਾ ਮੌਕਾ ਹੈ ।
ਭਾਰਤੀ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਸੰਨ 1978 ਈ ਵਿੱਚ ਹੋਈ ਸੀ ਜਿਸਦਾ ਮੁੱਖ ਮੰਤਬ ਘੱਟ ਗਿਣਤੀਆਂ ਦੇ ਮਨ ਵਿੱਚੋਂ ਡਰ , ਨਾਬਰਾਬਰੀ ਤੇ ਭੇਦਭਾਵ ਦੀ ਭਾਵਨਾ ਨੂੰ ਖਤਮ ਕਰਨਾ ਸੀ । ਸ਼ਾਇਦ ਉਸ ਵੇਲੇ ਦੀ ਜਨਤਾ ਪਾਰਟੀ ਦੀ ਸਰਕਾਰ ਜਿਸ ਵਿੱਚ ਪੁਰਾਣੇ ਜਨ ਸੰਘ ਦੇ ਆਗੂ ਮੰਤਰੀ ਸਨ , ਇਹ ਮਹਿਸੂਸ ਕਰਦੇ ਹੋਣ ਕਿ ਘੱਟ ਗਿਣਤੀਆਂ ਨੂੰ ਕਿਸੇ ਨੀਤੀ ਹੇਠ ਅਜ਼ਾਦੀ ਤੋਂ ਵਾਦ ਵੀ ,ਡਰਾ ਕੇ ਮੁੱਖ ਧਾਰਾ ਤੋਂ ਦੂਰ ਕੀਤਾ ਜਾ ਰਿਹਾ ਸੀ । ਜਨਤਾ ਪਾਰਟੀ ਦੀ ਨੀਤੀ ਵਿੱਚ ਕਾਮਯਾਬੀ ਵੀ ਹੋਈ ਕਿਉਂਕੀ
ਕੇਵਲ ਭਾਰਤ ਹੀ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਘੱਟ ਗਿਣਤੀਆਂ ਨੂੰ ਰਾਸ਼ਟਰਪਤੀ , ਪ੍ਰਧਾਨ ਮੰਤਰੀ ਤੱਕ ਦੇ ਰੁਤਬਿਆਂ ਤੱਕ ਪੁੱਜਣ ਦਾ ਮੌਕਾ ਮਿਲਦਾ ਹੈ । ਆਬਾਦੀ ਵੀ ਵੱਧ ਰਹੀ ਹੈ । ਕਾਨੂੰਨ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ ਤੇ ਸਭ ਲਈ ਇੱਕੋ ਜਿਹੇ ਵਿਕਾਸ ਦੇ ਅਵਸਰ ਹਨ ।
ਅੱਜ ਭਾਰਤ ਦੀ ਵੱਡੀ ਗਿਣਤੀ ਦੇ ਨਾਗਰਿਕ , ਭਗਵਾਨ ਰਾਮ, ਜਿਹਨਾਂ ਨੂੰ ਅਲਾਮਾ ਇਕਬਾਲ ਨੇ ਭਾਰਤ ਦਾ ਆਦਰਸ਼ ਨਾਇਕ ਲਿਖਿਆ ਹੈ ਤੇ ਦਸਮ ਗ੍ਰੰਥ ਵਿਚ ਰਾਮ ਅਵਤਾਰ ਬਾਣੀ ਦਰਜ ਹੈ ,ਦਾ ਮੰਦਿਰ ਉਨਾਂ ਦੇ ਜਨਮ ਅਸਥਾਨ, ਅਯੌਧਿਆ ਵਿਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੇ ਜਸ਼ਨ ਮਨਾਉਣ ਦਾ ਸਮਾਂ ਹੈ । ਜੋ ਮੁੱਠੀ ਭਰ ਲੋਕ ,ਝੂਠਾ ਡਰ ਵਿਖਾ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਹੋਣ ਨੂੰ ,ਰੋਕਣ ਦਾ ਅਵਸਰ ਲੱਭ ਰਹੇ ਹਨ ,ਨੂੰ ਵੀ ਇਹ ਹੀ ਹਰਾਉਣ ਦਾ ਸਮਾਂ ਹੈ ।
ਆਪਣੇ ਗਵਾਂਡੀ ਰਾਮ ਸੇਵਕ ਤੇ ਭਗਤਾਂ ਨੂੰ ਵਧਾਈ ਦੇਣ ਤੇ ਖੁਸ਼ੀਆਂ ਸਾਂਝਿਆ ਕਰਨ ਦਾ ਵੀ ਇਹ ਹੀ ਮੌਕਾ ਹੈ ।
ਅੱਜ ਭਾਰਤ ਵਿੱਚ ਹਰ ਭਾਰਤੀ ਨਾਗਰਿਕ, ਘੱਟ ਗਿਣਤੀਆਂ ਸਮੇਤ ਸੁਰੱਖਿਅਤ ਤੇ ਤਰੱਕੀ ਕਰ ਰਿਹਾ ਹੈ । ਇਹ ਅਨੇਕਤਾ ਵਿੱਚ ਏਕਤਾ ਮਨਾਉਣ ਦਾ ਮੌਕਾ ਲੰਘ ਨਾ ਜਾਵੇ ਨਹੀਂ ਤਾਂ ਫੇਰ ਲੰਮਹੋ ਨੇ ਖ਼ਤਾ ਕੀ ਸੱਦਿਓ ਨੇ ਸਜ਼ਾ ਪਾਈ ਸਥਿਤੀ ਨਾ ਬਣੀ ਰਹੇ । ਆਓ ਇਨਾ ਸਮਾਗਮ ਨੂੰ ਮਨਾਉਣ ਵਾਲੇ ਵੀਰਾਂ ਭੈਣਾਂ ਦੇ ਨਾਲ ਖੜੇ ਹੋਈਏ ।।
ਚੈਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ
ਭਾਰਤ ਸਰਕਾਰ
test