ਸ੍ਰੀਰਾਮ ਚੋਲੀਆ
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਰੂਸ ਨਾਲ ਆਪਣੇ ਸਬੰਧਾਂ ਨੂੰ ਪੂਰੀ ਤਰ੍ਹਾਂ ਦੁਵੱਲੇ ਸੰਦਰਭ ਦੇ ਢਾਂਚੇ ਤੋਂ ਦੇਖਦੇ ਹਾਂ ਅਤੇ ਇਸ ਭਾਗੀਦਾਰੀ ਦੇ ਮਾਧਿਅਮ ਨਾਲ ਸਾਡਾ ਪੱਛਮ ਵਿਰੁੱਧ ਮੋਰਚਾ ਖੜ੍ਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਪੰਜ ਸਾਲਾਂ ਦੇ ਅੰਤਰਾਲ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਨੇ ਖ਼ਾਸੀ ਉਤਸੁਕਤਾ ਜਗਾਈ ਹੈ। ਕੁਝ ਸਮੀਖਿਅਕਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਭਾਰਤੀ ਪੀਐੱਮ ਮੋਦੀ ਦਾ ਸ਼ਾਨਦਾਰ ਸਵਾਗਤ ਤੇ ਕਈ ਖੇਤਰਾਂ ’ਚ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਉਨ੍ਹਾਂ ਦੇ ਫ਼ੈਸਲਿਆਂ ਨੇ ਸਿੱਧ ਕਰ ਦਿੱਤਾ ਕਿ ਭਾਰਤ ਪੱਛਮ ਸਮਰਥਕ ਵਿਦੇਸ਼ ਨੀਤੀ ਦੀ ਪਾਲਣਾ ਨਾ ਕਰਦੇ ਹੋਏ ਗੁੱਟ-ਨਿਰਲੇਪ ਰੁਖ਼ ਅਪਣਾ ਰਿਹਾ ਹੈ।
ਕੁਝ ਨੇ ਇਹ ਵੀ ਅਟਕਲਾਂ ਲਗਾਈਆਂ ਹਨ ਕਿ ਮੋਦੀ ਨੇ ਤੀਜੇ ਕਾਰਜਕਾਲ ਦੀ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਲਈ ਰੂਸ ਨੂੰ ਆਪਣੀ ਮੰਜ਼ਿਲ ਠੀਕ ਉਸੇ ਸਮੇਂ ਚੁਣਿਆ ਜਦ ਅਮਰੀਕਾ ਵਿਚ ਨਾਟੋ ਗੱਠਜੋੜ ਦੇ ਮੈਂਬਰ ਦੇਸ਼ ਰੂਸ ਵਿਰੋਧੀ ਸਿਖ਼ਰ ਵਾਰਤਾ ਲਈ ਇਕੱਠੇ ਹੋ ਰਹੇ ਸਨ। ਯਾਨੀ ਭਾਰਤ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਪੱਛਮੀ ਮੁਲਕਾਂ ਦੁਆਰਾ ਸੁਝਾਈ ਗਈ ਕਿਸੇ ਲਕੀਰ ’ਤੇ ਚੱਲਣ ਵਾਲਾ ਨਹੀਂ ਹੈ। ਇਨ੍ਹਾਂ ਅਟਕਲਾਂ ਦੌਰਾਨ ਭਾਰਤ ਨੇ ਰੂਸ ਨਾਲ ਪੁਰਾਣੀ ਦੋਸਤੀ ਨੂੰ ਬਰਕਰਾਰ ਰੱਖ ਕੇ ਆਪਣੀ ਜਾਣੀ-ਪਛਾਣੀ ਰਣਨੀਤਕ ਖ਼ੁਦਮੁਖਤਾਰੀ ਦਾ ਮੁਜ਼ਾਹਰਾ ਕੀਤਾ ਹੈ।
ਹਾਲਾਂਕਿ ਇਹ ਸਿੱਟਾ ਕੱਢਣਾ ਸਹੀ ਨਹੀਂ ਹੋਵੇਗਾ ਕਿ ਭਾਰਤ ਰੂਸ ਨਾਲ ਲੰਬੇ ਅਰਸੇ ਤੋਂ ਚਲੀ ਆ ਰਹੀ ਫ਼ੌਜੀ ਭਾਈਵਾਲੀ ਨਾਲ ਪੱਛਮ ਨੂੰ ਲਲਕਾਰ ਰਿਹਾ ਹੈ। ਰੂਸ ਸਮਰਥਕਾਂ ਨੇ ਭਾਵੇਂ ਇਹ ਦਰਸਾਉਣਾ ਚਾਹਿਆ ਹੋਵੇ ਕਿ ਮੋਦੀ ਦੇ ਦੌਰੇ ਨਾਲ ਭਾਰਤ ਨੇ ਪੱਛਮ ਨੂੰ ਚੁਣੌਤੀ ਦਿੱਤੀ ਹੈ ਅਤੇ ਇਸ ਨਾਲ ਪੱਛਮੀ ਦੇਸ਼ ਈਰਖਾ ’ਚ ਸੜ ਰਹੇ ਹਨ ਪਰ ਅਸਲ ਵਿਚ ਭਾਰਤ ਦਾ ਅਜਿਹਾ ਕੋਈ ਮੰਤਵ ਨਹੀਂ ਹੈ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਰੂਸ ਨਾਲ ਆਪਣੇ ਸਬੰਧਾਂ ਨੂੰ ਪੂਰੀ ਤਰ੍ਹਾਂ ਦੁਵੱਲੇ ਸੰਦਰਭ ਦੇ ਢਾਂਚੇ ਤੋਂ ਦੇਖਦੇ ਹਾਂ ਅਤੇ ਇਸ ਭਾਗੀਦਾਰੀ ਦੇ ਮਾਧਿਅਮ ਨਾਲ ਸਾਡਾ ਪੱਛਮ ਵਿਰੁੱਧ ਮੋਰਚਾ ਖੜ੍ਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸੰਨ 2022 ਵਿਚ ਜਦ ਤੋਂ ਰੂਸ-ਯੂਕਰੇਨ ਜੰਗ ਆਰੰਭ ਹੋਈ ਹੈ, ਉਦੋਂ ਤੋਂ ਦੁਨੀਆ ਵਿਰੋਧੀ ਖੇਮਿਆਂ ਵਿਚ ਵੰਡੀ ਹੋਈ ਹੈ। ਇਸ ਸੰਦਰਭ ਵਿਚ ਰੂਸ ਪ੍ਰਤੀ ਸਾਡਾ ਰਵੱਈਆ ਹਕੀਕਤ ਤੇ ਵਿਵਹਾਰਕਤਾ ਦੇ ਆਧਾਰ ’ਤੇ ਟਿਕਿਆ ਹੋਇਆ ਹੈ। ਇਸ ’ਚ ਆਲਮੀ ਵਿਚਾਰਧਾਰਾ ਦੇ ਝਗੜੇ-ਝੇੜਿਆਂ ਦਾ ਕੋਈ ਸਵਾਲ ਨਹੀਂ ਉੱਠਦਾ।
ਭਾਰਤ ਤੇ ਰੂਸ ਦੀ ਦੋਸਤੀ ਵਕਤ ਦੀਆਂ ਕਸੌਟੀਆਂ ’ਤੇ ਜਾਂਚੀ-ਪਰਖੀ ਤੇ ਖ਼ਰੀ ਹੈ। ਭਾਰਤ ਦੇ 60 ਪ੍ਰਤੀਸ਼ਤ ਫ਼ੌਜੀ ਪਲੇਟਫਾਰਮ ਰੂਸੀ ਮੂਲ ਦੇ ਹਨ। ਭਾਰਤ ਦੀ ਤੇਲ ਦਰਾਮਦ ’ਚ ਰੂਸੀ ਹਿੱਸੇਦਾਰੀ 40 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ। ਰੱਖਿਆ ਹੋਵੇ ਜਾਂ ਊਰਜਾ, ਰੂਸ ਹੁਣ ਸਾਡੇ ਲਈ ਮੁੱਖ ਸਪਲਾਇਰ ਹੈ।
ਇਨ੍ਹਾਂ ਠੋਸ ਕਾਰਕਾਂ ਨੂੰ ਦੇਖਦੇ ਹੋਏ ਭਾਰਤ ਰੂਸ ਨਾਲ ਦੋਸਤੀ ਜਾਰੀ ਰੱਖਣੀ ਚਾਹੁੰਦਾ ਹੈ ਤੇ ਆਪਸੀ ਲੈਣ-ਦੇਣ ਵਿਚ ਉਤਪੰਨ ਹੋ ਰਹੇ ਅੜਿੱਕਿਆਂ ਤੇ ਅਸੰਤੁਲਨ ਦਾ ਹੱਲ ਕੱਢਣਾ ਚਾਹੁੰਦਾ ਹੈ। ਮੋਦੀ-ਪੁਤਿਨ ਸਿਖ਼ਰ ਵਾਰਤਾ ਮਗਰੋਂ ਕੀਤੇ ਗਏ ਐਲਾਨਾਂ ’ਚ ਕਈ ਅਜਿਹੇ ਮੁੱਦੇ ਸੁਲਝਾਉਣ ਦੇ ਸਪਸ਼ਟ ਸੰਕੇਤ ਦੇਖਣ ਨੂੰ ਮਿਲੇ ਹਨ।
ਆਭਾਰ : https://www.punjabijagran.com/editorial/general-friendship-with-mutual-interests-9381214.html
test